” ਮੋਹ-ਮਾਇਆ “

(ਸਮਾਜ ਵੀਕਲੀ)

ਮੇਰੇ ਮਾਤਾ ਜੀ ਰੋਟੀ ਪਕਾ ਕੇ ਹਟੇ ਸਨ । ਮੈਂ ਅਜੇ ਨਾਸ਼ਤਾ ਕਰਨ ਲਈ ਬੈਠਾ ਹੀ ਸੀ । ਹਰ ਰੋਜ ਦੀ ਤਰ੍ਹਾਂ ਮੇਰੀ ਪਤਨੀ ਰੰਜੂ ਗਲੀ ਦੇ ਛੋਟੇ ਛੋਟੇ ਕਤੂਰਿਆਂ ਨੂੰ ਦੁੱਧ ਵਿੱਚ ਬਰੈੱਡ ਪਾ ਕੇ ਦੇਣ ਤੋਂ ਬਾਅਦ ਮੇਰੇ ਕੋਲ ਆ ਬੈਠੀ। ਬੜੀ ਉਤਸੁਕਤਾ ਅਤੇ ਹੈਰਾਨੀ ਨਾਲ ਆਖਣ ਲੱਗੀ, ” ਮੈਂ ਹਰ ਰੋਜ਼ ਦੀ ਤਰ੍ਹਾਂ ਜਦੋਂ ਮੋਤੀ ਅਤੇ ਸਿਲਕੀ ( ਕੁੱਤੀ ਰੌਕਸੀ ਦੇ ਛੋਟੇ ਕਤੂਰੇ ) ਨੂੰ ਦੁੱਧ ਪਾਉਣ ਗਈ ਤਾਂ ਰੌਕਸੀ ਵੀ ਆ ਗਈ। ਮੈਂ ਸੋਚਿਆ ਕਿ ਜੇ ਮੈਂ ਕੁੱਜੇ ਵਿੱਚ ਦੁੱਧ ਪਾ ਦਿੱਤਾ ਤਾਂ ਸਾਰਾ ਦੁੱਧ ਰੌਕਸੀ ਹੀ ਪੀ ਜਾਵੇਗੀ।

ਸੋ ਮੈਂ ਰੁੱਕ ਗਈ ਕਿ ਇਹ ਪਾਸੇ ਚਲੀ ਜਾਵੇ ਤਾਂ ਪਾਵਾਂਗੀ , ਪਰ ਦਸ ਮਿੰਟ ਉਡੀਕਣ ਤੋਂ ਬਾਅਦ ਵੀ ਉਹ ਪਾਸੇ ਨਾ ਗਈ। ਹਾਰ ਕੇ ਮੈਂ ਦੁੱਧ ਕੁੱਜੇ ਵਿੱਚ ਪਾ ਦਿੱਤਾ। ਮੇਰੀ ਹੈਰਾਨੀ ਦੀ ਹੱਦ ਨਾ ਰਹੀ ਜਦੋਂ ਮੈਂ ਵੇਖਿਆ ਕਿ ਰੌਕਸੀ ਨੇ ਦੁੱਧ ਵੱਲ ਤੱਕਿਆ ਵੀ ਨਹੀਂ, ਬਲਕਿ ਆਪਣੇ ਬੱਚਿਆਂ ਨੂੰ ਦੁੱਧ ਪੀਂਦਾ ਵੇਖਦੀ ਰਹੀ। ਜਦ ਕਤਰਿਆਂ ਨੇ ਦੁੱਧ ਪੀ ਕੇ ਖਤਮ ਕਰ ਦਿੱਤਾ ਤਾਂ ਫਿਰ ਉਹ ਪਰ੍ਹੇ ਚਲੀ ਗਈ। ”

ਪਤਨੀ ਦੀ ਗੱਲ ਸੁਣ ਕੇ ਮੈਂ ਕਿਹਾ, ” ਇਹੀ ਮਾਂ ਦੀ ਮਮਤਾ ਹੁੰਦੀ ਹੈ। ਉਹ ਆਪਣੇ ਬੱਚਿਆਂ ਨੂੰ ਖਾਂਦਾ ਵੇਖ ਕੇ ਹੀ ਸੰਤੁਸ਼ਟ ਹੋ ਜਾਂਦੀ ਹੈ। ”
ਇਹ ਸਿਲਸਿਲਾ ਕਈ ਦਿਨ ਚੱਲਦਾ ਰਿਹਾ। ਇੱਕ ਦਿਨ ਤਾਂ ਹੱਦ ਹੀ ਹੋ ਗਈ। ਮੋਤੀ ਅਤੇ ਸਿਲਕੀ ਗਲੀ ਵਿੱਚ ਕਿਤੇ ਨਜ਼ਰ ਨਾ ਆਏ, ਪਰ ਰੌਕਸੀ ਦਰਵਾਜ਼ੇ ਕੋਲ ਹੀ ਬੈਠੀ ਸੀ। ਰੰਜੂ ਨੇ ਦੁੱਧ ਕੁੱਜੇ ਵਿੱਚ ਪਾ ਦਿੱਤਾ। ਰੰਜੂ ਨੂੰ ਲੱਗਿਆ ਕਿ ਕਤੂਰਿਆਂ ਦੀ ਗੈਰਹਾਜਰੀ ਵਿੱਚ ਰੌਕਸੀ ਦੁੱਧ ਪੀ ਲਵੇਗੀ।

ਰੌਕਸੀ ਉੱਠੀ ਅਤੇ ਦੁੱਧ ਦੇ ਕੁੱਜੇ ਕੋਲ ਗਈ। ਉਸ ਨੇ ਦੁੱਧ ਵੱਲ ਤੱਕਿਆ ਅਤੇ ਮੂੰਹ ਮੋੜ ਲਿਆ। ਮੇਰੀ ਪਤਨੀ ਹੱਕੀ-ਬੱਕੀ ਰਹਿ ਗਈ। ਇੰਨੀ ਦੇਰ ਤੱਕ ਕਤੂਰੇ ਆ ਗਏ ਅਤੇ ਸਾਰਾ ਦੁੱਧ ਪੀ ਗਏ ਅਤੇ ਰੌਕਸੀ ਨਾਲ ਕਲੋਲ ਕਰਨ ਲੱਗ ਪਏ। ਮੈਂ ਰੰਜੂ ਦੇ ਪਿੱਛੇ ਖੜਾ ਸਭ ਦੇਖ ਰਿਹਾ ਸੀ।

ਮੇਰੀ ਪਤਨੀ ਨੇ ਜਿਉਂ ਹੀ ਮੇਰੇ ਵੱਲ ਤੱਕਿਆ, ਮੈਂ ਕਿਹਾ, ” ਇਹਨੂੰ ਹੀ ਮੋਹ-ਮਾਇਆ ਆਖਦੇ ਹਨ। ਇਨਸਾਨ ਦੀ ਤਰ੍ਹਾਂ ਹੀ ਜਾਨਵਰ ਵੀ ਇਸ ਤੋਂ ਬਚ ਨਹੀਂ ਸਕਦੇ। ਇਸ ਮੋਹ-ਮਾਇਆ ਨੇ ਹੀ ਸੰਸਾਰ ਨੂੰ ਬੰਨਿਆਂ ਹੋਇਆ ਹੈ। ”

ਵੀਨਾ ਬਟਾਲਵੀ ( ਪੰਜਾਬੀ ਅਧਿਆਪਕਾ )
ਸ ਸ ਸ ਸਕੂਲ ਕਿਲ੍ਹਾ ਟੇਕ ਸਿੰਘ-ਬਟਾਲਾ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਭਾਸ਼ਣ ਮੁਕਾਬਲੇ ‘ਚ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਪਹਿਲੇ ਸਥਾਨ ‘ਤੇ ਰਿਹਾ
Next articleबाल दिवस (चिल्ड्रन-डे) के दिन बस सेवा बंद होने का जारी किया हुआ है फरमान