
(ਸਮਾਜ ਵੀਕਲੀ) ਜਦੋਂ ਭਾਰਤ ਨੇ ਆਜ਼ਾਦੀ ਪ੍ਰਾਪਤ ਕੀਤੀ, ਦੇਸ਼ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਇੱਕ ਨਿਆਂਸੰਗਤ ਅਤੇ ਬਰਾਬਰੀ ਵਾਲਾ ਸਮਾਜ ਬਣਾਉਣ ਦੀ ਸੀ। ਇਸ ਮਹੱਤਵਪੂਰਨ ਕੰਮ ਵਿੱਚ ਡਾ. ਭੀਮ ਰਾਓ ਅੰਬੇਡਕਰ ਦੀ ਭੂਮਿਕਾ ਬੇਮਿਸਾਲ ਰਹੀ। ਉਹਨਾਂ ਨੂੰ 1947 ਤੋਂ 1951 ਤੱਕ ਆਜ਼ਾਦ ਭਾਰਤ ਦਾ ਪਹਿਲਾ ਕਾਨੂੰਨ ਮੰਤਰੀ ਬਣਾਇਆ ਗਿਆ। ਇਹ ਸਿਰਫ਼ ਇੱਕ ਅਹੁਦਾ ਨਹੀਂ ਸੀ, ਸਗੋਂ ਨਵੇਂ ਭਾਰਤ ਦੀ ਨਿਆਂ ਪ੍ਰਣਾਲੀ ਦੀ ਮਜ਼ਬੂਤ ਨੀਂਹ ਰੱਖਣ ਦੀ ਵੱਡੀ ਜ਼ਿੰਮੇਵਾਰੀ ਸੀ, ਜਿਸਨੂੰ ਉਹਨਾਂ ਨੇ ਬਹੁਤ ਸੂਝਬੂਝ ਅਤੇ ਦ੍ਰਿੜਤਾ ਨਾਲ ਨਿਭਾਇਆ। ਡਾ. ਅੰਬੇਡਕਰ ਦਾ ਜਨਮ 14 ਅਪ੍ਰੈਲ 1891 ਨੂੰ ਮਹੂ (ਮੱਧ ਪ੍ਰਦੇਸ਼) ਵਿੱਚ ਹੋਇਆ। ਉਹਨਾਂ ਦੇ ਪਿਤਾ ਰਾਮਜੀ ਮਾਲੋਜੀ ਸਾਕਪਾਲ ਫੌਜ ਵਿੱਚ ਸੇਵਾ ਕਰਦੇ ਸਨ ਅਤੇ ਮਾਤਾ ਭੀਮਾਬਾਈ ਘਰੇਲੂ ਔਰਤ ਸਨ। ਉਹਨਾਂ ਨੇ ਆਪਣੀ ਮੁੱਢਲੀ ਪੜ੍ਹਾਈ ਸਤਾਰਾ ਅਤੇ ਬੰਬਈ ਵਿੱਚ ਕੀਤੀ। ਬਾਅਦ ਵਿੱਚ ਉੱਚ ਸਿੱਖਿਆ ਲਈ ਉਹ ਅਮਰੀਕਾ ਦੀ ਕੋਲੰਬੀਆ ਯੂਨੀਵਰਸਿਟੀ ਗਏ, ਜਿੱਥੇ ਉਹਨਾਂ ਨੇ ਐਮ.ਏ. ਅਤੇ ਪੀ.ਐਚ.ਡੀ. ਕੀਤੀ। ਇਸ ਤੋਂ ਇਲਾਵਾ ਉਹ ਇੰਗਲੈਂਡ ਵਿੱਚ ਵੀ ਪੜ੍ਹੇ ਅਤੇ ਕਾਨੂੰਨ ਦੀ ਡਿਗਰੀ ਹਾਸਲ ਕੀਤੀ। ਓਹਨਾ ਨੂੰ ਮਰਨ ਉਪਰੰਤ 1990 ਵਿੱਚ ਸਰਵਉੱਚ ਸਨਮਾਨ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਗਿਆ। ਕਾਨੂੰਨ ਮੰਤਰੀ ਵਜੋਂ ਉਹਨਾਂ ਦਾ ਸਭ ਤੋਂ ਵੱਡਾ ਯੋਗਦਾਨ ਭਾਰਤ ਦੇ ਸੰਵਿਧਾਨ ਦੀ ਤਿਆਰੀ ਵਿੱਚ ਸੀ। ਉਹ ਸੰਵਿਧਾਨ ਬਣਾਉਣ ਵਾਲੀ ਡਰਾਫਟਿੰਗ ਕਮੇਟੀ ਦੇ ਮੁਖੀ ਸਨ। ਉਹਨਾਂ ਨੇ ਕਈ ਦੇਸ਼ਾਂ ਦੇ ਸੰਵਿਧਾਨਾਂ ਦਾ ਅਧਿਐਨ ਕਰਕੇ ਭਾਰਤ ਲਈ ਇੱਕ ਮਜ਼ਬੂਤ ਅਤੇ ਨਿਆਂਸੰਗਤ ਸੰਵਿਧਾਨ ਤਿਆਰ ਕੀਤਾ। ਇਸ ਵਿੱਚ ਹਰ ਨਾਗਰਿਕ ਲਈ ਬਰਾਬਰੀ, ਆਜ਼ਾਦੀ ਅਤੇ ਅਧਿਕਾਰਾਂ ਦੀ ਗਾਰੰਟੀ ਦਿੱਤੀ ਗਈ। ਖਾਸ ਕਰਕੇ ਕਮਜ਼ੋਰ ਅਤੇ ਪਿੱਛੜੇ ਵਰਗਾਂ ਦੀ ਰੱਖਿਆ ਲਈ ਖਾਸ ਪ੍ਰਬੰਧ ਕੀਤੇ ਗਏ। ਇਸ ਕਰਕੇ ਉਹਨਾਂ ਨੂੰ “ਸੰਵਿਧਾਨ ਦਾ ਰਚੇਤਾ ” ਕਿਹਾ ਜਾਂਦਾ ਹੈ। ਡਾ. ਅੰਬੇਡਕਰ ਸਿਰਫ਼ ਕਾਨੂੰਨ ਦੇ ਵਿਦਵਾਨ ਹੀ ਨਹੀਂ ਸਨ, ਸਗੋਂ ਸਮਾਜ ਸੁਧਾਰਕ ਵੀ ਸਨ। ਉਹਨਾਂ ਨੇ ਜਾਤ-ਪਾਤ ਅਤੇ ਛੂਆਛੂਤ ਦੇ ਖਿਲਾਫ਼ ਖੁੱਲ੍ਹ ਕੇ ਆਵਾਜ਼ ਉਠਾਈ। ਉਹ ਮੰਨਦੇ ਸਨ ਕਿ ਜੇ ਸਮਾਜ ਦੀ ਸੋਚ ਨਹੀਂ ਬਦਲੇਗੀ ਤਾਂ ਕਾਨੂੰਨ ਵੀ ਪੂਰੀ ਤਰ੍ਹਾਂ ਕਾਰਗਰ ਨਹੀਂ ਹੋ ਸਕਦੇ। ਉਹਨਾਂ ਦਾ ਸੰਦੇਸ਼ “ਸਿੱਖੋ, ਸੰਗਠਿਤ ਹੋਵੋ ਅਤੇ ਸੰਘਰਸ਼ ਕਰੋ” ਅੱਜ ਵੀ ਲੋਕਾਂ ਨੂੰ ਪ੍ਰੇਰਿਤ ਕਰਦਾ ਹੈ। ਉਹਨਾਂ ਨੇ ਮਹਿਲਾਵਾਂ ਦੇ ਹੱਕਾਂ ਲਈ ਵੀ ਮਹੱਤਵਪੂਰਨ ਕੰਮ ਕੀਤਾ। ਹਿੰਦੂ ਕੋਡ ਬਿਲ ਰਾਹੀਂ ਡਾ. ਭੀਮ ਰਾਓ ਅੰਬੇਡਕਰ ਨੇ ਔਰਤਾਂ ਨੂੰ ਪਿਤਾ ਦੀ ਜਾਇਦਾਦ ਵਿੱਚ ਹਿੱਸਾ, ਆਪਣੀ ਮਰਜ਼ੀ ਨਾਲ ਵਿਆਹ ਕਰਨ ਦਾ ਹੱਕ, ਤਲਾਕ ਲੈਣ ਅਤੇ ਦੁਬਾਰਾ ਵਿਆਹ ਕਰਨ ਦਾ ਅਧਿਕਾਰ ਦੇਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਇਹ ਬਿਲ ਉਸ ਸਮੇਂ ਪੂਰੀ ਤਰ੍ਹਾਂ ਪਾਸ ਨਹੀਂ ਹੋ ਸਕਿਆ, ਪਰ ਬਾਅਦ ਵਿੱਚ ਇਹੀ ਵਿਚਾਰ ਵੱਖ-ਵੱਖ ਕਾਨੂੰਨਾਂ ਰਾਹੀਂ ਲਾਗੂ ਕੀਤੇ ਗਏ। ਇਸ ਨਾਲ ਉਹਨਾਂ ਦੀ ਅੱਗੇ ਵਧਦੀ ਅਤੇ ਬਰਾਬਰੀ ਵਾਲੀ ਸੋਚ ਸਪੱਸ਼ਟ ਤੌਰ ’ਤੇ ਸਾਹਮਣੇ ਆਉਂਦੀ ਹੈ। ਅੱਜ ਭਾਰਤ ਵਿੱਚ ਜੋ ਨਿਆਂ ਅਤੇ ਅਧਿਕਾਰਾਂ ਦੀ ਪ੍ਰਣਾਲੀ ਹੈ, ਉਸ ਦੀ ਮਜ਼ਬੂਤ ਨੀਂਹ ਡਾ. ਅੰਬੇਡਕਰ ਨੇ ਰੱਖੀ ਸੀ। ਉਹਨਾਂ ਦੀ ਸੋਚ ਸਾਨੂੰ ਸਿਖਾਉਂਦੀ ਹੈ ਕਿ ਸੱਚਾ ਲੋਕਤੰਤਰ ਉਹ ਹੈ ਜਿੱਥੇ ਹਰ ਵਿਅਕਤੀ ਨੂੰ ਬਿਨਾਂ ਕਿਸੇ ਭੇਦਭਾਵ ਦੇ ਸਨਮਾਨ ਅਤੇ ਸਮਾਨ ਮੌਕੇ ਮਿਲਣ। ਉਹਨਾਂ ਦੀ ਵਿਰਾਸਤ ਅੱਜ ਵੀ ਸਮਾਜ ਨੂੰ ਨਿਆਂ ਅਤੇ ਸਮਾਨਤਾ ਵੱਲ ਲੈ ਜਾਂਦੀ ਹੈ। ਨਿਸ਼ਕਰਸ਼ – ਡਾ. ਬੀ.ਆਰ. ਅੰਬੇਡਕਰ ਸਿਰਫ਼ ਭਾਰਤ ਦੇ ਪਹਿਲੇ ਕਾਨੂੰਨ ਮੰਤਰੀ ਨਹੀਂ ਸਨ, ਸਗੋਂ ਉਹ ਨਿਆਂ ਅਤੇ ਸਮਾਨਤਾ ਦੇ ਮਜ਼ਬੂਤ ਹਮਾਇਤੀ ਸਨ। ਉਹਨਾਂ ਨੇ ਸੰਵਿਧਾਨ ਰਾਹੀਂ ਹਰ ਨਾਗਰਿਕ ਨੂੰ ਬਰਾਬਰ ਹੱਕ ਦਿੱਤੇ ਅਤੇ ਸਮਾਜ ਨੂੰ ਇਕ ਨਵੀਂ ਦਿਸ਼ਾ ਦਿੱਤੀ। ਉਹਨਾਂ ਦੀ ਸੋਚ ਸਾਨੂੰ ਸਿੱਖਾਉਂਦੀ ਹੈ ਕਿ ਹਰ ਵਿਅਕਤੀ ਨੂੰ ਇੱਜ਼ਤ ਅਤੇ ਇਕੋ ਜਿਹੇ ਮੌਕੇ ਮਿਲਣੇ ਚਾਹੀਦੇ ਹਨ। ਉਹਨਾਂ ਦਾ ਯੋਗਦਾਨ ਅੱਜ ਵੀ ਸਾਨੂੰ ਸਹੀ ਰਾਹ ਦਿਖਾਉਂਦਾ ਹੈ।
https://play.google.com/store/apps/details?id=in.yourhost.samajweekly



