(ਸਮਾਜ ਵੀਕਲੀ)
ਸੋਹਣੇ ਵਤਨ ਪੰਜਾਬ ਦਾ,ਕੀ ਹਾਲ ਸੁਣਾਵਾਂ,
ਜਾਂਦੇ ਹੋਏ ਵਿਰਸੇ ਨੂੰ,ਦੱਸ ਕਿਵੇਂ ਬਚਾਵਾਂ।
ਹੈ ਖਾਮੋਸ਼ ਜਿਹੀ ਅੱਜ ਜਾਪਦੀ,ਰਾਂਝੇ ਦੀ ਵੰਝਲੀ,
ਜੋ ਫੂਕਾਂ ਮਾਰ ਸੀ ਕੂਕਦੀ,ਕਦੀ ਹੋ-ਹੋ ਕਮਲੀ।
ਅੱਜ ਬੇਲੇ ਸੁੰਨੇ ਜਾਪਦੇ, ਨਾ ਵੱਗਾਂ ਦੀਆਂ ਡਾਰਾਂ,
ਸੋਹਣੇ ਵਤਨ ਪੰਜਾਬ ਦਾ, ਕੀ ਹਾਲ ਸੁਣਾਵਾਂ।
ਜਾਂਦੇ ਹੋਏ ਵਿਰਸੇ ਨੂੰ——–
ਕਿੱਥੇ ਅੱਜ ਗੁਆਚ ਗਈ , ਭੰਗੜੇ ਦੀ ਟੋਲੀ,
ਲੰਬੀ ਹੇਕ ਲਗਾ ਕੇ , ਸੀ ਜੋ ਪਾਉਂਦੀ ਬੋਲੀ।
ਇੱਥੇ ਵਗਦੀਆਂ ਮਸਤ ਹਵਾਵਾਂ ਨਾਲ,ਇਹ ਗੱਲ ਚਲਾਵਾਂ,
ਸੋਹਣੇ ਵਤਨ ਪੰਜਾਬ ਦਾ , ਕੀ ਹਾਲ ਸੁਣਾਵਾਂ।
ਜਾਂਦੇ ਹੋਏ ਵਿਰਸੇ ਨੂੰ———
ਤ੍ਰਿੰਝਣ ਵਿੱਚ ਘੂਕਰ ਪਾਉਂਦੀਆਂ,ਸਨ ਜੋ ਮੁਟਿਆਰਾਂ,
ਕਿੱਧਰ ਨੂੰ ਉਹ ਉੱਡ ਗਈਆਂ, ਕੂੰਜਾਂ ਦੀਆਂ ਡਾਰਾਂ।
ਜੋ ਦੇਸ਼ ਛੱਡ ਪ੍ਰਦੇਸ਼ ਗਈਆਂ, ਕਿੰਝ ਮੋੜ ਲਿਆਵਾਂ।
ਸੋਹਣੇ ਵਤਨ ਪੰਜਾਬ ਦਾ, ਕੀ ਹਾਲ ਸੁਣਾਵਾਂ।
ਜਾਂਦੇ ਹੋਏ ਵਿਰਸੇ ਨੂੰ——-
ਖੂਹਾਂ ਦੀ ਥਾਂ ਟਿਯੂਬੈਲਾਂ , ਆ ਛਹਿਬਰ ਲਾਈ,
ਹਲ਼,ਪੰਜਾਲੀ ਗੁੰਮ ਹੋ ਗਈ,ਟਰੈਕਟਰ ਪਾਉਣ ਦੁਹਾਈ।
ਦੱਸ ਹਾਲੀ,ਬਲਦ,ਸੁਆਣੀਆਂ ਦਾ,ਕਿਵੇਂ ਦਰਦ ਵੰਡਾਵਾਂ,
ਸੋਹਣੇ ਵਤਨ ਪੰਜਾਬ ਦਾ, ਕੀ ਹਾਲ ਸੁਣਾਵਾਂ।
ਜਾਂਦੇ ਹੋਏ ਵਿਰਸੇ ਨੂੰ——–
ਮਹਿਲਾਂ ਨਾਲੋਂ ਪਿਆਰੇ ਸੀ, ਤੇਰੇ ਲੱਗਦੇ ਕੁੱਲੇ,
ਹਨ ਕਿੱਥੇ ਅੱਜ ਗੁਆਚ ਗਏ,ਮਿੱਟੀ ਦੇ ਚੁੱਲ੍ਹੇ।
ਅੱਜ ਗੈਸ ਸਲੰਡਰ ਬਿਨਾ, ਘਰ ਕੋਈ ਟਾਵਾਂ-ਟਾਵਾਂ,
ਸੋਹਣੇ ਵਤਨ ਪੰਜਾਬ ਦਾ, ਕੀ ਹਾਲ ਸੁਣਾਵਾਂ।
ਜਾਂਦੇ ਹੋਏ ਵਿਰਸੇ ਨੂੰ———
ਅੱਜ ਘਰ-ਘਰ ਵਗਣ ਟੂੱਟੀਆਂ, ਪਾਣੀ ਦੇ ਫੁਆਰੇ,
ਘੜੇ ਰੋਂਦੇ ਖੁੰਝੀ ਲੱਗ ਕੇ, ਕਿਸਮਤ ਦੇ ਮਾਰੇ।
ਹੁਣ ਕਿਸਮਤ ਨਵੀਂ ਬਣਾਉਣ ਲਈ, ਹੀ ਕਲਮ ਚਲਾਵਾਂ,
ਸੋਹਣੇ ਵਤਨ ਪੰਜਾਬ ਦਾ , ਕੀ ਹਾਲ ਸੁਣਾਵਾਂ।
“ਰੱਤੇਵਾਲ” ਨੂੰ ਜਾਂਦੀਆਂ ਰਾਹਾਂ ਨੂੰ,ਮੈਂ ਸ਼ੀਸ਼ ਨਿਵਾਵਾਂ,
ਸੋਹਣੇ ਵਤਨ ਪੰਜਾਬ ਦਾ, ਕੀ ਹਾਲ ਸੁਣਾਵਾਂ
ਜਾਂਦੇ ਹੋਏ ਵਿਰਸੇ ਨੂੰ——–
ਬਨਾਰਸੀ ਦਾਸ ਅਧਿਆਪਕ ਰੱਤੇਵਾਲ
ਮੋ : 94635-05286
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly