ਮਹਿੰਗਾਈ

ਰੋਮੀ ਘੜਾਮੇਂ ਵਾਲਾ
         (ਸਮਾਜ ਵੀਕਲੀ)
ਆਟਾ, ਦਾਲ੍ਹਾਂ, ਚੋਲ਼, ਸਬਜ਼ੀਆਂ ਤੇ ਫਰੂਟ,
ਬੱਚੇ ਮੰਗਦੇ ਜਰੂਰ ਕਹਿੰਦੇ ਚਾਹੀਦੇ।
ਦੁੱਧ, ਲੱਸੀ, ਦਹੀਂ, ਖੋਆ, ਖੀਰ ਤੇ ਪਨੀਰ,
ਸਾਰੇ ਚੜ੍ਹ ਗਏ ਨੇ ਭੇਂਟ ਮਹਿੰਗਾਈ ਦੇ।
ਪੂਰੇ ਤਿੰਨ ਸੌ ਦੀ ਆਉਂਦੀ ਆਟੇ ਵਾਲੀ ਥੈਲੀ,
ਮੱਕੀ, ਕਣਕ ਏਦੂੰ ਵੀ ਮਹਿੰਗੀ ਪੈਂਦੀ ਐ।
ਸਾਫ ਤੇ ਸਫਾਈ ਫੇਰ ਕਰਨੀ ਧੁਆਈ,
ਮੁੱਲ ਆਪਣਾ ਪਿਹਾਈ ਅੱਡ ਲੈਂਦੀ ਐ।
ਕਹਿੰਦੇ ਸੀ ਚੋਲ਼ਾਂ ਨੂੰ ਕਦੇ ਭਈਆਂ ਵਾਲਾ ਖਾਣਾ,
ਹੁਣ ਖਿੱਚੜੀ ਬਣਾਕੇ ਉਹ ਵੀ ਖਾਈਦੇ।
ਦੁੱਧ, ਲੱਸੀ, ਦਹੀਂ, ਖੋਆ, ਖੀਰ ਤੇ ਪਨੀਰ,
ਸਾਰੇ ਚੜ੍ਹ ਗਏ ਨੇ ਭੇਂਟ ਮਹਿੰਗਾਈ ਦੇ।
ਆਟਾ, ਦਾਲਾਂ, ਚੋਲ਼, ਸਬਜੀਆਂ ਤੇ ਫਰੂਟ,
ਬੱਚੇ ਮੰਗਦੇ ਜਰੂਰ ਕਹਿੰਦੇ ਚਾਹੀਦੇ।
ਕਦੇ ਸੀ ਕਹਾਉਂਦੀ ਜੋ ਬਿਮਾਰਾਂ ਵਾਲੀ ਦਾਲ,
ਮੂੰਗੀ-ਮਸਰੀ ਵੀ ਢਾਈ ਸੌ ਨਾਲੋਂ ਘੱਟ ਨਈ।
ਉੜ੍ਹਦ ਤੇ ਛੋਲੇ ਪਹੁੰਚੇ ਦੋ ਸੌ ਨੱਬੇ ਤਾਈਂ,
ਸੋਇਆਬੀਨ ਨੇ ਮਚਾਈ ਪਈ ਐ ਅੱਤ ਬਈ।
ਕਾਲੇ-ਚਿੱਟੇ ਚਣੇ ਨਾਲੇ ਰਾਜਮਾਂਹ, ਮਟਰ,
ਹੁਣ ਗਿਣ-ਗਿਣ ਸਬਜ਼ੀ ਚ ਪਾਈਦੇ।
ਦੁੱਧ, ਲੱਸੀ, ਦਹੀਂ, ਖੋਆ, ਖੀਰ ਤੇ ਪਨੀਰ,
ਸਾਰੇ ਚੜ੍ਹ ਗਏ ਨੇ ਭੇਂਟ ਮਹਿੰਗਾਈ ਦੇ।
ਆਟਾ, ਦਾਲਾਂ, ਚੋਲ਼, ਸਬਜੀਆਂ ਤੇ ਫਰੂਟ,
ਬੱਚੇ ਮੰਗਦੇ ਜਰੂਰ ਕਹਿੰਦੇ ਚਾਹੀਦੇ।
ਗੋਭੀ, ਘੀਆ, ਕੱਦੂ ਨਾ ਪੰਜਾਹ ਤੋਂ ਕੋਈ ਘੱਟ,
ਟਿੰਡੇ, ਬੈਂਗਣ ਸੱਠਾਂ ਨੂੰ ਗਏ ਟੱਪ ਜੀ।
ਫ਼ਲੀਆਂ, ਕਰੇਲੇ, ਅਦਰਕ, ਅਰਬੀ ਤਾਂ,
ਲੈ ਲਉ ਪਾਈਆ-ਪਾਈਆ ਜ਼ੇਬ ਜਾਣ ਚੱਟ ਜੀ।
ਮੂਲੀ, ਤਰਾਂ, ਖੀਰਿਆਂ ਦਾ ਭੁੱਲ ਕੇ ਸਲਾਦ,
ਆਲੂ ‘ਬਾਲ਼ ਕੇ ਲਗਾ ਕੇ ਲੂਣ ਖਾਈਦੇ।
ਦੁੱਧ, ਲੱਸੀ, ਦਹੀਂ, ਖੋਆ, ਖੀਰ ਤੇ ਪਨੀਰ,
ਸਾਰੇ ਚੜ੍ਹ ਗਏ ਨੇ ਭੇਂਟ ਮਹਿੰਗਾਈ ਦੇ।
ਆਟਾ, ਦਾਲਾਂ, ਚੋਲ਼, ਸਬਜੀਆਂ ਤੇ ਫਰੂਟ,
ਬੱਚੇ ਮੰਗਦੇ ਜਰੂਰ ਕਹਿੰਦੇ ਚਾਹੀਦੇ।
ਪੈਂਤੀਆਂ ਰੁਪਈਆਂ ਦਾ ਆਉਂਦਾ ਏ ਇਕ ਸੇਬ,
ਹਾਲ ਨਾਸ਼ਪਾਤੀ ਸੰਤਰੇ ਦਾ ਵੱਖ ਨਈ।
ਲੀਚੀ, ਅਮਰੂਦ, ਕੇਲੇ, ਅੰਬ ਜੇ ਖਰੀਦੋ,
ਤਾਂ ਵੀ ਬਚਦਾ ਬੋਝੇ ਦੇ ਵਿੱਚ ਕੱਖ ਨਈ।
ਅਨਾਰ, ਚੀਕੂ, ਅਨਾਨਾਸ, ਕੀਵੀ ਤੇ ਅੰਗੂਰ,
ਹੁਣ ਫਲ਼ ਨੇ ਅਮੀਰਾਂ ਦੇ ਸਦਾਈਦੇ।
ਦੁੱਧ, ਲੱਸੀ, ਦਹੀਂ, ਖੋਆ, ਖੀਰ, ਤੇ ਪਨੀਰ,
ਸਾਰੇ ਚੜ੍ਹ ਗਏ ਨੇ ਭੇਂਟ ਮਹਿੰਗਾਈ ਦੇ।
ਆਟਾ, ਦਾਲਾਂ, ਚੋਲ਼, ਸਬਜੀਆਂ ਤੇ ਫਰੂਟ,
ਬੱਚੇ ਮੰਗਦੇ ਜਰੂਰ ਕਹਿੰਦੇ ਚਾਹੀਦੇ।
ਦੁੱਧ ਮਹਿੰਗਾ ਹੋਈ ਜਾਂਦਾ ਵਾਂਗ ਪੈਟਰੋਲ,
ਚੀਨੀ-ਪੱਤੀ ਨੇ ਮਰੋੜੀ ਪਈ ਐ ਧੋਣ ਬਈ।
ਕਾਜੂ, ਅਖਰੋਟ ਤੇ ਬਦਾਮ ਨੇ ਜੇ ਲੈਣੇ,
ਕਿਸੇ ਬੈਂਕ ਤੋਂ ਕਰਾਉਣਾ ਪੈਣਾ ਲੋਨ ਬਈ।
ਪਿਸਤਾ, ਅੰਜੀਰ, ਦਾਖਾਂ, ਆਂਵਲੇ, ਛੁਹਾਰੇ,
ਹੁਣ ਝੁੱਠੀ-ਮੁਠੀ ਖਿਆਲਾਂ ਚ ਲਿਆਈਦੇ।
ਦੁੱਧ, ਲੱਸੀ, ਦਹੀਂ, ਖੋਆ, ਖੀਰ ਤੇ ਪਨੀਰ,
ਸਾਰੇ ਚੜ੍ਹ ਗਏ ਨੇ ਭੇਂਟ ਮਹਿੰਗਾਈ ਦੇ।
ਆਟਾ, ਦਾਲਾਂ, ਚੋਲ਼, ਸਬਜੀਆਂ ਤੇ ਫਰੂਟ,
ਬੱਚੇ ਮੰਗਦੇ ਜਰੂਰ ਕਹਿੰਦੇ ਚਾਹੀਦੇ।
ਬਣੇ ਨਾਢੂੰ ਖਾਨ ਜੋ ਘੜਾਮੇਂ ਵਾਲਾ ਰੋਮੀ,
ਕਹਿੰਦਾ ਪਾਲਕ ਦਾ ਸਾਗ ਹੀ ਖਵਾ ਦਿਉ।
ਮਿਲਣਾ ਜੇ ਹੋਵੇ ਕਹਿੰਦਾ ਰੋਪੜ ਚ ਆਕੇ,
ਮੈਨੂੰ ਤੋਹਫ਼ੇ ਵਿੱਚ ਗੰਢੇ ਹੀ ਲਿਆ ਦਿਉ।
ਧਣੀਆ, ਲਸਣ, ਹਰੀ ਮਿਰਚਾਂ, ਪੁਦੀਨਾ,
ਸਭ ਪਾ ਕੇ ਹੀ ਵਗਾਰਾਂ ਨੇ ਮੰਗਾਈਦੇ।
ਦੁੱਧ, ਲੱਸੀ, ਦਹੀਂ, ਖੋਆ, ਖੀਰ ਤੇ ਪਨੀਰ,
ਸਾਰੇ ਚੜ੍ਹ ਗਏ ਨੇ ਭੇਂਟ ਮਹਿੰਗਾਈ ਦੇ।
ਆਟਾ, ਦਾਲਾਂ, ਚੋਲ੍ਹ, ਸਬਜੀਆਂ ਤੇ ਫਰੂਟ,
ਬੱਚੇ ਮੰਗਦੇ ਜਰੂਰ ਕਹਿੰਦੇ ਚਾਹੀਦੇ।
  ਰੋਮੀ ਘੜਾਮੇਂ ਵਾਲਾ। 
     98552-81105
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਪੰਜਾਬ ਦੀਏ ਨੀ ਧੀਏ
Next articleਬਲਦਾ ਰੁੱਖ