ਅਹਿਮਦਾਬਾਦ (ਸਮਾਜ ਵੀਕਲੀ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨਾਲ ਹੋਈ ਗੱਲਬਾਤ ਦੌਰਾਨ ਉਨ੍ਹਾਂ ਪੇਸ਼ਕਸ਼ ਕੀਤੀ ਹੈੈ ਕਿ ਜੇਕਰ ਵਿਸ਼ਵ ਵਪਾਰ ਸੰਗਠਨ (ਡਬਲਿਊਟੀਓ) ਇਜਾਜ਼ਤ ਦਿੰਦਾ ਹੈ ਤਾਂ ਭਾਰਤ ਆਪਣੇ ਭੰਡਾਰ ਤੋਂ ਖੁਰਾਕ ਸਮੱਗਰੀ ਦੀ ਸਪਲਾਈ ਦੁਨੀਆ ਨੂੰ ਕਰ ਸਕਦਾ ਹੈ।
ਗੁਜਰਾਤ ਦੇ ਅਡਲਾਜ ’ਚ ਸ੍ਰੀ ਅੰਨਪੂਰਨਾਧਾਮ ਟਰੱਸਟ ਦੇ ਹੋਸਟਲ ਤੇ ਸਿੱਖਿਆ ਕੰਪਲੈਕਸ ਦਾ ਵੀਡੀਓ ਕਾਨਫਰੰਸ ਰਾਹੀਂ ਉਦਘਾਟਨ ਬਾਅਦ ਆਪਣੇ ਸੰਬੋਧਨ ’ਚ ਮੋਦੀ ਨੇ ਕਿਹਾ ਕਿ ਰੂਸ-ਯੂਕਰੇਨ ਜੰਗ ਕਾਰਨ ਦੁਨੀਆਂ ਦੇ ਵੱਖ ਵੱਖ ਹਿੱਸਿਆਂ ’ਚ ਅਨਾਜ ਭੰਡਾਰ ਘੱਟ ਹੁੰਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਦੁਨੀਆ ਇਸ ਗੱਲ ਤੋਂ ਹੈਰਾਨ ਹੈ ਕਿ ਭਾਰਤ ਕਰੋਨਾ ਮਹਾਮਾਰੀ ਫੈਲਣ ਤੋਂ ਲੈ ਕੇ ਹੁਣ ਤੱਕ ਦੋ ਸਾਲਾਂ ਤੋਂ ਲਗਾਤਾਰ ਆਪਣੇ 80 ਕਰੋੜ ਦੇ ਕਰੀਬ ਲੋਕਾਂ ਨੂੰ ਮੁਫ਼ਤ ਰਾਸ਼ਨ ਮੁਹੱਈਆ ਕਰ ਰਿਹਾ ਹੈ।
ਉਨ੍ਹਾਂ ਕਿਹਾ ਕਿ ਅੱਜ ਦੁਨੀਆ ਬੇਯਕੀਨੀ ਵਾਲੀ ਸਥਿਤੀ ਦਾ ਸਾਹਮਣਾ ਕਰ ਰਹੀ ਹੈ ਕਿਉਂਕਿ ਜਿਸ ਨੂੰ ਜੋ ਚਾਹੀਦਾ ਹੈ ਉਹ ਮਿਲ ਨਹੀਂ ਰਿਹਾ ਹੈ। ਪੈਟਰੋਲ, ਤੇਲ, ਖਾਦ ਦੀ ਖਰੀਦ ’ਚ ਮੁਸ਼ਕਲ ਆ ਰਹੀ ਹੈ ਕਿਉਂਕਿ ਸਾਰੇ ਦਰਵਾਜ਼ੇ ਬੰਦ ਹੁੰਦੇ ਜਾ ਰਹੇ ਹਨ। ਇਸ ਜੰਗ ਤੋਂ ਬਾਅਦ ਹਰ ਕੋਈ ਆਪਣੇ ਭੰਡਾਰ ਸੁਰੱਖਿਅਤ ਰੱਖਣਾ ਚਾਹੁੰਦਾ ਹੈ। ਉਨ੍ਹਾਂ ਕਿਹਾ, ‘ਦੁਨੀਆ ਹੁਣ ਇੱਕ ਨਵੇਂ ਸੰਕਟ ਦਾ ਸਾਹਮਣਾ ਕਰ ਰਹੀ ਹੈ। ਦੁਨੀਆ ਦਾ ਅੰਨ ਭੰਡਾਰ ਖਾਲੀ ਹੁੰਦਾ ਜਾ ਰਿਹਾ ਹੈ। ਮੈਂ ਅਮਰੀਕੀ ਰਾਸ਼ਟਰਪਤੀ ਨਾਲ ਗੱਲ ਕਰ ਰਿਹਾ ਸੀ। ਉਨ੍ਹਾਂ ਵੀ ਇਹ ਮੁੱਦਾ ਚੁੱਕਿਆ। ਮੈਂ ਸੁਝਾਅ ਦਿੱਤਾ ਕਿ ਜੇਕਰ ਡਬਲਿਊਟੀਓ ਇਜਾਜ਼ਤ ਦਿੰਦਾ ਹੈ ਤਾਂ ਭਾਰਤ ਭਲਕ ਤੋਂ ਹੀ ਅੰਨ ਭੰਡਾਰ ਦੀ ਸਪਲਾਈ ਸ਼ੁਰੂ ਕਰਨ ਨੂੰ ਤਿਆਰ ਹੈ।’
ਮੋਦੀ ਨੇ ਕਿਹਾ ਕਿ ਭਾਰਤ ਕੋਲ ਆਪਣੇ ਲੋਕਾਂ ਲਈ ਲੋੜੀਂਦਾ ਅਨਾਜ ਹੈ ਪਰ ਲਗਦਾ ਹੈ ਕਿ ਦੇਸ਼ ਦੇ ਕਿਸਾਨਾਂ ਨੇ ਦੁਨੀਆ ਦਾ ਢਿੱਡ ਭਰਨ ਦਾ ਵੀ ਬੰਦੋਬਸਤ ਕਰ ਲਿਆ ਹੈ। ਉਨ੍ਹਾਂ ਕਿਹਾ, ‘ਹਾਲਾਂਕਿ ਸਾਨੂੰ ਆਲਮੀ ਕਾਨੂੰਨਾਂ ਅਨੁਸਾਰ ਕੰਮ ਕਰਨਾ ਹੋਵੇਗਾ। ਮੈਨੂੰ ਨਹੀਂ ਪਤਾ ਕਿ ਡਬਲਿਊਟੀਓ ਕਦੋਂ ਇਜਾਜ਼ਤ ਦੇਵੇਗਾ ਅਤੇ ਅਸੀਂ ਕਦੋਂ ਦੁਨੀਆ ਨੂੰ ਅਨਾਜ ਦੀ ਸਪਲਾਈ ਕਰ ਸਕਾਂਗੇ।’
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly