ਕਪੂਰਥਲਾ, (ਸਮਾਜ ਵੀਕਲੀ) (ਕੌੜਾ)– ਜ਼ਿਲ੍ਹਾ ਕਪੂਰਥਲਾ ਅਧੀਨ ਪੈਂਦੇ ਸਰਕਾਰੀ ਪ੍ਰਾਇਮਰੀ ਸਕੂਲ, ਭੰਡਾਲ ਦੋਨਾ ਵਿਖੇ ਇੰਨਰਵੀਲਜ਼ ਕਲੱਬ ਕਪੂਰਥਲਾ ਵੱਲੋਂ ਗਰੀਨ ਦੀਵਾਲੀ ਪ੍ਰੋਗਰਾਮ ਕਰਵਾਇਆ ਗਿਆ। ਸਕੂਲ ਅਧਿਆਪਕਾਂ ਅਤੇ ਇਨਰਵ੍ਹੀਲਜ਼ ਕਲੱਬ ਦੇ ਮੈਂਬਰਾਂ ਦੇ ਆਪਸੀ ਸਹਿਯੋਗ ਦੇ ਨਾਲ ਕਰਵਾਏ ਗਏ ਇਸ ਵਿਸ਼ੇਸ਼ ਪ੍ਰੋਗਰਾਮ ਵਿੱਚ ਸਕੂਲ ਦੇ ਵਿਦਿਆਰਥੀਆਂ ਨੂੰ ਜੈਵਿਕ ਖਾਦ ਬਣਾਉਣ ਸਬੰਧੀ ਜਾਣਕਾਰੀ ਦਿੱਤੀ ਗਈ। ਇੰਨਰਵੀਲਜ਼ ਕਲੱਬ ਕਪੂਰਥਲਾ ਦੇ ਪ੍ਰਧਾਨ ਡਾਕਟਰ ਮੀਨਾ ਸੇਠੀ ਨੇ ਬੱਚਿਆਂ ਨੂੰ ਜੈਵਿਕ ਖ਼ਾਦ ਬਣਾਉਣ ਅਤੇ ਉਸਦੀ ਵਰਤੋਂ ਬਾਰੇ ਮਹੱਤਵਪੂਰਨ ਜਾਣਕਾਰੀ ਦਿੰਦੇ ਦੱਸਿਆ ਕਿ ਇਹ ਵਿਸ਼ੇਸ਼ ਖ਼ਾਦ ਨਾ ਸਿਰਫ਼ ਸਾਡੀ ਧਰਤੀ ਸਗੋਂ ਸਾਡੇ ਵਾਤਾਵਰਣ, ਰੁੱਖਾਂ – ਪੌਦਿਆਂ ਅਤੇ ਸਾਡੀ ਸਿਹਤ ਲਈ ਵੀ ਬਹੁਤ ਲਾਹੇਵੰਦ ਹੈ। ਉਹਨਾਂ ਇਹ ਵੀ ਦੱਸਿਆ ਕਿ ਜੈਵਿਕ ਖ਼ਾਦ ਨਾ ਸਿਰਫ਼ ਤਿਆਰ ਕਰਨ ਵਿੱਚ ਸੌਖੀ ਹੈ ਸਗੋਂ ਇਸ ਦੇ ਨਾਲ ਕਿਸੇ ਕਿਸਮ ਦਾ ਬੁਰਾ ਪ੍ਰਭਾਵ ਜਾਂ ਪ੍ਰਦੂਸ਼ਣ ਵੀ ਪੈਦਾ ਨਹੀਂ ਹੁੰਦਾ। ਇਸ ਕਾਰਜ ਸਬੰਧੀ ਉਹਨਾਂ ਨੇ ਸਕੂਲ ਨੂੰ ਦੋ ਕੂੜਾ ਦਾਨ ਵੀ ਭੇਂਟ ਕੀਤੇ। ਜਿਨ੍ਹਾਂ ਦੀ ਸਹਾਇਤਾ ਨਾਲ ਵਿਦਿਆਰਥੀ ਸਕੂਲ ਵਿੱਚ ਵੀ ਜੈਵਿਕ ਖ਼ਾਦ ਤਿਆਰ ਕਰ ਸਕਦੇ ਹਨ। ਇਨੰਰਵੀਲਜ਼ ਕਲੱਬ ਕਪੂਰਥਲਾ ਦੇ ਅੰਤਰ ਰਾਸ਼ਟਰੀ ਮੈਂਬਰ ਡਾਕਟਰ ਸੁਰਜੀਤ ਕੌਰ ਨੇ ਵਿਦਿਆਰਥੀਆਂ ਨੂੰ ਖ਼ਾਸ ਕਰ ਕੇ ਲੜਕੀਆਂ ਨੂੰ ਆਪਣੀ ਸਰੀਰਕ ਸਫ਼ਾਈ ਵੱਲ ਧਿਆਨ ਦੇਣ ਲਈ ਪ੍ਰੇਰਿਤ ਕੀਤਾ। ਓਹਨਾਂ ਆਖਿਆ ਕਿ ਕਿਸ਼ੋਰ ਅਵਸਥਾ ਦੌਰਾਨ ਸਰੀਰਕ ਅਤੇ ਨਿੱਜੀ ਸਾਫ਼ ਸਫ਼ਾਈ ਬਹੁਤ ਜ਼ਰੂਰੀ ਹੁੰਦੀ ਹੈ। ਜਿਸ ਦੇ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਉਹਨਾਂ ਇਹ ਵੀ ਆਖਿਆ ਕਿ ਬੱਚਿਆਂ ਦੀਆਂ ਮਾਵਾਂ ਨੂੰ ਇਸ ਪੱਖ ਵੱਲ ਧਿਆਨ ਦੇਣ ਦੀ ਵਿਸ਼ੇਸ਼ ਲੋੜ ਹੈ। ਕਿਉਂਕਿ ਕਿਸੇ ਵੀ ਚੰਗੇ ਕਾਰਜ ਦੀ ਸ਼ੁਰੂਆਤ ਹਮੇਸ਼ਾ ਮਾਤਾ ਪਿਤਾ ਜਾਂ ਘਰ ਤੋਂ ਹੀ ਹੁੰਦੀ ਹੈ। ਆਏ ਹੋਏ ਮੈਂਬਰਾਂ ਨੇ ਵਾਤਾਵਰਨ ਦੀ ਸਾਂਭ ਸੰਭਾਲ ਅਤੇ ਸ਼ੁੱਧਤਾ ਉੱਤੇ ਜ਼ੋਰ ਦਿੰਦਿਆਂ ਆਖਿਆ ਕਿ ਸਾਨੂੰ ਸਭ ਨੂੰ ਮਿਲ ਕੇ ਗਰੀਨ ਦੀਵਾਲੀ ਮਨਾਉਣੀ ਚਾਹੀਦੀ ਹੈ ਤਾਂ ਜੋ ਸਿਹਤ ਅਤੇ ਵਾਤਾਵਰਨ ਉੱਤੇ ਧੂੰਏਂ ਅਤੇ ਸ਼ੋਰ ਪ੍ਰਦੂਸ਼ਣ ਦੇ ਨਾਲ ਪੈਂਦੇ ਬੁਰੇ ਪ੍ਰਭਾਵਾਂ ਤੋਂ ਬਚਿਆ ਜਾ ਸਕੇ। ਇਸ ਮਨੋਰਥ ਨੂੰ ਪੂਰਾ ਕਰਨ ਲਈ ਓਹਨਾਂ ਨੇ ਸਾਰੇ ਸਕੂਲ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਪੌਦੇ ਭੇਟ ਕੀਤੇ ਅਤੇ ਇਹ ਆਖਿਆ ਕਿ ਇਸ ਵਾਰ ਵੰਨ ਸੁਵੰਨੇ ਬੂਟੇ ਅਤੇ ਪੌਦੇ ਲਗਾ ਕੇ ਗਰੀਨ ਦੀਵਾਲੀ ਮਨਾਈ ਜਾਵੇ। ਸਮਾਗਮ ਦੇ ਅੰਤ ਵਿੱਚ ਸਕੂਲ ਇੰਚਾਰਜ ਮੈਡਮ ਮੁਨੱਜ਼ਾ ਇਰਸ਼ਾਦ, ਈ ਟੀ ਟੀ ਅਧਿਆਪਕਾ ਨੇ ਸਮੁੱਚੇ ਇੰਨਰਵੀਲਜ਼ ਕਲੱਬ ਕਪੂਰਥਲਾ ਦਾ ਧੰਨਵਾਦ ਕੀਤਾ। ਇਸ ਸਮੇਂ ਸੈਂਟਰ ਹੈਡ ਟੀਚਰ ਸ਼੍ਰੀਮਤੀ ਸਰਬਜੀਤ ਕੌਰ ਅਤੇ ਸਕੂਲ ਅਧਿਆਪਕ ਸ਼੍ਰੀਮਤੀ ਮੋਨਿਕਾ ਚੌਧਰੀ ਤੇ ਸ਼੍ਰੀ ਸੰਦੀਪ ਕੁਮਾਰ ਹਾਜ਼ਿਰ ਸਨ। ਇਸ ਵਿਸ਼ੇਸ਼ ਪ੍ਰੋਗਰਾਮ ਵਿੱਚ ਇੰਨਰਵਹੀਲਜ਼ ਕਲੱਬ ਕਪੂਰਥਲਾ ਤੋਂ ਸ਼੍ਰੀਮਤੀ ਸੋਨਿਕਾ ਗੁਪਤਾ ਡੀ.ਐੱਸ.ਈ.ਓ, ਤੇ ਸ਼੍ਰੀਮਤੀ ਕੋਮਲ ਗੁਪਤਾ ਸੈਕਟਰੀ ਇੰਨਰਵੀਲਜ਼ ਕਲੱਬ ਵੀ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



