ਨਵੀਂ ਦਿੱਲੀ (ਸਮਾਜ ਵੀਕਲੀ): ਭਾਰਤ ਵਿੱਚ ਯੂਕਰੇਨ ਦੇ ਰਾਜਦੂਤ ਇਗੋਰ ਪੋਲਿਖਾ ਨੇ ਰੂਸ ਨਾਲ ਜਾਰੀ ਟਕਰਾਅ ਦਰਮਿਆਨ ਭਾਰਤ ਦੇ ਦਖ਼ਲ ਦੀ ਮੰਗ ਕਰਦਿਆਂ ਅੱਜ ਕਿਹਾ ਕਿ ਭਾਰਤ ਦੀ ‘ਬੁਲੰਦ ਆਵਾਜ਼’ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੂੰ ਸੋਚਣ ਲਈ ਮਜਬੂਰ ਕਰ ਸਕਦੀ ਹੈ। ਯੂਕਰੇਨੀ ਰਾਜਦੂਤ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਮੁਲਕ ਦੀ ‘ਮਜ਼ਬੂਤ ਆਲਮੀ ਧਿਰ’ ਵਜੋਂ ਤਾਰੀਫ਼ ਕੀਤੀ। ਯੂਕਰੇਨੀ ਰਾਜਦੂਤ ਨੇ ਭਾਰਤ ਦੇ ਵਿਦੇਸ਼ ਮੰਤਰਾਲੇ ਵੱਲੋਂ ਅਪਣਾਏ ਪੈਂਤੜੇ ਦੀ ਨੁਕਤਾਚੀਨੀ ਕਰਦਿਆਂ ਕਿਹਾ ਕਿ ਉਹ ਇਸ ਤੋਂ ਬਿਲਕੁਲ ਵੀ ਸੰਤੁਸ਼ਟ ਨਹੀਂ ਹਨ।
ਰਾਜਦੂਤ ਨੇ ਕਿਹਾ, ‘ਵਿਦੇਸ਼ ਮੰਤਰਾਲੇ ਵਲੋਂ ਇਹ ਕਹਿਣਾ ਕਿ ਭਾਰਤ (ਯੂਕਰੇਨ ਦੇ) ਹਾਲਾਤ ’ਤੇ ਨੇੜਿਓਂ ਨਜ਼ਰ ਰੱਖ ਰਿਹੈ। ਭਾਰਤ ਦੇ ਇਸ ਸਟੈਂਡ ਤੋਂ ਸਾਡੀ ਬਿਲਕੁਲ ਵੀ ਤਸੱਲੀ ਨਹੀਂ ਹੈ। ਇਸ ਦਾ ਕੀ ਮਤਲਬ ਹੈ ਕਿ ਨੇੜਿਓਂ ਵੇਖ ਰਹੇ ਹਾਂ? ਹੁਣ ਤੱਕ 50 ਵਿਅਕਤੀ ਮਾਰੇ ਗੲੇ ਹਨ। ਜਦੋਂ ਇਸ ਹਮਲੇ ਵਿੱਚ ਸੈਂਕੜੇ ਤੇ ਹਜ਼ਾਰਾਂ ਲੋਕ ਮਾਰੇ ਜਾਣਗੇ ਤਾਂ ਕੀ ਬਣੇਗਾ? ਕੀ ਉਦੋਂ ਹੋਰ ਨੇੜਿਓਂ ਵੇਖੋਗੇ।’’ ਯੂਕਰੇਨੀ ਰਾਜਦੂਤ ਨੇ ਸਾਫ਼ ਕਰ ਦਿੱਤਾ ਕਿ ਉਨ੍ਹਾਂ ਦਾ ਮੁਲਕ ਆਸ ਕਰਦਾ ਹੈ ਕਿ ਭਾਰਤ, ਰੂਸ ਨਾਲ ਆਪਣੇ ਵਿਸ਼ੇਸ਼ ਤੇ ਰਣਨੀਤਕ ਰਿਸ਼ਤਿਆਂ ਦੇ ਚਲਦਿਆਂ ਇਸ ਪੂਰੇ ਮਾਮਲੇ ’ਚ ਸਰਗਰਮ ਭੂਮਿਕਾ ਨਿਭਾਵੇ।’’
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly