ਤਰਕਸ਼ੀਲਾਂ ਵੱਲੋਂ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਨੂੰ ਗ੍ਰਿਫਤਾਰ ਕਰਨ ਤੇ ਡਾਰਵਿਨ ਦੇ ਜੀਵ ਵਿਕਾਸ ਦੇ ਸਿਧਾਂਤ ਨੂੰ ਮੁੜ ਬਹਾਲ ਕਰਨ ਦੀ ਮੰਗ

ਚੇਤਨਾ ਪ੍ਰੀਖਿਆ ਵਿੱਚ ਵਿਦਿਆਰਥੀਆਂ ਦੀ ਗਿਣਤੀ ਵਧਾਉਣ ਲਈ ਵਿਚਾਰ ਵਟਾਂਦਰਾ ਕੀਤਾ

(ਸਮਾਜ ਵੀਕਲੀ)- ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਸੰਗਰੂਰ ਦੀ ਕਾਰਜਕਾਰਨੀ ਦੀ ਇੱਕ ਵਧਵੀਂ ਮੀਟਿੰਗ ਕ੍ਰਿਸ਼ਨ ਸਿੰਘ ਤੇ ਜ਼ੋਨ ਜਥੇਬੰਦਕ ਮੁਖੀ ਮਾਸਟਰ ਪਰਮਵੇਦ ਦੀ ਅਗਵਾਈ ਵਿੱਚ ਸੰਗਰੂਰ ਵਿਖੇ ਹੋਈ, ਤਰਕਸ਼ੀਲ ਆਗੂ ਚਰਨ ਕਮਲ ਸਿੰਘ ਤੇ ਸੀਤਾ ਰਾਮ ਨੇ ਦੱਸਿਆ ਕਿ ਮੀਟਿੰਗ ਵਿੱਚ ਜੰਤਰ ਮੰਤਰ ‘ ਤੇ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਅਤੇ ਭਾਜਪਾ ਸੰਸਦ ਮੈਂਬਰ ਬ੍ਰਿਜ ਭੂਸ਼ਨ ਸ਼ਰਨ ਸਿੰਘ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਧਰਨਾ ਦੇ ਰਹੀਆਂ ਮਹਿਲਾ ਪਹਿਲਵਾਨਾਂ ਦੇ ਸੰਘਰਸ਼ ਦੀ ਹਮਾਇਤ ਕਰਦਿਆਂ ਕਿਹਾ ਦਿੱਲੀ ਪੁਲਿਸ ਵਲੋਂ ਉਨ੍ਹਾਂ ਦੀ ਕੁੱਟ ਮਾਰ ਕਰਕੇ ਉਨ੍ਹਾਂ ਨੂੰ ਗੰਭੀਰ ਜ਼ਖਮੀ ਕਰਨ ਅਤੇ ਧੱਕੇ ਨਾਲ ਧਰਨਾ ਖਤਮ ਕਰਵਾਉਣ ਦੀ ਗੈਰ ਕਾਨੂੰਨੀ ਅਤੇ ਤਾਨਾਸ਼ਾਹੀ ਕਾਰਵਾਈ ਦਾ ਸਖ਼ਤ ਵਿਰੋਧ ਕਰਦਿਆਂ ਦੋਸ਼ੀ ਪੁਲਿਸ ਮੁਲਾਜਮਾਂ ਅਤੇ ਅਧਿਕਾਰੀਆਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕਰਨ ਅਤੇ ਮੁੱਖ ਮੁਲਜ਼ਮ ਬ੍ਰਿਜ ਭੂਸ਼ਨ ਅਤੇ ਹੋਰਨਾਂ ਮੁਲਜ਼ਮਾਂ ਨੂੰ ਤੁਰੰਤ ਗ੍ਰਿਫ਼ਤਾਰ ਕਰਕੇ ਸਖ਼ਤ ਸਜ਼ਾ ਦੇਣ ਦੀ ਜ਼ੋਰਦਾਰ ਮੰਗ ਕੀਤੀ ਹੈ। ਇਸਦੇ ਨਾਲ ਹੀ ਸੁਸਾਇਟੀ ਨੇ ਮੁਲਕ ਦੀਆਂ ਸਮੂਹ ਖੇਡ ਫੈਡਰੇਸ਼ਨਾਂ ‘ਚੋਂ ਸਿਆਸੀ ਆਗੂਆਂ ਨੂੰ ਤੁਰੰਤ ਬਰਖ਼ਾਸਤ ਕਰਕੇ ਸਿਰਫ ਖਿਡਾਰੀਆਂ ਨੂੰ ਹੀ ਨਾਮਜ਼ਦ ਕਰਨ ਦੀ ਮੰਗ ਵੀ ਕੀਤੀ ਹੈ।

ਤਰਕਸ਼ੀਲ ਆਗੂਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ “ਬੇਟੀ ਪੜਾਓ ਬੇਟੀ ਬਚਾਓ” ਦੇ ਝੂਠੇ ਅਤੇ ਸਿਆਸੀ ਜੁਮਲੇ ਦਾ ਪਰਦਾਫਾਸ਼ ਕਰਦਿਆਂ ਦੋਸ਼ ਲਾਇਆ ਕਿ ਓਲੰਪਿਕ ਮੈਡਲ ਜੇਤੂ ਔਰਤ ਪਹਿਲਵਾਨ ਪਿਛਲੇ ਚਾਰ ਮਹੀਨੇ ਤੋਂ ਆਪਣੇ ਨਾਲ ਹੋਏ ਜਿਨਸੀ ਸ਼ੋਸ਼ਣ ਦੇ ਖਿਲਾਫ ਲਗਾਤਾਰ ਕੇਂਦਰੀ ਖੇਡ ਮੰਤਰੀ ਅਤੇ ਖੇਡ ਅਧਿਕਾਰੀਆਂ ਤਕ ਆਵਾਜ਼ ਬੁਲੰਦ ਕਰ ਰਹੀਆਂ ਹਨ ,ਪਰ ਪੂਰੀ ਦੁਨੀਆਂ ਵਿੱਚ ਭਾਰਤ ਦਾ ਨਾਮ ਰੌਸ਼ਨ ਕਰਨ ਵਾਲੀਆਂ ਬੇਟੀਆਂ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਵਲੋਂ ਇਨਾਂ ਨੂੰ ਇਨਸਾਫ ਨਹੀਂ ਦਿੱਤਾ ਜਾ ਰਿਹਾ ,ਭਾਜਪਾ ਸੰਸਦ ਮੈਂਬਰ ਬ੍ਰਿਜ ਭੂਸ਼ਨ ਦੇ ਖਿਲਾਫ ਦਰਜਨਾਂ ਅਪਰਾਧਿਕ ਮਾਮਲੇ ਦਰਜ ਹੋਣ ਦੇ ਬਾਵਜੂਦ ਉਸਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾ ਰਿਹਾ।

ਆਗੂਆਂ ਦੱਸਿਆ ਕਿ ਮੀਟਿੰਗ ਵਿੱਚ ਸੰਸਾਰ ਪ੍ਰਸਿੱਧ ਵਿਗਿਆਨੀ ਡਾਰਵਿਨ ਦੇ ਜੀਵ ਵਿਕਾਸ ਦੇ ਸਿਧਾਂਤ ਨੂੰ ਸਿਲੇਬਸ ਵਿੱਚੋਂ ਕੱਢਣ ਦੀ ਨਿਖੇਧੀ ਕਰਦਿਆਂ ਇਸ ਨੂੰ ਮੁੜ ਬਹਾਲ ਕਰਨ ਦੀ ਵੀ ਕੀਤੀ ਮੰਗ ।

ਮੀਟਿੰਗ ਵਿੱਚ ਅਗਸਤ ਮਹੀਨੇ ਕਰਵਾਈ ਜਾ ਰਹੀ ਪੰਜਵੀਂ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਨੂੰ ਉਸਾਰੂ ਤੇ ਵਿਦਿਆਰਥੀਆਂ ਦੀ ਵਿਗਿਆਨਕ ਚੇਤਨਤਾ ਵਿਕਸਤ ਕਰਨ ਦੇ ਉਦੇਸ਼ ਨਾਲ ਸ਼ੁਰੂ ਕੀਤੀ ਇਸ ਪ੍ਰੀਖਿਆ ਵਿੱਚ ਵਿਦਿਆਰਥੀਆਂ ਦੀ ਸ਼ਮੂਲੀਅਤ ਵਧਾਉਣ ਲਈ ਵਿਚਾਰ ਵਟਾਂਦਰਾ ਕੀਤਾ ਗਿਆ। ਤਰਕਸ਼ੀਲ ਮੈਗਜੀਨ ਦੇ ਪਾਠਕ ਵਧਾਉਣ ਲਈ ਵੀ ਵਿਚਾਰ ਸਾਂਝੇ ਕੀਤੇ ਗਏ।ਦੇਸ਼ ਵਿਚ ਦਿਨੋਂ ਦਿਨ ਵਧ ਰਹੇ ਅੰਧ ਵਿਸ਼ਵਾਸਾਂ, ਧਾਰਮਿਕ ਕੱਟੜਵਾਦ ਅਤੇ ਸਿੱਖਿਆ ਦੇ ਵਧ ਰਹੇ ਭਗਵੇਂਕਰਨ, ਵਪਾਰੀਕਰਨ ਅਤੇ ਫ਼ਿਰਕੂ ਫਾਸ਼ੀਵਾਦ ਦੀ ਨਿਖੇਧੀ ਕਰਦਿਆਂ ਤਰਕਸ਼ੀਲ ਸੁਸਾਇਟੀ ਵਲੋਂ ਸਮਾਜ ਵਿਚ ਵਿਗਿਆਨਕ ਅਤੇ ਜਮਾਤੀ ਚੇਤਨਾ ਦੀ ਲਹਿਰ ਨੂੰ ਹੋਰ ਤੇਜੀ ਨਾਲ ਵਿਕਸਤ ਕਰਨ ਅਤੇ ਪੰਜਾਬ ਵਿੱਚ ਅੰਧ ਵਿਸ਼ਵਾਸ਼ ਨੂੰ ਖ਼ਤਮ ਕਰਨ ਲਈ ਯਤਨ ਵਧਾਉਣ ਦਾ ਫੈਸਲਾ ਕੀਤਾ ਗਿਆ।

ਮੀਟਿੰਗ ਵਿੱਚ ਉਪਰੋਕਤ ਤੋਂ ਇਲਾਵਾ ਸੁਖਦੇਵ ਸਿੰਘ ਕਿਸ਼ਨਗੜ੍ਹ ਗੁਰਦੀਪ ਸਿੰਘ ਲਹਿਰਾ, ਸੀਤਾ ਰਾਮ, ਚਰਨ ਕਮਲ ਸਿੰਘ, ਚਮਕੌਰ ਸਿੰਘ ਮਹਿਲਾਂ, ਹਰਚੈਨ ਸਿੰਘ ਪ੍ਰੁਗਟ ਸਿੰਘ ਬਾਲੀਆਂ, ਜਸਦੇਵ ਸਿੰਘ, ਰਘਵੀਰ ਸਿੰਘ, ਮਾਸਟਰ ਰਣਜੀਤ ਸਿੰਘ, ਪਰਮਜੀਤ ਕੌਰ ਈਸੀ, ਸੁਨੀਤਾ ਰਾਣੀ ਨੇ ਸ਼ਮੂਲੀਅਤ ਕੀਤੀ।

ਮਾਸਟਰ ਪਰਮਵੇਦ
ਜ਼ੋਨ ਜਥੇਬੰਦਕ ਮੁਖੀ
9417422349

Previous articleसंसदीय राजभाषा समिति की दूसरी उप समिति द्वारा रेल डिब्बा कारखाना, कपूरथला का निरीक्षण
Next articleਮਹਿਤਪੁਰ ਵਿਚ ਡਾ. ਅੰਬੇਦਕਰ ਚੌਕ ਦਾ ਕਬਜ਼ਾ ਫੌਰੀ ਤੌਰ ਤੇ ਛੁਡਵਾਉਣ ਦੀ ਮੰਗ