ਬ੍ਰਿਸਬਨ (ਸਮਾਜ ਵੀਕਲੀ): ਕੁਈਨਜ਼ਲੈਂਡ ਸੂਬੇ ਦੇ ਬ੍ਰਿਸਬਨ ਸ਼ਹਿਰ ਵਿੱਚ ਆਸਟਰੇਲਿਆਈ ਪਾਕਿਸਤਾਨੀ ਨੈਸ਼ਨਲ ਐਸੋਸੀਏਸ਼ਨ ਨੇ ਅਦਬੀ ਕੌਂਸਲ ਆਫ਼ ਆਸਟਰੇਲੀਆ ਅਤੇ ਇੰਡੋਜ਼ ਪੰਜਾਬੀ ਸਾਹਿਤ ਅਕਾਦਮੀ ਆਫ਼ ਆਸਟਰੇਲੀਆ (ਇਪਸਾ) ਦੇ ਸਹਿਯੋਗ ਨਾਲ ਬਹੁ-ਭਾਸ਼ਾਈ ਕਵੀ ਦਰਬਾਰ ਕਰਵਾਇਆ। ਇਸ ਵਿੱਚ ਸਥਾਨਕ ਹਿੰਦੀ, ਸਿੰਧੀ, ਪੰਜਾਬੀ, ਉਰਦੂ ਅਤੇ ਅੰਗਰੇਜ਼ੀ ਭਾਸ਼ਾ ਦੇ ਸ਼ਾਇਰਾਂ ਨੇ ਸ਼ਿਰਕਤ ਕੀਤੀ। ਅਮਰੀਕਨ ਕਾਲਜ ਦੇ ਡਾਇਰੈਕਟਰ ਡਾ. ਬਰਨਾਰਡ ਮਲਿਕ ਨੇ ਹਾਜ਼ਰੀਨਾਂ ਦਾ ਧੰਨਵਾਦ ਕਰਦਿਆਂ ਦੋਵੇਂ ਮੁਲਕਾਂ ਦੀ ਲੋਕਾਈ ’ਚ ਦੋਸਤਾਨਾਂ ਸਬੰਧਾਂ ਦੀ ਪ੍ਰੋੜਤਾ ਕੀਤੀ।
ਸਮਾਗਮ ਦੌਰਾਨ ਸ਼ਾਇਰ ਸ਼ਮੀ ਜਲੰਧਰੀ ਦੀ ਚਰਚਿਤ ਕਿਤਾਬ ‘ਇਸ਼ਕ ਮੇਰਾ ਸੁਲਤਾਨ’ ਲੋਕ ਅਰਪਣ ਕੀਤੀ ਗਈ। ਸਮਾਗਮ ਦਾ ਮੁੱਖ ਮਹਿਮਾਨ ਪਾਕਿਸਤਾਨ ਦਾ ਸਟਾਰ ਹਾਕੀ ਓਲੰਪੀਅਨ ਇਮਰਾਨ ਅਲੀ ਵਾਰਸੀ ਸੀ। ਇਸ ਮੌਕੇ ਉਰਦੂ ਦੇ ਨੌਜਵਾਨ ਸ਼ਾਇਰ ਫੈਜ਼ਲ ਸਈਅਦ ਤੇ ਪੰਜਾਬੀ ਦੇ ਨੌਜਵਾਨ ਸ਼ਾਇਰ ਰੁਪਿੰਦਰ ਸੋਜ਼, ਅਸਦ ਸ਼ਾਹ ਅਤੇ ਉਸਤਾਦ ਰਹੀਮ ਜ਼ੁਲਾਹ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਕਵੀ ਦਰਬਾਰ ਵਿੱਚ ਅਲੀ ਨਸਰ ਜਾਇਦੀ ਨੇ ਅੰਗਰੇਜ਼ੀ, ਅਜੀਤ ਕੁਮਾਰ ਨੇ ਸਿੰਧੀ, ਸੋਮਾ ਨਾਇਰ ਅਤੇ ਨੀਤੂ ਸਿੰਘ ਮਲਿਕ ਨੇ ਹਿੰਦੀ ਭਾਸ਼ਾਵਾਂ ਵਿੱਚ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਚੜ੍ਹਦੇ ਪੰਜਾਬ ਤੋਂ ਰੁਪਿੰਦਰ ਸੋਜ਼, ਸਰਬਜੀਤ ਸੋਹੀ, ਹਰਕੀ ਵਿਰਕ, ਸਤਵਿੰਦਰ ਟੀਨੂੰ, ਸੁਰਜੀਤ ਸੰਧੂ, ਪੁਸ਼ਪਿੰਦਰ ਤੂਰ, ਦਿਨੇਸ਼ ਸ਼ੇਖੂਪੁਰ, ਵਰਿੰਦਰ ਅਲੀਸ਼ੇਰ, ਪਰਮਿੰਦਰ ਸਿੰਘ ਅਤੇ ਲਹਿੰਦੇ ਪੰਜਾਬ ਤੋਂ ਖਾਲਿਦ ਭੱਟੀ, ਜਨਾਬ ਨਦੀਮ ਅਕਰਮ, ਰਾਣਾ ਸੁਹੇਲ, ਤਾਰਿਕ ਨਵੀਦ, ਫਰਹਾ ਅਮਾਰ, ਜਫ਼ਰ ਖਾਨ, ਫੈਜ਼ਲ ਸਈਅਦ, ਅਮੀਰ ਤਨਵੀਰ, ਅਲੀ ਕਾਸਮੀ, ਐਜਾਜ਼ ਖਾਨ ਆਦਿ ਨੇ ਆਪਣੀ ਬੋਲੀ ਵਿੱਚ ਕਲਾਮ, ਗਜ਼ਲਾਂ ਅਤੇ ਗੀਤ ਪੇਸ਼ ਕੀਤੇ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly