- ਭਾਰਤ ਤੇ ਰੂਸ ਵਿਚਕਾਰ ਛੇ ਲੱਖ ਏਕੇ-203 ਅਸਾਲਟ ਰਾਈਫਲਾਂ ਬਣਾਉਣ ਸਣੇ 28 ਸਮਝੌਤਿਆਂ ’ਤੇ ਦਸਤਖ਼ਤ
ਨਵੀਂ ਦਿੱਲੀ (ਸਮਾਜ ਵੀਕਲੀ): ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਅੱਜ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵਿਆਪਕ ਪੱਧਰ ਦੀ ਗੱਲਬਾਤ ਦੌਰਾਨ ਭਾਰਤ ਨੂੰ ਮਹਾਨ ਸ਼ਕਤੀ, ਇਕ ਦੋਸਤਾਨਾ ਰਾਸ਼ਟਰ ਅਤੇ ਪਰਖਿਆ ਹੋਇਆ ਦੋਸਤ ਦੱਸਿਆ। ਉਨ੍ਹਾਂ ਅਤਿਵਾਦ, ਨਸ਼ਾ ਤਸਕਰੀ ਅਤੇ ਸੰਗਠਿਤ ਅਪਰਾਧਾਂ ਸਬੰਧੀ ਆਮ ਚਿੰਤਾਵਾਂ ਬਾਰੇ ਵੀ ਗੱਲ ਕੀਤੀ। ਇਸ ਦੌਰਾਨ ਪੂਤਿਨ ਨੇ ਅਫ਼ਗਾਨਿਸਤਾਨ ਦੇ ਹਾਲਾਤ ’ਤੇ ਚਿੰਤਾ ਜ਼ਾਹਿਰ ਕੀਤੀ ਅਤੇ ਕਿਹਾ ਕਿ ਖਿੱਤੇ ਵਿਚ ਦਰਪੇਸ਼ ਪ੍ਰਮੁੱਖ ਚੁਣੌਤੀਆਂ ਦੇ ਮੁਕਾਬਲੇ ਲਈ ਭਾਰਤ ਤੇ ਰੂਸ ਸਹਿਯੋਗ ਜਾਰੀ ਰੱਖਣਗੇ।
ਪੂਤਿਨ ਨੇ ਆਪਣੀਆਂ ਸ਼ੁਰੂਆਤੀ ਟਿੱਪਣੀਆਂ ਵਿਚ ਕਿਹਾ, ‘‘ਅਸੀਂ ਭਾਰਤ ਨੂੰ ਇਕ ਮਹਾਨ ਸ਼ਕਤੀ, ਇਕ ਦੋਸਤਾਨਾ ਰਾਸ਼ਟਰ ਅਤੇ ਇਕ ਪਰਖਿਆ ਹੋਇਆ ਦੋਸਤ ਸਮਝਦੇ ਹਾਂ। ਸਾਡੇ ਦੋਹਾਂ ਦੇਸ਼ਾਂ ਵਿਚਾਲੇ ਸਬੰਧ ਵਧ ਰਹੇ ਹਨ ਅਤੇ ਮੈਂ ਭਵਿੱਖ ਵੱਲ ਦੇਖ ਰਿਹਾ ਹਾਂ।’’ ਪੂਤਿਨ ਨੇ ਕਿਹਾ ਕਿ ਦੋਵੇਂ ਦੇਸ਼ਾਂ ਵੱਲੋਂ ਕੌਮਾਂਤਰੀ ਮੁੱਦਿਆਂ ’ਤੇ ਇਕ-ਦੂਜੇ ਨੂੰ ਸਹਿਯੋਗ ਜਾਰੀ ਹੈ ਅਤੇ ਕਈ ਮੁੱਦਿਆਂ ’ਤੇ ਦੋਵੇਂ ਦੇਸ਼ਾਂ ਦਾ ਨਜ਼ਰੀਆ ਇਕੋ ਵਰਗਾ ਹੈ।
ਰੂਸੀ ਰਾਸ਼ਟਰਪਤੀ ਨੇ ਕਿਹਾ, ‘‘ਕੁਦਰਤੀ, ਅਸੀਂ ਉਸ ਹਰ ਗੱਲ ਨੂੰ ਲੈ ਕੇ ਚਿੰਤਤ ਹਾਂ ਜਿਸ ਦਾ ਸਬੰਧ ਅਤਿਵਾਦ ਨਾਲ ਹੈ। ਮੇਰਾ ਮਤਲਬ ਅਤਿਵਾਦ, ਨਸ਼ਾ ਤਸਕਰੀ ਅਤੇ ਸੰਗਠਿਤ ਅਪਰਾਧ ਖ਼ਿਲਾਫ਼ ਲੜਾਈ ਤੋਂ ਹੈ ਅਤੇ ਇਸੇ ਤਰ੍ਹਾਂ ਅਸੀਂ ਅਫ਼ਗਾਨਿਸਤਾਨ ਦੇ ਹਾਲਾਤ ਨੂੰ ਲੈ ਕੇ ਵੀ ਚਿੰਤਤ ਹਾਂ।’’ ਰੂਸੀ ਆਗੂ ਨੇ ਵਾਤਾਵਰਨ, ਵਪਾਰ ਅਤੇ ਨਿਵੇਸ਼ ਤੋਂ ਇਲਾਵਾ ਉੱਚ ਪੱਧਰੀ ਤਕਨਾਲੋਜੀ ’ਚ ਭਾਰਤ ਤੇ ਰੂਸ ਵਿਚਾਲੇ ਵਧ ਰਹੇ ਸਹਿਯੋਗ ਦਾ ਜ਼ਿਕਰ ਵੀ ਕੀਤਾ।
ਉੱਧਰ, ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, ‘‘ਰੂਸੀ ਰਾਸ਼ਟਰਪਤੀ ਨੇ ਕਿਹਾ ਕਿ ਉਹ ਭਾਰਤ ਆ ਕੇ ਬਹੁਤ ਖੁਸ਼ ਹਨ। ਪਿਛਲੇ ਕੁਝ ਦਹਾਕਿਆਂ ਵਿਚ ਵਿਸ਼ਵ ਵਿਚ ਕਾਫੀ ਬੁਨਿਆਦੀ ਤਬਦੀਲੀਆਂ ਆਈਆਂ ਅਤੇ ਕਈ ਤਰ੍ਹਾਂ ਦੇ ਭੂ-ਰਾਜਨੀਤਕ ਸਮੀਕਰਨ ਬਣੇ ਪਰ ਭਾਰਤ ਤੇ ਰੂਸ ਦੀ ਦੋਸਤੀ ਉਸੇ ਤਰ੍ਹਾਂ ਰਹੀ।’’ ਉਨ੍ਹਾਂ ਕਿਹਾ, ‘‘ਕੋਵਿਡ-19 ਮਹਾਮਾਰੀ ਦੌਰਾਨ ਪੂਤਿਨ ਦਾ ਦੂਜਾ ਦੌਰਾ ਭਾਰਤ ਤੇ ਰੂਸ ਦੇ ਸਮਝੌਤਿਆਂ ਸਬੰਧੀ ਉਨ੍ਹਾਂ ਦੀ ਨਿੱਜੀ ਵਚਨਬੱਧਤਾ ਨੂੰ ਦਰਸਾਉਂਦਾ ਹੈ ਅਤੇ ਇਹ ਵੀ ਦਰਸਾਉਂਦਾ ਹੈ ਕਿ ਦੋਹਾਂ ਦੇਸ਼ਾਂ ਵਿਚਾਲੇ ਵਿਸ਼ੇਸ਼ ਰਣਨੀਤਕ ਭਾਈਵਾਲੀ ਮਜ਼ਬੂਤ ਹੋ ਰਹੀ ਹੈ।’’ ਇਹ ਸੰਮੇਲਨ ਦੋਹਾਂ ਦੇਸ਼ਾਂ ਵਿਚਾਲੇ ਹੋਈ ਮੰਤਰੀ ਪੱਧਰ ਦੀ ‘2+2’ ਗੱਲਬਾਤ ਤੋਂ ਕੁਝ ਘੰਟੇ ਬਾਅਦ ਹੋਇਆ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly