
(ਸਮਾਜ ਵੀਕਲੀ) ਕਿਲ੍ਹੇ ਕਿਸੇ ਵੀ ਰਾਜ ਦਾ ਆਧਾਰ ਸਤੰਭ ਹੁੰਦੇ ਸਨ। ਕਿਸੇ ਰਾਜ ਦੀ ਰਾਜ – ਸ਼ਕਤੀ ਅਤੇ ਮਹਾਨਤਾ ਨੂੰ ਉੱਥੋਂ ਦੇ ਕਿਲ੍ਹਿਆਂ ਅਨੁਸਾਰ ਜਾਣਿਆ ਜਾਂਦਾ ਸੀ। ਕਿਲ੍ਹੇ ਸਾਡੇ ਇਤਿਹਾਸ , ਯੁੱਧਾਂ , ਹਮਲਿਆਂ , ਸ਼ਾਨ , ਰਾਜਸੀ ਤਾਕਤ ਤੇ ਸਮ੍ਰਿੱਧੀ ਦਾ ਪ੍ਰਤੀਕ ਰਹੇ ਹਨ। ਦੇਸ਼ ਦੀ ਆਜ਼ਾਦੀ ਤੋਂ ਬਾਅਦ ਇਹਨਾਂ ਕਿਲ੍ਹਿਆਂ ਤੋਂ ਰਾਜਿਆਂ ਤੇ ਰਾਜਸੀ ਪਰਿਵਾਰਾਂ ਦਾ ਅਧਿਕਾਰ ਖਤਮ ਹੋਣ ਤੋਂ ਬਾਅਦ ਇਹਨਾਂ ਕਿਲ੍ਹਿਆਂ ਦਾ ਪ੍ਰਬੰਧ ਦੇਸ਼ ਦੀ ਸਰਕਾਰ ਤੇ ਪੁਰਾਤੱਤਵ ਵਿਭਾਗ ਕੋਲ਼ ਚਲਾ ਗਿਆ। ਭਾਵੇਂ ਅੱਜ ਦੇਖ – ਰੇਖ ਅਤੇ ਮਨੁੱਖ ਦਾ ਉੱਥੇ ਰਹਿਣ – ਸਹਿਣ ਨਾ ਹੋਣ ਕਰਕੇ ਬਹੁਤ ਸਾਰੇ ਕਿਲ੍ਹੇ ਖੰਡਰ ਬਣ ਚੁੱਕੇ ਹਨ , ਪਰ ਇਹਨਾਂ ਵਿਸ਼ਾਲ ਤੇ ਆਪਣੇ ਸਮਿਆਂ ਵਿੱਚ ਜਮਾਨੇ ਦੇ ਉਸ ਦੌਰ ਸਮੇਂ ਆਪਣੀ ਵਿਲੱਖਣ ਪਹਿਚਾਣ ਤੇ ਖਾਸੀਅਤ ਰੱਖਣ ਵਾਲੇ ਗੌਰਵਸ਼ਾਲੀ ਕਿਲ੍ਹਿਆਂ ਦੀ ਦੁਨੀਆ ਭਰ ਵਿੱਚ ਅੱਜ ਵੀ ਬਹੁਤ ਅਹਿਮੀਅਤ ਹੈ ਅਤੇ ਸਾਡੇ ਦੇਸ਼ ਦੇ ਇਹ ਕਿਲ੍ਹੇ ਅੱਜ ਵੀ ਆਪਣੇ ਅੰਦਰ ਆਪਣੀ ਮਹਾਨਤਾ ਸਮੇਟੇ ਹੋਏ ਹਨ। ਕਿਲ੍ਹਿਆਂ ਨੂੰ ਆਮ ਤੌਰ ‘ਤੇ ਚਾਰ ਕਿਸਮਾਂ ਵਿੱਚ ਵੰਡਿਆ ਗਿਆ ਹੈ : ਜਲ ਕਿਲ੍ਹੇ , ਪਹਾੜੀ ਕਿਲ੍ਹੇ , ਧਨਵ ਭਾਵ ਦਲਦਲ ਤੇ ਮਾਰੂ ਭੂਮੀ ਵਿੱਚ ਸਥਿਤ ਕਿਲ੍ਹੇ , ਵਣ ਕਿਲ੍ਹੇ , ਭਾਵ ਸੰਘਣੇ ਜੰਗਲਾਂ ਵਿੱਚ ਸਥਿਤ ਕਿਲ੍ਹੇ। ਇਹਨਾਂ ਵਿੱਚੋਂ ਜਲ ਅਤੇ ਪਹਾੜੀ ਕਿਲ੍ਹਿਆਂ ਨੂੰ ਜਿਆਦਾ ਪ੍ਰਭਾਵਸ਼ਾਲੀ , ਸੁਰੱਖਿਅਤ ਤੇ ਅਹਿਮ ਮੰਨਿਆ ਗਿਆ ਹੈ। ਜਲ ਕਿਲ੍ਹਿਆਂ ਵਿੱਚੋਂ ਭਾਰਤ ਦਾ ਪਹਿਲਾ ਗੌਰਵਮਈ ਅਜੇਤੂ ਸਮੁੰਦਰੀ ਕਿਲ੍ਹਾ ਹੈ – ਮੁਰੂੜ ਜੰਜੀਰਾ। ਇਹ ਸਮੁੰਦਰੀ ਕਿਲ੍ਹਾ ਭਾਰਤ ਦੇ ਮਹਾਨ ਗੌਰਵਸ਼ਾਲੀ ਰਾਜ ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ ਤੋਂ 165 ਕਿਲੋਮੀਟਰ ਦੱਖਣ ਵੱਲ ਰਾਏਗੜ੍ਹ ਜ਼ਿਲ੍ਹੇ ਦੇ ਮੂਰੂੜ ਬੰਦਰਗਾਹ ਕੋਲ ਇੱਕ ਚੱਟਾਨੀ ਦੀਪ ‘ਤੇ ਸਥਿਤ ਹੈ। ਰਾਏਗੜ੍ਹ ਸ਼ਿਵਾਜੀ ਮਰਾਠਾ ਦੇ ਰਾਜ ਦੀ ਰਾਜਧਾਨੀ ਸੀ , ਜੋ ਇਸ ਕਿਲ੍ਹੇ ਤੋਂ ਮਹਿਜ 30 ਕਿਲੋਮੀਟਰ ਦੂਰ ਸੀ। ਦੱਸਿਆ ਜਾਂਦਾ ਹੈ ਕਿ 15 ਵੀਂ ਸਦੀ ਵਿੱਚ ਰਾਮਾਉ ਨਾਂ ਦੇ ਇੱਕ ਮਛਵਾਰੇ ਨੇ ਇੱਥੇ ਚੱਟਾਨੀ ਦੀਪ ‘ਤੇ ਲੱਕੜੀ ਦਾ ਇੱਕ ਕਿਲ੍ਹਾ ਬਣਾਇਆ ਸੀ ਅਤੇ ਫਿਰ ਅਹਿਮਦਨਗਰ ਦੇ ਨਿਜ਼ਾਮਸ਼ਾਹ ਦੇ ਸੈਨਾਪਤੀ ਪੀਰਖਾਨ ਨੇ ਇਸ ‘ਤੇ ਕਬਜ਼ਾ ਕਰਦੇ ਹੋਏ ਇੱਥੇ ਇੱਕ ਕਿਲ੍ਹਾ ਬਣਵਾਇਆ। ਉਸਨੇ ਇਸ ਸਮੁੰਦਰੀ ਕਿਲ੍ਹੇ ਦਾ ਨਾਂ ” ਜਜੀਰਾ ਮਹਿਰੂਬਾ ” ਰੱਖਿਆ , ਜਿਸ ਦਾ ਭਾਵ ਸੀ : ਪਿਆਰਾ ਦੀਪ/ ਟਾਪੂ। ਬਾਅਦ ਵਿੱਚ ਨਿਜਾਮਸ਼ਾਹ ਨੇ ਆਪਣੇ ਸਿੱਦੀ ਵਜ਼ੀਰ ਮਲਿਕ ਅੰਬਰ ਨੂੰ ਇਹ ਕਿਲ੍ਹਾ ਸੰਨ 1617 ਈਸਵੀ ਵਿੱਚ ਦਿੱਤਾ। ਫਿਰ ਸਿੱਦੀ ਇਸ ਸਮੁੰਦਰੀ ਕਿਲ੍ਹੇ ਦੇ ਮਾਲਿਕ ਬਣ ਗਏ। ਦੱਸਣਯੋਗ ਹੈ ਕਿ ਸਿੱਦੀ/ ਸੱਯਦ ਉਹ ਲੋਕ ਸਨ , ਜੋ ਵੀਹਵੀਂ ਸਦੀ ਵਿੱਚ ਇਸਲਾਮ ਧਰਮ ਕਬੂਲ ਕਰਕੇ ਪੱਛਮੀ ਤੱਟ ‘ਤੇ ਪਹੁੰਚੇ ਸਨ। ਇਹ ਸਫਲ ਵਪਾਰੀ ਤੇ ਸਾਹਸੀ ਲੋਕ ਸਨ ਤੇ ਇਹ ਲੋਕ ਮਸਾਲਿਆਂ ਦਾ ਵਪਾਰ ਕਰਦੇ ਸੀ। ਸਿੱਦੀਆਂ ਨੇ ਇਸ ਕਿਲ੍ਹੇ ਦੀ ਮਜਬੂਤ ਕਿਲ੍ਹੇਬੰਦੀ ਕੀਤੀ। ਇਸ ਨੂੰ ਆਪਣੀ ਰਾਜਧਾਨੀ ਬਣਾਇਆ ਤੇ ਸਮੁੰਦਰੀ ਫੌਜ ਦਾ ਅੱਡਾ ਬਣਾ ਦਿੱਤਾ। ਫਿਰ ਲਗਭਗ 350 ਸਾਲਾਂ ਤੱਕ ਇਸ ਕਿਲ੍ਹੇ ‘ਤੇ ਸਿੱਦੀਆਂ ਦਾ ਹੀ ਕਬਜ਼ਾ ਰਿਹਾ ਤੇ 1947 ਤੱਕ ਪੁਰਤਗਾਲੀ , ਡੱਚ , ਅੰਗਰੇਜ਼ , ਫਰਾਂਸੀਸੀ , ਮੁਗਲ ਕੋਈ ਵੀ ਇਸ ਕਿਲ੍ਹੇ ‘ਤੇ ਕਬਜ਼ਾ ਨਹੀਂ ਕਰ ਸਕੇ। ਦੇਸ਼ ਦੇ ਆਜ਼ਾਦ ਹੋਣ ਤੱਕ ਇਸ ਮੁਰੂੜ ਜੰਜੀਰਾ ਕਿਲ੍ਹੇ ‘ਤੇ ਸਿੱਦੀਆਂ ਦਾ ਰਾਜ ਕਾਇਮ ਰਿਹਾ। ਮੁਰੂੜ ਦੇ ਕੋਲ ਹੁਣ ਵੀ ਉਹਨਾਂ ਦਾ ਰਾਜ ਮਹਿਲ ਕਾਇਮ ਹੈ। ਸਮੁੰਦਰੀ ਕਿਲ੍ਹਾ ਮੁਰੂੜ ਜੰਜੀਰਾ ਤੱਕ ਪਹੁੰਚਣ ਲਈ ਲਗਭਗ ਇੱਕ ਕਿਲੋਮੀਟਰ ਸਮੁੰਦਰੀ ਮਾਰਗ ਤੈਅ ਕਰਨਾ ਪੈਂਦਾ ਹੈ। ਇਹ ਸਮੁੰਦਰੀ ਕਿਲ੍ਹਾ ਇੱਕ ਅੰਡਾਕਾਰ ਚੱਟਾਨੀ ਦੀਪ ‘ਤੇ ਸਥਿਤ ਹੈ। ਇਸ ਦਾ ਮੁੱਖ ਦੁਆਰ ਪੂਰਬ ਦਿਸ਼ਾ ਵੱਲ ਦੋ ਬੁਰਜਾਂ ਵਿਚਕਾਰ ਬਣਿਆ ਹੋਇਆ ਹੈ , ਜੋ ਕਿ ਉਦੋਂ ਹੀ ਦਿਖਾਈ ਦਿੰਦਾ ਹੈ ਜਦੋਂ ਕਿਸ਼ਤੀ ਬਿਲਕੁਲ ਇਸ ਕਿਲ੍ਹੇ ਦੇ ਕੋਲ ਪਹੁੰਚ ਜਾਂਦੀ ਹੈ। ਇਸ ਦਰਵਾਜ਼ੇ ਦੇ ਦੋਨੇੰ ਪਾਸੇ ਹਾਥੀ ਨੂੰ ਬਾਘ ਦੇ ਪੰਜਿਆਂ ਵਿੱਚ ਜਕੜੇ ਹੋਏ ਪੱਥਰ ਦੀਆਂ ਆਕ੍ਰਿਤੀਆਂ ਉੱਭਰੀਆਂ ਹੋਈਆਂ ਹਨ। ਅਪਾਤਕਾਲ ਦੀ ਸਥਿਤੀ ਵਿੱਚ ਜਾਂ ਕਿਸੇ ਹਮਲੇ ਸਮੇਂ ਬਾਹਰ ਜਾਣ ਲਈ ਜਾਂ ਸਹਾਇਤਾ ਪ੍ਰਾਪਤ ਕਰਨ ਲਈ ਇਸ ਕਿਲ੍ਹੇ ਦੇ ਪੱਛਮ ਵੱਲ ਵੀ ਬਾਹਰ ਜਾਣ ਲਈ ਦਰਵਾਜ਼ਾ/ ਰਸਤਾ ਬਣਾਇਆ ਹੋਇਆ ਹੈ। ਇਹ ਵੀ ਦੱਸਿਆ ਜਾਂਦਾ ਹੈ ਕਿ ਇਸ ਕਿਲ੍ਹੇ ਦੇ ਬਾਹਰ ਜਾਣ ਲਈ ਸਮੁੰਦਰ ਦੇ ਹੇਠਾਂ ਵੀ ਇੱਕ ਗੁਫਾ ਕੱਢੀ ਗਈ ਸੀ ਤਾਂ ਜੋ ਕਿਸੇ ਮੁਸ਼ਕਿਲ ਸਮੇਂ ਰਾਜ – ਪਰਿਵਾਰ ਸੁਰੱਖਿਅਤ ਕਿਲ੍ਹੇ ਤੋਂ ਬਾਹਰ ਨਿਕਲ ਸਕੇ ਤੇ ਦੁਸ਼ਮਣ ਨੂੰ ਭਿਣਕ ਵੀ ਨਾ ਲੱਗੇ। ਇਸ ਕਿਲ੍ਹੇ ਦੀਆਂ ਤੋਪਾਂ ਬਹੁਤ ਉੱਤਮ ਦਰਜੇ ਦੀਆਂ ਸਨ। ਆਮ ਲੋਕਾਂ ਦਾ ਮੰਨਣਾ ਹੈ ਕਿ 1972 ਤੋਂ ਬਾਅਦ ਇੱਥੇ ਰਹਿਣ ਵਾਲੇ ਸਾਰੇ ਲੋਕ ਰੁਜ਼ਗਾਰ ਦੀ ਘਾਟ ਤੇ ਹੋਰ ਕਾਰਨਾਂ ਕਰਕੇ ਇਸ ਕਿਲ੍ਹੇ ਨੂੰ ਹਮੇਸ਼ਾ ਲਈ ਛੱਡ ਕੇ ਆਲ਼ੇ – ਦੁਆਲ਼ੇ ਚਲੇ ਗਏ। ਭਾਵੇਂ ਕਿ ਹੁਣ ਇਹ ਸਮੁੰਦਰੀ ਕਿਲ੍ਹਾ ਖੰਡਰ ਤੇ ਵਿਰਾਨ ਬਣ ਗਿਆ ਹੈ , ਪ੍ਰੰਤੂ ਆਪਣੇ ਸਮੇਂ ਦੌਰਾਨ ਇੱਥੇ ਮਸਜਿਦ , ਸ਼ਾਹੀ ਮਹਿਲ , ਸਕੂਲ , ਮਿੱਠੇ ਪਾਣੀ ਦੇ ਸਰੋਤ ਵੱਡੇ ਤਲਾਬ , ਮਕਾਨ , ਛੋਟੇ ਖੇਤ , ਇਸ਼ਨਾਨ ਘਰ ਆਦਿ ਸਨ। ਹੁਣ ਇਹ ਸਮੁੰਦਰੀ ਕਿਲ੍ਹਾ ਮੁਰੂੜ ਜੰਜੀਰਾ ਇੱਕ ਪ੍ਰਸਿੱਧ ਸੈਰਗਾਹ ਬਣ ਗਈ ਹੈ। ਬਹੁਤ ਸਾਰੇ ਸੈਲਾਨੀ ਇੱਥੇ ਜਾ ਕੇ ਜਿੱਥੇ ਵਿਸ਼ਾਲ ਸਮੁੰਦਰ ਦਾ ਅਨੰਦ ਮਾਣਦੇ ਹਨ , ਉੱਥੇ ਹੀ ਭਾਰਤ ਦੇ ਇਸ ਪਹਿਲੇ ਮਹਾਨ ਗੌਰਵਮਈ ਅਜੇਤੂ ਸਮੁੰਦਰੀ ਕਿਲ੍ਹੇ ਨੂੰ ਦੇਖ ਕੇ ਇੱਕ ਵੱਖਰਾ ਅਨੰਦ , ਅਨੁਭਵ ਤੇ ਅਲੌਕਿਕ ਦਿੱਖ ਦਾ ਤੇ ਬੀਤੇ ਇਤਿਹਾਸ ਦਾ ਗਿਆਨ ਦੇਖ – ਸਮਝ ਕੇ ਆਪਣੇ ਦੇਸ਼ ਤੇ ਇਸਦੀ ਵਿਚਿੱਤਰਤਾ ਨੂੰ ਵੀ ਸਮਝਦੇ ਹਨ। ਇਹ ਵੀ ਸੋਚਣ – ਸਮਝਣ ਵਾਲੀ ਗੱਲ ਹੈ ਕਿ ਉਸ ਸਮੇਂ ਇੱਥੇ ਰਹਿਣ ਵਾਲ਼ੇ ਹਰ ਆਮ – ਖਾਸ ਲੋਕ ਰਾਤ ਸਮੇਂ ਕਿਵੇਂ ਸ਼ਾਂਤਮਈ ਢੰਗ ਨਾਲ ਰੰਗ – ਬਿਰੰਗੇ ਆਕਾਸ਼ , ਟਿਮਟਿਮਾਉਂਦੇ ਤਾਰਿਆਂ , ਚੰਨ , ਰੁਮਕਦੀਆਂ ਹਵਾਵਾਂ ਅਤੇ ਵਿਸ਼ਾਲ ਸਮੁੰਦਰ ਤੇ ਉਸਦੀਆਂ ਲਹਿਰਾਂ ਦਾ ਦੇਖ – ਸੁਣ ਕੇ ਤੇ ਅਨੁਭਵ ਕਰਦੇ ਹੋਏ ਕਿੰਨਾ ਅਨੰਦ ਮਾਣਦੇ ਹੋਣਗੇ। ਅੱਜ ਕਿਲ੍ਹਾ ਮੁਰੂੜ ਜੰਜੀਰਾ ਸੱਚਮੁੱਚ ਬਹੁਤ ਵਧੀਆ , ਵਿਲੱਖਣ ਤੇ ਕੁਦਰਤੀ ਦਿੱਖ ਵਾਲ਼ੀ ਸੈਰਗਾਹ ਹੈ , ਜੋ ਹਰ ਕਿਸੇ ਸੈਲਾਨੀ ‘ਤੇ ਆਪਣੀ ਅਮਿੱਟ ਛਾਪ ਛੱਡਦਾ ਹੈ।