ਪੇਈਚਿੰਗ (ਸਮਾਜ ਵੀਕਲੀ): ਚੀਨ ਵਿੱਚ ਭਾਰਤ ਦੇ ਨਵੇਂ ਸਫ਼ੀਰ ਪ੍ਰਦੀਪ ਕੁਮਾਰ ਰਾਵਤ ਨੇ ਅੱਜ ਅਹੁਦਾ ਸੰਭਾਲ ਲਿਆ ਹੈ। ਰਾਵਤ 4 ਮਾਰਚ ਨੂੰ ਚੀਨ ਪਹੁੰਚ ਗਏ ਸਨ ਅਤੇ ਕਰੋਨਾ ਨੇਮਾਂ ਦਾ ਪਾਲਣ ਕਰਦਿਆਂ ਇਕਾਂਤਵਾਸ ਸਨ। ਚੀਨ ਵਿੱਚ ਭਾਰਤੀ ਸਫ਼ਾਰਤਖਾਨੇ ਨੇ ਟਵੀਟ ਕੀਤਾ, ‘‘ਚੀਨ ਵਿੱਚ ਭਾਰਤ ਦੇ ਨਵੇਂ ਸਫ਼ੀਰ ਪ੍ਰਦੀਪ ਕੁਮਾਰ ਰਾਵਤ ਨੇ ਅੱਜ ਅਹੁਦਾ ਸੰਭਾਲ ਲਿਆ ਹੈ।’’ ਰਾਵਤ ਤੋਂ ਪਹਿਲਾਂ ਵਿਕਰਮ ਮਿਸਰੀ ਚੀਨ ਵਿੱਚ ਭਾਰਤੀ ਸਫ਼ੀਰ ਸਨ, ਜਿਨ੍ਹਾਂ ਨੂੰ ਉੱਪ ਕੌਮੀ ਸੁਰੱਖਿਆ ਸਲਾਹਕਾਰ ਨਿਯੁਕਤ ਕੀਤਾ ਗਿਆ ਹੈ। ਰਾਵਤ, ਜਿਹੜੇ ਕਿ 1990 ਬੈਚ ਦੇ ਭਾਰਤੀ ਵਿਦੇਸ਼ ਸੇਵਾ (ਆਈਆਰਐੱਸ) ਅਧਿਕਾਰੀ ਹਨ, ਇਸ ਤੋਂ ਪਹਿਲਾਂ ਨੈਦਰਲੈਂਡਜ਼ ਵਿੱਚ ਭਾਰਤੀ ਸਫ਼ੀਰ ਵਜੋਂ ਸੇਵਾਵਾਂ ਦੇ ਰਹੇ ਸਨ। ਪ੍ਰਦੀਪ ਕੁਮਾਰ ਰਾਵਤ ਦੀ ਨਿਯੁਕਤੀ ਅਜਿਹੇ ਸਮੇਂ ਕੀਤੀ ਗਈ ਹੈ, ਜਦੋਂ ਦੋਵਾਂ ਦੇਸ਼ਾਂ (ਭਾਰਤ-ਚੀਨ) ਵਿਚਾਲੇ ਪੂਰਬੀ ਲੱਦਾਖ ਸਰਹੱਦ ’ਤੇ ਤਣਾਅ ਬਣਿਆ ਹੋਇਆ ਹੈ। ਉਹ ਇਸ ਤੋਂ ਪਹਿਲਾਂ ਹਾਂਗਕਾਂਗ ਤੇ ਪੇਈਚਿੰਗ ਵਿੱਚ ਸੇਵਾਵਾਂ ਦੇ ਚੁੱਕੇ ਹਨ ਅਤੇ ਇੰਡੋਨੇਸ਼ੀਆ ਤੇ ਤਿਮੋਰ-ਲੇਸਤੇ ਵਿੱਚ ਭਾਰਤੀ ਸਫ਼ੀਰ ਰਹੇ ਹਨ। ਉਨ੍ਹਾਂ ਨੂੰ ਮੰਦਾਰਿਨ ਭਾਸ਼ਾ ਬੋਲਣ ਵਿੱਚ ਮੁਹਾਰਤ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly