ਹਿਜਾਬ ਵਿਵਾਦ: ਬੰਗਲੂਰੂ ਕਾਲਜ ਵੱਲੋਂ ਸਿੱਖ ਵਿਦਿਆਰਥਣ ਨੂੰ ਦਸਤਾਰ ਉਤਾਰਨ ਦੀ ਹਦਾਇਤ

ਬੰਗਲੂਰੂ (ਸਮਾਜ ਵੀਕਲੀ):  ਹਿਜਾਬ ਵਿਵਾਦ ਬਾਰੇ ਕਰਨਾਟਕ ਹਾਈ ਕੋਰਟ ਦੇ ਅੰਤਰਿਮ ਹੁਕਮਾਂ ਮਗਰੋਂ ਇਥੋਂ ਦੇ ਇਕ ਕਾਲਜ ਨੇ ਅੰਮ੍ਰਿਤਧਾਰੀ ਸਿੱਖ ਵਿਦਿਆਰਥਣ ਨੂੰ ਦਸਤਾਰ ਉਤਾਰਨ ਲਈ ਕਿਹਾ। ਕਰਨਾਟਕ ਹਾਈ ਕੋਰਟ ਨੇ ਹਿਜਾਬ ਵਿਵਾਦ ਨਾਲ ਸਬੰਧਤ ਚੱਲ ਰਹੇ ਕੇਸ ’ਚ ਅੰਤਰਿਮ ਹੁਕਮਾਂ ’ਚ ਸੂਬੇ ਦੇ ਸਾਰੇ ਵਿਦਿਆਰਥੀਆਂ ਨੂੰ ਜਮਾਤਾਂ ਅੰਦਰ ਭਗਵਾਂ ਸ਼ਾਲਾਂ, ਸਕਾਰਫ, ਹਿਜਾਬ ਅਤੇ ਹੋਰ ਕੋਈ ਧਾਰਮਿਕ ਚਿੰਨ੍ਹ ਪਹਿਨਣ ’ਤੇ ਰੋਕ ਲਾਈ ਹੋਈ ਹੈ। ਕਾਲਜ ਅਧਿਕਾਰੀਆਂ ਨੇ ਕਿਹਾ ਕਿ ਜਦੋਂ ਵਿਦਿਅਕ ਅਦਾਰੇ 16 ਫਰਵਰੀ ਨੂੰ ਮੁੜ ਤੋਂ ਖੁੱਲ੍ਹੇ ਸਨ ਤਾਂ ਸਾਰੇ ਵਿਦਿਆਰਥੀਆਂ ਨੂੰ ਅਦਾਲਤ ਦੇ ਹੁਕਮਾਂ ਦੀ ਜਾਣਕਾਰੀ ਦੇ ਦਿੱਤੀ ਗਈ ਸੀ।

ਪ੍ਰੀ-ਯੂਨੀਵਰਸਿਟੀ ਸਿੱਖਿਆ ਦੇ ਡਿਪਟੀ ਡਾਇਰੈਕਟਰ ਨੇ ਇਸ ਹਫ਼ਤੇ ਦੇ ਸ਼ੁਰੂ ’ਚ ਜਦੋਂ ਕਾਲਜ ਦਾ ਦੌਰਾ ਕੀਤਾ ਸੀ ਤਾਂ ਉਨ੍ਹਾਂ ਕੁਝ ਵਿਦਿਆਰਥਣਾਂ ਨੂੰ ਹਿਜਾਬ ’ਚ ਦੇਖਿਆ। ਉਨ੍ਹਾਂ ਵਿਦਿਆਰਥਣਾਂ ਨੂੰ ਅਦਾਲਤ ਦੇ ਹੁਕਮਾਂ ਬਾਰੇ ਜਾਣਕਾਰੀ ਦਿੱਤੀ ਅਤੇ ਉਸ ਦੀ ਪਾਲਣਾ ਕਰਨ ਲਈ ਕਿਹਾ। ਇਨ੍ਹਾਂ ਵਿਦਿਆਰਥਣਾਂ ਨੇ ਮੰਗ ਕੀਤੀ ਸੀ ਕਿ ਸਿੱਖਾਂ ਸਮੇਤ ਕਿਸੇ ਵੀ ਲੜਕੀ ਨੂੰ ਧਾਰਮਿਕ ਚਿੰਨ੍ਹ ਪਹਿਨਣ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ ਹੈ। ਕਾਲਜ ਨੇ ਸਿੱਖ ਲੜਕੀ ਦੇ ਪਿਤਾ ਨਾਲ ਸੰਪਰਕ ਕੀਤਾ ਅਤੇ ਉਨ੍ਹਾਂ ਨੂੰ ਅਦਾਲਤ ਦੇ ਹੁਕਮਾਂ ਦੀ ਜਾਣਕਾਰੀ ਦਿੰਦਿਆਂ ਇਸ ਦੇ ਪਾਲਣ ’ਤੇ ਜ਼ੋਰ ਦਿੱਤਾ। ਸੂਤਰਾਂ ਮੁਤਾਬਕ ਪਰਿਵਾਰ ਨੇ ਕਿਹਾ ਹੈ ਕਿ ਉਨ੍ਹਾਂ ਦੀ ਧੀ ਦਸਤਾਰ ਨਹੀਂ ਉਤਾਰੇਗੀ ਅਤੇ ਉਹ ਕਾਨੂੰਨੀ ਰਾਏ ਲੈ ਰਹੇ ਹਨ ਕਿਉਂਕਿ ਹਾਈ ਕੋਰਟ ਅਤੇ ਸਰਕਾਰ ਦੇ ਹੁਕਮਾਂ ’ਚ ਸਿੱਖਾਂ ਦੀ ਦਸਤਾਰ ਬਾਰੇ ਕੋਈ ਜ਼ਿਕਰ ਨਹੀਂ ਹੈ। ਉਧਰ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਕਰਨਾਟਕ ਦੇ ਮੁੱਖ ਮੰਤਰੀ ਆਸਵਰਾਜ ਬੋਮਈ ਨੂੰ ਪੱਤਰ ਲਿਖ ਕੇ ਘਟਨਾ ਪ੍ਰਤੀ ਚਿੰਤਾ ਜ਼ਾਹਿਰ ਕੀਤੀ ਹੈ। ਸ਼੍ਰੋਮਣੀ ਅਕਾਲੀ ਦਲ ਸੰਯੁਕਤ ਨੇ ਵੀ ਕੇਂਦਰ ਸਰਕਾਰ ਤੋਂ ਦਸਤਾਰ ਅਤੇ ਪੰਜ ਕਕਾਰਾਂ ਨੂੰ ਸੰਵਿਧਾਨਕ ਸੁਰੱਖਿਆ ਦੇਣ ਲਈ ਸੰਵਿਧਾਨ ਵਿਚ ਸੋਧ ਲਿਆਉਣ ਦੀ ਮੰਗ ਕੀਤੀ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਭਾਰਤੀ ਸ਼ੇਅਰ ਬਾਜ਼ਾਰ ਡਿੱਗਿਆ, ਨਿਵੇਸ਼ਕਾਂ ਨੂੰ 13 ਲੱਖ ਕਰੋੜ ਦਾ ਨੁਕਸਾਨ
Next articleਡੇਰਾ ਰਾਧਾ ਸੁਆਮੀ ਬਿਆਸ ਖ਼ਿਲਾਫ਼ ਚੋਣ ਕਮਿਸ਼ਨ ਨੂੰ ਸ਼ਿਕਾਇਤ