ਨਵੀਂ ਦਿੱਲੀ (ਸਮਾਜ ਵੀਕਲੀ): ਭਾਰਤ ਤੇ ਚੀਨ ਨੇ ਪੂਰਬੀ ਲੱਦਾਖ ਵਿੱਚ ਅਸਲ ਕੰਟਰੋਲ ਰੇਖਾ (ਐੱਲਏਸੀ) ਦੇ ਨਾਲ ਟਕਰਾਅ ਵਾਲੇ ਕੁਝ ਖੇਤਰਾਂ ਵਿੱਚ ਕਸ਼ੀਦਗੀ ਘਟਾਉਣ ਦੇ ਇਰਾਦੇ ਨਾਲ ਅੱਜ ਇਥੇ ਕਮਾਂਡਰ ਪੱਧਰ ਦੀ 14ਵੇਂ ਗੇੜ ਦੀ ਗੱਲਬਾਤ ਕੀਤੀ। ਐੱਲਏਸੀ ਦੇ ਨਾਲ ਚੀਨ ਵਾਲੇ ਪਾਸੇ ਚੁਸ਼ੁਲ-ਮੋਲਡੋ ਸਰਹੱਦੀ ਪੁਆਇੰਟ ’ਤੇ ਸਵੇਰੇ ਸਾਢੇ ਨੌਂ ਵਜੇ ਦੇ ਕਰੀਬ ਸ਼ੁਰੂ ਹੋਈ ਮੀਟਿੰਗ ਵਿੱਚ ਦੋਵਾਂ ਮੁਲਕਾਂ ਦੇ ਸਿਖਰਲੇ ਸੀਨੀਅਰ ਫੌਜੀ ਕਮਾਂਡਰਾਂ ਨੇ ਸ਼ਿਰਕਤ ਕੀਤੀ। ਸੂਤਰਾਂ ਨੇ ਕਿਹਾ ਕਿ ਤਿੰਨ ਮਹੀਨਿਆਂ ਦੇ ਵਕਫ਼ੇ ਮਗਰੋਂ ਹੋਈ ਫੌਜੀ ਪੱਧਰ ਦੀ ਮੀਟਿੰਗ ਦੌਰਾਨ ਹੌਟ ਸਪਰਿੰਗਜ਼ ਖੇਤਰ ’ਚੋਂ ਫੌਜਾਂ ਵਾਪਸ ਸੱਦਣ ਦੇ ਮੁੱਦੇ ਨੂੰ ਪ੍ਰਮੁੱਖਤਾ ਨਾਲ ਵਿਚਾਰਿਆ ਗਿਆ।
ਗੱਲਬਾਤ ਦੌਰਾਨ ਭਾਰਤੀ ਵਫ਼ਦ ਦੀ ਅਗਵਾਈ ਲੇਹ ਅਧਾਰਿਤ 14ਵੀਂ ਕੋਰ ਦੇ ਨਵਨਿਯੁਕਤ ਕਮਾਂਡਰ ਲੈੱਫਟੀਨੈਂਟ ਜਨਰਲ ਆਨਿੰਦਿਆ ਸੇਨਗੁਪਤਾ ਨੇ ਕੀਤੀ ਜਦੋਂਕਿ ਚੀਨੀ ਟੀਮ ਦੀ ਕਮਾਨ ਦੱਖਣੀ ਸ਼ਿਨਜ਼ਿਆਂਗ ਫੌਜ ਦੇ ਜ਼ਿਲ੍ਹਾ ਮੁਖੀ ਮੇਜਰ ਜਨਰਲ ਯੈਂਗ ਲਿਨ ਹੱਥ ਸੀ। ਸੂਤਰਾਂ ਨੇ ਕਿਹਾ ਕਿ ਮੀਟਿੰਗ ਦੌਰਾਨ ਭਾਰਤ ਨੇ ਡੇਪਸਾਂਗ ਤੇ ਡੈਮਚੋਕ ਸਮੇਤ ਹੋਰਨਾਂ ਟਕਰਾਅ ਵਾਲੇ ਖੇਤਰਾਂ ਵਿੱਚ ਚੀਨੀ ਫੌਜਾਂ ਦੀ ਛੇਤੀ ਤੋਂ ਛੇਤੀ ਵਾਪਸੀ ’ਤੇ ਜ਼ੋਰ ਦਿੱਤਾ। ਇਸ ਤੋਂ ਪਹਿਲਾਂ ਦੋਵਾਂ ਮੁਲਕਾਂ ਦਰਮਿਆਨ 13ਵੇਂ ਗੇੜ ਦੀ ਗੱਲਬਾਤ 10 ਅਕਤੂਬਰ ਨੂੰ ਹੋਈ ਸੀ, ਜੋ ਇਸ ਮਸਲੇ ਨੂੰ ਕਿਸੇ ਤਣ ਪੱਤਣ ਲਾਉਣ ’ਚ ਨਾਕਾਮ ਰਹੀ ਸੀ। ਦੋਵਾਂ ਮੁਲਕਾਂ ਦਰਮਿਆਨ ਫੌਜੀ ਪੱਧਰ ਦੀ ਗੱਲਬਾਤ ਅਜਿਹੇ ਮੌਕੇ ਹੋ ਰਹੀ ਹੈ ਜਦੋਂ ਭਾਰਤ ਨੇ ਅਜੇ ਪਿਛੇ ਦਿਨੀਂ ਪੂਰਬੀ ਲੱਦਾਖ ਵਿੱਚ ਚੀਨ ਵੱਲੋਂ ਪੈਂਗੌਗ ਝੀਲ ’ਤੇ ਕੀਤੀ ਜਾ ਰਹੀ ਪੁਲ ਦੀ ਉਸਾਰੀ ’ਤੇ ਉਜਰ ਜਤਾਇਆ ਸੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly