ਕੈਨੇਡਾ ਵਿੱਚ ਲੁਟੇਰਿਆਂ ਵੱਲੋਂ ਭਾਰਤੀ ਵਿਦਿਆਰਥੀ ਦਾ ਕਤਲ

ਟੋਰਾਂਟੋ (ਸਮਾਜ ਵੀਕਲੀ):  ਕੈਨੇਡਾ ਵਿੱਚ ਇੱਥੇ ਸਬਵੇਅ ਸਟੇਸ਼ਨ ਦੇ ਗੇਟ ਕੋਲ ਲੁਟੇਰਿਆਂ ਨੇ 21 ਸਾਲਾ ਭਾਰਤੀ ਵਿਦਿਆਰਥੀ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਪੁਲੀਸ ਨੇ ਦੱਸਿਆ ਕਿ ਇਹ ਘਟਨਾ ਉਸ ਸਮੇਂ ਦੀ ਹੈ, ਜਦੋਂ ਇਹ ਵਿਦਿਆਰਥੀ ਆਪਣੇ ਕੰਮ ’ਤੇ ਜਾ ਰਿਹਾ ਸੀ। ਪੁਲੀਸ ਮੁਤਾਬਕ, ਮ੍ਰਿਤਕ ਦੀ ਪਛਾਣ ਕਾਰਤਿਕ ਵਾਸੂਦੇਵ ਵਜੋਂ ਹੋਈ ਹੈ। ਉਹ ਗਾਜੀਆਬਾਦ (ਯੂਪੀ) ਤੋਂ ਕੈਨੇਡਾ ਆ ਕੇ ਮੈਨੇਜਮੈਂਟ ਦੀ ਉੱਚ ਪੜ੍ਹਾਈ ਦੇ ਨਾਲ ਨੌਕਰੀ ਕਰਦਾ ਸੀ। ਰੇਲਵੇ ਸਟੇਸ਼ਨ ਕੋਲ ਕਾਰਤਿਕ ਦੀ ਲੁਟੇਰਿਆਂ ਨਾਲ ਬਹਿਸ ਹੋ ਗਈ। ਲੁਟੇਰੇ ਉਸਨੂੰ ਕਈ ਗੋਲੀਆਂ ਮਾਰਨ ਮਗਰੋਂ ਫਰਾਰ ਹੋ ਗਏ। ਟੋਰਾਂਟੋ ਸਥਿਤ ਭਾਰਤੀ ਕੌਂਸਲੇਟ ਦਫ਼ਤਰ ਅੰਤਿਮ ਰਸਮਾਂ ਲਈ ਉਸਦੇ ਪਰਵਾਰ ਦੇ ਸੰਪਰਕ ਵਿਚ ਹੈ। ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਵੀ ਕਾਰਤਿਕ ਦੀ ਦੁੱਖਦਾਈ ਮੌਤ ’ਤੇ ਦੁੱਖ ਪ੍ਰਗਟ ਕੀਤਾ ਹੈ।

ਸੇਂਟ ਜੇਮਜ਼ ਟਾਊਨ ਵਿੱਚ ਸ਼ੇਰਬੌਰਨ ਟੀਟੀਸੀ ਸਟੇਸ਼ਨ ਦੇ ਗਲੇਨ ਰੋਡ ਦੇ ਅੰਦਰ ਜਾਣ ਵਾਲੇ ਗੇਟ ’ਤੇ ਵਾਸੂਦੇਵ ਨੂੰ ਵੀਰਵਾਰ ਸ਼ਾਮ ਨੂੰ ਗੋਲੀਆਂ ਮਾਰੀਆਂ ਗਈਆਂ। ਟੋਰਾਂਟੋ ਪੁਲੀਸ ਸਰਵਿਸ ਨੇ ਇੱਕ ਬਿਆਨ ਵਿੱਚ ਦੱਸਿਆ ਕਿ ਵਾਸੂਦੇਵ ਨੂੰ ਮੁੱਢਲੀ ਸਹਾਇਤਾ ਦੇਣ ਮਗਰੋਂ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੇ ਦਮ ਤੋੜ ਦਿੱਤਾ। ਟੋਰਾਂਟੋ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲੀਸ ਉਨ੍ਹਾਂ ਗਵਾਹਾਂ ਦੀ ਭਾਲ ਕਰ ਰਹੀ ਹੈ, ਜੋ ਮੌਕੇ ’ਤੇ ਮੌਜੂਦ ਸਨ। ਉਨ੍ਹਾਂ ਲੋਕਾਂ ਦੀ ਵੀ ਭਾਲ ਕੀਤੀ ਜਾ ਰਹੀ ਹੈ, ਜਿਨ੍ਹਾਂ ਨੇ ਘਟਨਾ ਮੌਕੇ ਵੀਡੀਓ ਬਣਾਈ ਹੋਵੇ।

ਟੋਰਾਂਟੋ ਵਿੱਚ ਭਾਰਤੀ ਸਫ਼ਾਰਤਖ਼ਾਨੇ ਨੇ ਇੱਕ ਟਵੀਟ ਵਿੱਚ ਕਿਹਾ, ‘‘ਅਸੀਂ ਟੋਰਾਂਟੋ ਵਿੱਚ ਵੀਰਵਾਰ ਨੂੰ ਗੋਲੀਬਾਰੀ ਦੀ ਘਟਨਾ ਵਿੱਚ ਭਾਰਤੀ ਵਿਦਿਆਰਥੀ ਕਾਰਤਿਕ ਵਾਸੂਦੇਵ ਦੀ ਮੰਦਭਾਗੀ ਹੱਤਿਆ ਤੋਂ ਹੈਰਾਨ ਤੇ ਪ੍ਰੇਸ਼ਾਨ ਹਾਂ। ਅਸੀਂ ਪੀੜਤ ਪਰਿਵਾਰ ਦੇ ਸੰਪਰਕ ਵਿੱਚ ਹਾਂ। ਉਨ੍ਹਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ।’’ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਵੀ ਇਸ ਹੱਤਿਆ ’ਤੇ ਦੁੱਖ ਪ੍ਰਗਟ ਕੀਤਾ ਹੈ। ਜੈਸ਼ੰਕਰ ਨੇ ਟਵੀਟ ਕੀਤਾ, ‘‘ਇਸ ਘਟਨਾ ਤੋਂ ਬਹੁਤ ਦੁਖੀ ਹਾਂ। ਪਰਿਵਾਰ ਨਾਲ ਡੂੰਘੀ ਹਮਦਰਦੀ ਹੈ।’’

ਪਰਿਵਾਰ ਵੱਲੋਂ ਕੈਨੇਡਾ ਦਾ ਵੀਜ਼ਾ ਦੇਣ ਦੀ ਮੰਗ

ਕਾਰਤਿਕ ਦੇ ਪਰਿਵਾਰ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਟੋਰੰਟੋ ਜਾਣ ਲਈ ਵੀਜ਼ੇ ਦਾ ਪ੍ਰਬੰਧ ਕੀਤਾ ਜਾਵੇ ਅਤੇ ਇਹ ਯਕੀਨੀ ਬਣਾਇਆ ਜਾਵੇ ਕਿ ਉਨ੍ਹਾਂ ਦੇ ਪੁੱਤਰ ਦੇ ਹਤਿਆਰੇ ਨੂੰ ਨਿਆਂ ਦੇ ਕਟਹਿਰੇ ਵਿੱਚ ਖੜ੍ਹਾ ਕੀਤਾ ਜਾਵੇਗਾ। ਕਾਰਤਿਕ ਦੇ ਪਿਤਾ ਜਿਤੇਸ਼ ਵਾਸੂਦੇਵ ਨੇ ਕਿਹਾ, ‘‘ਮੈਨੂੰ ਨਹੀਂ ਪਤਾ ਕੀ ਹੋਇਆ… ਅਸੀਂ ਸੱਚ ਜਾਣਨਾ ਚਾਹੁੰਦੇ ਹਾਂ ਤਾਂ ਕਿ ਸਾਨੂੰ ਪਤਾ ਲੱਗ ਸਕੇ ਕਿ ਸਾਡੇ ਬੱਚੇ ਨਾਲ ਕੀ ਹੋਇਆ ਹੈ ਅਤੇ ਉਸ ਨੂੰ ਗੋਲੀ ਕਿਉਂ ਮਾਰੀ ਗਈ ਹੈ।’’

 

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਦਰਬਾਰ ਸਾਹਿਬ ਤੋਂ ਸਿੱਧੇ ਪ੍ਰਸਾਰਨ ਲਈ ਹਫ਼ਤੇ ’ਚ ਲਾਂਚ ਹੋਵੇਗਾ ਯੂਟਿਊਬ ਚੈਨਲ: ਧਾਮੀ
Next articleਕਰਨਾਟਕ ਵਿੱਚ ਸਿਧਾਰਮੱਈਆ ਤੇ 63 ਹੋਰਾਂ ਨੂੰ ਮੌਤ ਦੀ ਧਮਕੀ