ਸਵਦੇਸ਼ੀ ਜੰਗੀ ਬੇੜਾ ‘ਮੋਰਮੁਗਾਓ’ ਜਲ ਸੈਨਾ ’ਚ ਸ਼ਾਮਲ

ਨਵੀਂ ਦਿੱਲੀ (ਸਮਾਜ ਵੀਕਲੀ) : ਸਵਦੇਸ਼ੀ ਮਿਜ਼ਾਈਲ ਤਬਾਹ ਕਰਨ ਵਾਲਾ ਜੰਗੀ ਬੇੜਾ ‘ਆਈਐੱਨਐੱਸ ਮੋਰਮੁਗਾਓ’ ਅੱਜ ਭਾਰਤੀ ਜਲ ਸੈਨਾ ’ਚ ਸ਼ਾਮਲ ਕੀਤਾ ਗਿਆ ਹੈ।

ਇਸ ਸਬੰਧੀ ਸਮਾਗਮ ਨੂੰ ਸੰਬੋਧਨ ਕਰਦਿਆਂ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਆਈਐੱਨਐੱਸ ਮੋਰਮੁਗਾਓ ਜੰਗੀ ਬੇੜੇ ਦਾ ਡਿਜ਼ਾਈਨ ਤੇ ਵਿਕਾਸ ਭਾਰਤ ਦੇ ਹੁਨਰ ਦਾ ਸਬੂਤ ਹੈ। ਉਨ੍ਹਾਂ ਕਿਹਾ ਕਿ ਇਸ ਦਾ ਮਕਸਦ ਭਾਰਤ ਨੂੰ ਸਵਦੇਸ਼ੀ ਜਹਾਜ਼ ਨਿਰਮਾਣ ਦਾ ਕੇਂਦਰ ਬਣਾਉਣਾ ਹੈ। ਉਨ੍ਹਾਂ ਆਈਐੱਨਐੱਸ ਮੋਰਮੁਗਾਓ ਨੂੰ ਦੇਸ਼ ਅੰਦਰ ਬਣੇ ਸਭ ਤੋਂ ਸ਼ਕਤੀਸ਼ਾਲੀ ਜੰਗੀ ਬੇੜਿਆਂ ’ਚੋਂ ਇੱਕ ਦੱਸਿਆ ਜੋ ਦੇਸ਼ ਦੀਆਂ ਸਮੁੰਦਰੀ ਸਮਰੱਥਾਵਾਂ ’ਚ ਕਾਫੀ ਵਾਧਾ ਕਰੇਗਾ ਤੇ ਕੌਮੀ ਹਿੱਤਾਂ ਨੂੰ ਸੁਰੱਖਿਅਤ ਕਰੇਗਾ।

ਉਨ੍ਹਾਂ ਕਿਹਾ ਕਿ ਇਹ ਜੰਗੀ ਬੇੜਾ ਸਾਡੇ ਦੇਸ਼ ਦੇ ਨਾਲ-ਨਾਲ ਦੁਨੀਆ ਭਰ ’ਚ ਸਾਡੇ ਮਿੱਤਰ ਮੁਲਕਾਂ ਦੀਆਂ ਮੌਜੂਦਾ ਤੇ ਭਵਿੱਖ ਦੀਆਂ ਲੋੜਾਂ ਨੂੰ ਪੂਰਾ ਕਰੇਗਾ। ਰੱਖਿਆ ਮੰਤਰੀ ਨੇ ਆਈਐੱਨਐੱਸ ਮੋਰਮੁਗਾਓ ਨੂੰ ਕਮਿਸ਼ਨ ਕਰਨ ਲਈ ਜਲ ਸੈਨਾ ਤੇ ਐੱਮਡੀਐੱਲ ਦੀ ਸ਼ਲਾਘਾ ਕੀਤੀ ਅਤੇ ਇਸ ਨੂੰ ਇੰਜਨੀਅਰਾਂ, ਤਕਨੀਸ਼ੀਅਨਾਂ, ਡਿਜ਼ਾਈਨਰਾਂ ਤੇ ਵਿਗਿਆਨੀਆਂ ਦੀ ਸਖ਼ਤ ਮਿਹਨਤ ਦਾ ਨਤੀਜਾ ਦੱਸਿਆ। ਉਨ੍ਹਾਂ ਕਿਹਾ ਕਿ ਭਾਰਤੀ ਅਰਥਚਾਰਾ ਦੁਨੀਆ ਦੇ ਪੰਜ ਅਰਥਚਾਰਿਆਂ ’ਚ ਸ਼ਾਮਲ ਹੈ ਅਤੇ ਮਾਹਿਰਾਂ ਅਨੁਸਾਰ ਇਹ 2027 ਤੱਕ ਸਿਖਰਲੇ ਤਿੰਨ ਅਰਥਚਾਰਿਆਂ ’ਚ ਸ਼ਾਮਲ ਹੋ ਜਾਵੇਗਾ। ਜ਼ਿਕਰਯੋਗ ਹੈ ਕਿ ਪੱਛਮੀ ਤੱਟ ’ਤੇ ਸਥਿਤ ਇਤਿਹਾਸਕ ਗੋਆ ਦੇ ਸਾਹਿਲੀ ਸ਼ਹਿਰ ਦੇ ਨਾਂ ’ਤੇ ਮੋਰਮੁਗਰਾਓ ਨਾਂ ਰੱਖਿਆ ਗਿਆ ਹੈ।

ਇਸ ਮੌਕੇ ਜਲ ਸੈਨਾ ਮੁਖੀ ਐਡਮਿਰਲ ਆਰ ਹਰੀ ਕੁਮਾਰ ਨੇ ਕਿਹਾ ਕਿ ਆਈਐੱਨਐੱਸ ਮੋਰਮੁਗਾਓ ਦੀ ਕਮਿਸ਼ਨਿੰਗ ਪਿਛਲੇ ਇੱਕ ਦਹਾਕੇ ’ਚ ਜੰਗੀ ਬੇੜਿਆਂ ਦੇ ਡਿਜ਼ਾਈਨ ਤੇ ਨਿਰਮਾਣ ਸਮਰੱਥਾ ’ਚ ਭਾਰਤ ਦੀ ਵੱਡੀ ਤਰੱਕੀ ਦਾ ਸੰਕੇਤ ਹੈ।

ਇਸ ਮੌਕੇ ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ, ਰੱਖਿਆ ਸਟਾਫ ਦੇ ਮੁਖੀ ਜਨਰਲ ਅਨਿਲ ਚੌਹਾਨ ਤੇ ਗੋਆ ਦੇ ਰਾਜਪਾਲ ਪੀਐੱਸ ਸ੍ਰੀਧਰਨ ਪਿੱਲੈ ਵੀ ਹਾਜ਼ਰ ਸਨ।

ਇਸੇ ਦੌਰਾਨ ਰਾਜਨਾਥ ਸਿੰਘ ਨੇ ਪੁਰਾਣਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਪੁਰਾਣਾਂ ’ਚ ਸਮੁੰਦਰ ਨੂੰ ਬਹੁਤ ਮਹੱਤਵ ਦਿੱਤਾ ਗਿਆ ਹੈ। ਉਨ੍ਹਾਂ ਜਲ ਸੈਨਿਕਾਂ ਦੇ ਜਜ਼ਬੇ ਦੀ ਸ਼ਲਾਘਾ ਕਰਦਿਆਂ ਕਿਹਾ, ‘ਤੁਸੀਂ ਸਾਡੇ ਸਮੁੰਦਰ ਦੀ ਰਾਖੀ ਕਰਦੇ ਹੋ। ਇਸ ਲਈ ਤੁਸੀਂ ਦੇਸ਼ ਦੀ ਜਾਇਦਾਦ ਤੇ ਖੁਸ਼ਹਾਲੀ ਦੀ ਵੀ ਰਾਖੀ ਕਰਦੇ ਹੋ।’

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਫ਼ਰ
Next article*ਪੋਹ ਦਾ ਮਹੀਨਾ*