(ਸਮਾਜ ਵੀਕਲੀ)-ਪਹਿਲਾਂ ਹੀ ਦੇਸ਼ ਆਰਥਿਕ ਮੰਦੀ ਦੇ ਦੌਰ ਵਿਚੋਂ ਗੁਜ਼ਰ ਰਿਹਾ ਸੀ। ਫਿਰ ਕਰੋਨਾ ਮਾਹਮਾਰੀ ਕਾਰਨ ਦੇਸ਼ ਦੇ ਅਰਥਚਾਰੇ ਦੀਆਂ ਚੂਲਾਂ ਹਿਲ ਗਈਆਂ ਹਨ। ਕਰੋਨਾ ਮਹਾਂਮਾਰੀ ਨੂੰ ਤਕਰੀਬਨ ਪੂਰੇ ਦੋ ਸਾਲ ਹੋ ਚੁੱਕੇ ਹਨ। ਦੇਸ਼ ਦੇ ਅਰਥਚਾਰੇ ਨੂੰ ਡੂੰਘੀ ਸੱਟ ਲੱਗੀ ਹੈ।ਲੱਖਾਂ ਲੋਕਾਂ ਦਾ ਰੁਜ਼ਗਾਰ ਖੁਸਿਆ ਹੈ। ਸੀਮਿਤ ਲੋਕਾਂ ਨੂੰ ਹੀ ਰੁਜ਼ਗਾਰ ਮਿਲਿਆ ਹੈ । ਜਦੋਂ ਦੁਬਾਰਾ ਅਪ੍ਰੈਲ ਮਈ2021 ਮਹੀਨੇ ਵਿੱਚ ਲਾਕਡਾਉਨ ਲਗਾ ਦਿੱਤਾ ਗਿਆ ਤਾਂ ਪਰਦੇਸੀਆਂ ਨੇ ਆਪਣੇ ਪਿੰਡ ਨੂੰ ਚਾਲੇ ਪਾ ਲਏ ਸਨ। ਸਨਅਤ ਬੁਰੀ ਤਰਾਂ ਪ੍ਰਭਾਵਿਤ ਹੋਈ ਹੈ।ਬੇਰੁਜ਼ਗਾਰੀ ਵਧ ਗਈ ਹੈ। ਮਹਿੰਗਾਈ ਸਿਖਰਾਂ ਤੇ ਪੁੱਜ ਗਈ ਹੈ।ਤੇਲ ਕੀਮਤਾਂ , ਖਾਣ ਵਾਲੀ ਹਰ ਵਸਤੂ , ਸਟੀਲ,ਲੋਹਾ, ਹੋਰ ਵੀ ਕਈ ਤੱਤਾਂ ਵਿੱਚ 13 ਫੀਸਦੀ ਤੋਂ ਵੱਧ ਵਾਧਾ ਹੋਇਆ ਹੈ। ਘਰੇਲੂ ਗੈਸ ਦੀ ਕੀਮਤ ਅੱਜ ਇਕ ਹਜ਼ਾਰ ਦੇ ਨੇੜੇ ਹੈ। ਮਹਿੰਗਾਈ ਲਗਾਤਾਰ ਬੇਲਗਾਮ ਹੁੰਦੀ ਜਾ ਰਹੀ ਹੈ।ਮਹਿੰਗਾਈ ਨੇ ਪਿਛਲੇ 12 ਸਾਲ ਦਾ ਰਿਕਾਰਡ ਤੋੜ ਦਿੱਤਾ ਹੈ। ਅੱਜ ਬਾਜ਼ਾਰ ਵਿਚ ਕੋਈ ਵੀ ਚੀਜ਼ ਅਜਿਹੀ ਨਹੀਂ ਹੈ, ਜਿਸ ਦੀ ਕੀਮਤ ਕਈ ਗੁਣਾ ਨਾਂ ਵਧੀ ਹੋਵੇ। ਖਾਣ ਪੀਣ ਵਾਲੀਆਂ ਸਾਰੀਆਂ ਵਸਤਾਂ ਦੀ ਕੀਮਤ ਲਗਾਤਾਰ ਦਿਨੋਂ ਦਿਨ ਵਧ ਰਹੀ ਹੈ। ਬਾਜ਼ਾਰ ਵਿੱਚ ਕੋਈ ਵੀ ਸਮਾਨ ਲੈਣ ਚਲੇ ਜਾਓ, ਹੱਥ ਵੀ ਨਹੀਂ ਟਿਕਦਾ। ਪਿਛਲੇ 3 ਮਹੀਨੇ ਪਹਿਲਾਂ ਕੇਂਦਰ ਸਰਕਾਰ ਰਾਹੀਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ‘ਚ 8 ਤੋਂ 10 ਰੁਪਏ ਤੱਕ ਦੀ ਛੂਟ ਦਿੱਤੀ ਗਈ। ਫਿਰ ਵੀ ਲੋਕਾਂ ਨੂੰ ਜ਼ਿਆਦਾ ਰਾਹਤ ਨਹੀਂ ਮਿਲੀ ਹੈ। ਰੋਟੀ, ਕੱਪੜਾ ਅਤੇ ਮਕਾਨ ਲੋਕਾਂ ਦੀਆਂ ਬੁਨਿਆਦੀ ਲੋੜਾਂ ਹਨ। ਮਹਿੰਗਾਈ ਤਾਂ ਲਗਾਤਾਰ ਵੱਧ ਰਹੀ ਹੈ। ਪਰ ਲੋਕਾਂ ਦੀ ਆਮਦਨ ਉਥੇ ਹੀ ਖੜੀ ਹੈ। ਤਕਰੀਬਨ ਪਿਛਲੇ 2 ਮਹੀਨੇ ਪਹਿਲਾਂ ਟਮਾਟਰ 80 ਤੋਂ 90 ਰੁਪਏ ਤਕ ਵਿਕਿਆ। ਜਿਹੜੇ ਗੁਆਂਢੀ ਦੇਸ਼ ਭਾਰਤ ਤੋਂ ਤੇਲ ਲੈਂਦੇ ਹਨ, ਉਥੇ ਤੇਲ ਕੀਮਤਾਂ ਬਹੁਤ ਘੱਟ ਹਨ। 2021 ਵਿੱਚ ਕਈ ਸੂਬਿਆਂ ਵਿੱਚ ਚੋਣਾਂ ਸਨ, ਤਾਂ ਬਿਲਕੁਲ ਵੀ ਤੇਲ ਕੀਮਤਾਂ ਜਾਂ ਰਸੋਈ ਗੈਸ ਸਿਲੰਡਰ ਦੀ ਕੀਮਤ ਵਿੱਚ ਵਾਧਾ ਨਹੀਂ ਹੋਇਆ। ਹਾਲ ਹੀ ਵਿੱਚ ਪੰਜ ਸੂਬਿਆਂ ਵਿਚ ਚੋਣਾਂ ਹੋ ਰਹੀਆਂ ਹਨ। ਤੇਲ ਕੀਮਤਾਂ ਵਿੱਚ ਬਿਲਕੁਲ ਵੀ ਵਾਧਾ ਨਹੀਂ ਹੋਇਆ ਹੈ। ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਰੂਸ ਯੂਕਰੇਨ ਜੰਗ ਚੱਲ ਰਹੀ ਹੈ। ਕੱਚੇ ਤੇਲ ਦੀਆਂ ਕੀਮਤਾਂ ਵਿਚ ਬਹੁਤ ਵਾਧਾ ਹੋਇਆ ਹੈ। ਹੋਰ ਵੀ ਮਹਿੰਗਾਈ ਵਧੇਗੀ। ਸ਼ੇਅਰ ਬਾਜ਼ਾਰ ਮੂਦੇ ਮੂੰਹ ਡਿੱਗ ਗਿਆ ਹੈ । ਸੋਨੇ ਦੀ ਕੀਮਤ 50 ਹਜ਼ਾਰ ਦੇ ਨੇੜੇ ਹੋ ਗਈ ਹੈ। ਕਿਸ ਤਰ੍ਹਾਂ ਲੋਕ ਆਪਣੇ ਧੀਆਂ-ਪੁੱਤਰਾਂ ਦੇ ਵਿਆਹ ਕਰਨਗੇ।ਪਿਆਜ ਤਾਂ ਹਮੇਸ਼ਾ ਹੀ ਹੰਝੂ ਕਢਾਉਂਦਾ ਰਹਿੰਦਾ ਹੈ। ਹਰੀ ਸਬਜ਼ੀਆਂ ਤੇ ਦਾਲਾਂ ਦੀਆਂ ਕੀਮਤਾਂ ਵੀ ਅਸਮਾਨ ਛੂਹ ਰਹੀਆਂ ਹੈ। ਖਾਣ ਪੀਣ ਨੂੰ ਤਾਂ ਸਭ ਦਾ ਵੀ ਦਿਲ ਕਰਦਾ ਹੈ। ਵਿਚਾਰਨ ਵਾਲੀ ਗੱਲ ਹੈ ਕਿ ਹੁਣ ਇਕ ਗਰੀਬ ਪਰਿਵਾਰ ਦਾ ਕੋਈ ਮੈਂਬਰ ਜਿਜ ਨੂੰ ਵੀ ਬੜੀ ਮੁਸ਼ੱਕਤ ਨਾਲ ਦਿਹਾੜੀ 400 ਰੁਪਏ ਤੱਕ ਮਿਲਦੀ ਹੈ, ਕਿਸ ਤਰ੍ਹਾਂ ਉਹ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਰਿਹਾ ਹੋਣਾ?ਬੱਚਿਆਂ ਦੀ ਫ਼ੀਸ ਵੀ ਭਰਨੀ ਹੈ। ਖੈਰ ਰੱਬ ਨਾ ਕਰੇ! ਜੇ ਕੱਲ੍ਹ ਨੂੰ ਘਰ ਵਿੱਚ ਕੋਈ ਬਿਮਾਰੀ ਆ ਜਾਂਦੀ ਹੈ, ਤਾਂ ਉਹ ਹਸਪਤਾਲ ‘ਚ ਡਾਕਟਰਾਂ ਦੀ ਫ਼ੀਸ ਤੇ ਹੋਰ ਮਹਿੰਗੇ ਟੈਸਟ ਦਵਾਈਆਂ ਲਈ ਪੈਸਾ ਕਿੱਥੋਂ ਲੈ ਕੇ ਆਏਗਾ? ਕਾਲਾ ਬਜ਼ਾਰੀਆਂ ਕਾਰਨ ਵੀ ਮਹਿੰਗਾਈ ਵਧ ਰਹੀ ਹੈ। ਇਹ ਵੀ ਮਹਿੰਗਾਈ ਵਧਾਉਣ ਲਈ ਜ਼ਿੰਮੇਵਾਰ ਹਨ। ਸਰਕਾਰਾਂ ਨੂੰ ਇਨ੍ਹਾਂ ਖਿਲਾਫ ਵੀ ਕਾਰਵਾਈ ਕਰਨੀ ਚਾਹੀਦੀ ਹੈ। ਸੂਬਾ ਸਰਕਾਰਾਂ ਨੂੰ ਕੇਂਦਰ ਸਰਕਾਰ ਨਾਲ ਮਿਲ ਕੇ ਮਹਿੰਗਾਈ ਨੂੰ ਠੱਲ੍ਹ ਪਾਉਣ ਲਈ ਠੋਸ ਨੀਤੀ ਉਲੀਕਣੀ ਚਾਹੀਦੀ ਹੈ। ਤਾਂ ਜੋ ਆਮ ਜਨਤਾ ਨੂੰ ਮਹਿੰਗਾਈ ਤੋਂ ਨਿਜਾਤ ਮਿਲ ਸਕੇ।
ਸੰਜੀਵ ਸਿੰਘ ਸੈਣੀ, ਮੋਹਾਲੀ
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly