ਮੁੰਬਈ (ਸਮਾਜ ਵੀਕਲੀ): ਰੂਸ ਵੱਲੋਂ ਯੂਕਰੇਨ ’ਤੇ ਕੀਤੇ ਗਏ ਹਮਲੇ ਮਗਰੋਂ ਆਲਮੀ ਬਾਜ਼ਾਰਾਂ ’ਚ ਭਾਰੀ ਬਿਕਵਾਲੀ ਦਰਮਿਆਨ ਘਰੇਲੂ ਸ਼ੇਅਰ ਬਾਜ਼ਾਰਾਂ ’ਚ ਵੱਡੀ ਗਿਰਾਵਟ ਦਰਜ ਕੀਤੀ ਗਈ ਅਤੇ ਬੀਐੱਸਈ ਸੈਂਸੈਕਸ ਵੀਰਵਾਰ ਨੂੰ 2,700 ਅੰਕ ਤੋਂ ਜ਼ਿਆਦਾ ਤੱਕ ਡਿੱਗ ਗਿਆ। ਕਰੀਬ ਦੋ ਸਾਲਾਂ ’ਚ ਇਕ ਦਿਨ ਦੀ ਇਹ ਸਭ ਤੋਂ ਵੱਡੀ ਗਿਰਾਵਟ ਰਹੀ। ਤੀਹ ਸ਼ੇਅਰਾਂ ’ਤੇ ਆਧਾਰਿਤ ਸੈਂਸੈਕਸ ਕਾਰੋਬਾਰ ਦੌਰਾਨ ਇਕ ਸਮੇਂ ਕਰੀਬ 2,850 ਅੰਕ ਤੱਕ ਹੇਠਾਂ ਡਿੱਗ ਗਿਆ ਸੀ। ਅਖੀਰ ਇਹ 2,702.15 ਅੰਕ ਯਾਨੀ 4.72 ਫ਼ੀਸਦ ਦਾ ਗੋਤਾ ਲਾ ਕੇ 54,529.91 ਅੰਕਾਂ ’ਤੇ ਬੰਦ ਹੋਇਆ।
ਇਹ 23 ਮਾਰਚ, 2020 ਤੋਂ ਬਾਅਦ ਇਕ ਦਿਨ ਦਾ ਸਭ ਤੋਂ ਵੱਡਾ ਨੁਕਸਾਨ ਹੈ ਜਦਕਿ ਹੁਣ ਤੱਕ ਦੀ ਚੌਥੀ ਸਭ ਤੋਂ ਵੱਡੀ ਗਿਰਾਵਟ ਹੈ। ਇਸੇ ਤਰ੍ਹਾਂ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 815.30 ਅੰਕ ਯਾਨੀ 4.78 ਫ਼ੀਸਦ ਟੁੱਟ ਕੇ 16,247 ਅੰਕਾਂ ’ਤੇ ਬੰਦ ਹੋਇਆ। ਸੈਂਸੈਕਸ ਦੇ ਸਾਰੇ 30 ਸ਼ੇਅਰ ਕਾਫੀ ਨੁਕਸਾਨ ’ਚ ਰਹੇ। ਇਸ ਗਿਰਾਵਟ ਨਾਲ ਨਿਵੇਸ਼ਕਾਂ ਨੂੰ ਕਰੀਬ 13 ਲੱਖ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਬੀਐੱਸਈ ’ਚ ਸੂਚੀਬੱਧ ਕੰਪਨੀਆਂ ਦਾ ਬਾਜ਼ਾਰ ਪੂੰਜੀਕਰਨ 2,42,24,179.79 ਕਰੋੜ ਰੁਪਏ ’ਤੇ ਆ ਗਿਆ। ਇਸ ਦੌਰਾਨ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਏ ਦੀ ਕੀਮਤ 99 ਪੈਸੇ ਡਿੱਗ ਕੇ 75.60 ’ਤੇ ਪਹੁੰਚ ਗਈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly