ਨਵੀਂ ਦਿੱਲੀ (ਸਮਾਜ ਵੀਕਲੀ) : ਨੋਇਡਾ ਕੌਮਾਂਤਰੀ ਹਵਾਈ ਅੱਡੇ ਦਾ ਨੀਂਹ ਪੱਥਰ ਰੱਖਣ ਮਗਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਸਰਕਾਰ ਲਈ ਬੁਨਿਆਦੀ ਢਾਂਚਾ ‘ਰਾਜਨੀਤੀ’ ਨਹੀਂ ਸਗੋਂ ‘ਰਾਸ਼ਟਰ ਨੀਤੀ’ ਦਾ ਹਿੱਸਾ ਹੈ। ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ,‘‘ਅਸੀਂ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਪ੍ਰਾਜੈਕਟ ਰੁਕ ਨਾ ਜਾਣ। ਅਸੀਂ ਇਹ ਵੀ ਕੋਸ਼ਿਸ਼ ਕਰ ਰਹੇ ਹਾਂ ਕਿ ਬੁਨਿਆਦੀ ਢਾਂਚੇ ਦਾ ਕੰਮ ਤੈਅ ਸਮੇਂ ਅੰਦਰ ਮੁਕੰਮਲ ਹੋ ਜਾਵੇ।’’
ਉਨ੍ਹਾਂ ਕਿਹਾ ਕਿ ਪ੍ਰਸਤਾਵਿਤ ਕੌਮਾਂਤਰੀ ਹਵਾਈ ਅੱਡਾ ਦੇਸ਼ ਦੇ ਏਵੀਏਸ਼ਨ ਸੈਕਟਰ ਨੂੰ ਉਭਾਰਨ ’ਚ ਅਹਿਮ ਭੂਮਿਕਾ ਨਿਭਾਏਗਾ ਅਤੇ ਇਹ ਜਹਾਜ਼ਾਂ ਦੀ ਮੁਰੰਮਤ ਦਾ ਵੱਡਾ ਕੇਂਦਰ ਵੀ ਬਣੇਗਾ। ‘ਕਰੀਬ 40 ਏਕੜ ਰਕਬੇ ’ਚ ਬਣ ਰਹੇ ਹਵਾਈ ਅੱਡੇ ਨਾਲ ਸੈਂਕੜੇ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ। ਅੱਜ ਮੁਲਕ ਇਹ ਸੇਵਾਵਾਂ ਵਿਦੇਸ਼ ਤੋਂ ਲੈਣ ਲਈ ਹਜ਼ਾਰਾਂ ਕਰੋੜ ਰੁਪਏ ਖ਼ਰਚ ਕਰ ਰਿਹਾ ਹੈ। ਹੁਣ ਸਾਰੀ ਮੁਰੰਮਤ ਅਤੇ ਮੇਂਟੀਨੈਂਸ ਦਾ ਕੰਮ ਪ੍ਰਸਤਾਵਿਤ ਐੱਮਆਰਓ ਕੇਂਦਰ ’ਚ ਹੋਵੇਗਾ ਜਿਸ ਨਾਲ ਕਰੋੜਾਂ ਰੁਪਏ ਬਚਾਏ ਜਾ ਸਕਣਗੇ।’ ਪ੍ਰਧਾਨ ਮੰਤਰੀ ਨੇ ਕਿਹਾ ਕਿ 21ਵੀਂ ਸਦੀ ਦਾ ਨਵਾਂ ਭਾਰਤ ਅੱਜ ਬਿਹਤਰੀਨ ਆਧੁਨਿਕ ਬੁਨਿਆਦੀ ਢਾਂਚਾ ਤਿਆਰ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਵਧੀਆ ਸੜਕਾਂ, ਬਿਹਤਰ ਰੇਲ ਨੈੱਟਵਰਕ ਅਤੇ ਹਵਾਈ ਅੱਡੇ ਸਿਰਫ਼ ਬੁਨਿਆਦੀ ਢਾਂਚੇ ਦੇ ਪ੍ਰਾਜੈਕਟ ਨਹੀਂ ਹਨ ਸਗੋਂ ਇਨ੍ਹਾਂ ਨਾਲ ਪੂਰੇ ਖ਼ਿੱਤੇ ਅਤੇ ਲੋਕਾਂ ਦੀ ਜੀਵਨ ਸ਼ੈਲੀ ਬਦਲ ਜਾਂਦੀ ਹੈ।
ਉਨ੍ਹਾਂ ਕਿਹਾ ਕਿ ਨਵਾਂ ਕੌਮਾਂਤਰੀ ਹਵਾਈ ਅੱਡਾ ਉੱਤਰ ਭਾਰਤ ਦਾ ਲੌਜਿਸਟਿਕਸ ਗੇਟਵੇਅ ਬਣ ਜਾਵੇਗਾ ਜੋ ਨੈਸ਼ਨਲ ਗਤੀ ਸ਼ਕਤੀ ਮਾਸਟਰ ਪਲਾਨ ਦਾ ਪ੍ਰਤੀਕ ਹੈ। ਸ੍ਰੀ ਮੋਦੀ ਨੇ ਕਿਹਾ ਕਿ ਆਜ਼ਾਦੀ ਦੇ ਸੱਤ ਦਹਾਕਿਆਂ ਮਗਰੋਂ ਪਹਿਲੀ ਵਾਰ ਹੈ ਕਿ ਯੂਪੀ ਨੂੰ ਬਣਦਾ ਮਾਣ-ਸਨਮਾਨ ਮਿਲਣਾ ਸ਼ੁਰੂ ਹੋ ਗਿਆ ਹੈ। ‘ਡਬਲ ਇੰਜਣ ਸਰਕਾਰ ਦੀਆਂ ਕੋਸ਼ਿਸ਼ਾਂ ਸਦਕਾ ਅੱਜ ਯੂਪੀ ਵਧੇਰੇ ਸੰਪਰਕ ਵਾਲਾ ਸੂਬਾ ਬਣ ਗਿਆ ਹੈ।’ ਪੱਛਮੀ ਯੂਪੀ ਦੇ ਵਿਕਾਸ ਨੂੰ ਅਣਗੌਲਿਆ ਕਰਨ ਲਈ ਯੂਪੀ ਤੇ ਕੇਂਦਰ ਦੀਆਂ ਪਿਛਲੀਆਂ ਸਰਕਾਰਾਂ ’ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਸੂਬੇ ਨੂੰ ਝੂਠੇ ਸੁਪਨੇ ਦਿਖਾਏ ਗਏ। ਉਨ੍ਹਾਂ ਕਿਹਾ ਕਿ ਕੁਝ ਸਿਆਸੀ ਪਾਰਟੀਆਂ ਨੇ ਆਪਣੇ ਹਿੱਤਾਂ ਨੂੰ ਹਮੇਸ਼ਾ ਦੇਸ਼ ਨਾਲੋਂ ਜ਼ਿਆਦਾ ਤਰਜੀਹ ਦਿੱਤੀ ਜਦਕਿ ਉਨ੍ਹਾਂ ਦੀ ਸਰਕਾਰ ਨੇ ਸਬਕਾ ਸਾਥ, ਸਬਕਾ ਵਿਕਾਸ ਦਾ ਮੰਤਰ ਦਿੱਤਾ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly