- ਬੀਆਰਓ ਨੇ ਟੈਂਡਰ ਮੰਗੇ
- ਅਸਲ ਕੰਟਰੋਲ ਰੇਖਾ ਦੇ ਨਾਲ ਸਬ-ਸੈਕਟਰ ਨੌਰਥ ’ਚ ਅਹਿਮ ਪੇਸ਼ਕਦਮੀ
ਨਵੀਂ ਦਿੱਲੀ (ਸਮਾਜ ਵੀਕਲੀ): ਰਣਨੀਤਕ ਪੱਖੋਂ ਅਹਿਮ ਪੇਸ਼ਕਦਮੀ ਤਹਿਤ ਬਾਰਡਰ ਰੋਡਜ਼ ਆਰਗੇਨਾਈਜ਼ੇਸ਼ਨ (ਬੀਆਰਓ) ਨੇ ਪੂਰਬੀ ਲੱਦਾਖ ਵਿੱਚ ਕਰਾਕੁਰਮ ਦੀਆਂ ਪਹਾੜੀਆਂ ਵਿਚ 17,800 ਫੁੱਟ ਦੀ ਉਚਾਈ ’ਤੇ ਸਾਸੇਰ ਲਾ (ਦੱਰਾ) ਨੇੜੇ ਕੰਕਰੀਟ ਦੀ ਪੱਕੀ ਸੜਕ ਬਣਾਉਣ ਲਈ ਅੱਜ ਟੈਂਡਰ ਜਾਰੀ ਕੀਤੇ ਹਨ। ਕੰਕਰੀਟ ਸੜਕ ਦਾ ਇਹ ਟੁੱਕੜਾ 56 ਕਿਲੋਮੀਟਰ ਲੰਮੇ ਸਾਸੋਮਾ-ਸਾਸੇਰ ਲਾ-ਮੁਰਗੋ ਰੋਡ ਦਾ ਹਿੱਸਾ ਹੋਵੇਗਾ, ਜਿਸ ਨੂੰ ਫੌਜ ਦੀ ਵਰਤੋਂ ਲਈ ਤਿਆਰ ਕੀਤਾ ਜਾ ਰਿਹਾ ਹੈ। ਰੱਖਿਆ ਮੰਤਰਾਲੇ ਅਧੀਨ ਆਉਂਦੀ ਬੀਆਰਓ ਸੜਕ ਦੇ ਕੁੱਝ ਹਿੱਸਿਆਂ ’ਤੇ ਕੰਕਰੀਟ ਪਾਉਣ ਦਾ ਵਿਚਾਰ ਕਰ ਰਹੀ ਸੀ।
ਬੀਆਰੀਓ ਦੀ ਵੈੱਬਸਾਈਟ ’ਤੇ ਅੱਜ ਅਪਲੋਡ ਕੀਤੀ ਜਾਣਕਾਰੀ ਮੁਤਾਬਕ ਕੰਕਰੀਟ ਪਾਉਣ ਦੇ ਕੰਮ ਨੂੰ 180 ਦਿਨਾਂ ਵਿੱਚ ਮੁਕੰਮਲ ਕੀਤਾ ਜਾਣਾ ਹੈ। ਧਰਾਤਲ ਬਹੁਤ ਊਬੜ-ਖਾਬੜ ਤੇ ਉਚਾਈ ਇੰਨੀ ਹੈ ਕਿ ਬੀਆਰਓ ਪ੍ਰੀ-ਫੈਬਰੀਕੇਟਿਡ ਤੇ ਇੰਟਰਲਾਕਿੰਗ ਕੰਕਰੀਟ ਬਲਾਕਜ਼ ਲਾਉਣ ਦੀ ਇੱਛੁਕ ਹੈ। ਅਸਲ ਕੰਟਰੋਲ ਰੇਖਾ (ਐੱਲਏਸੀ) ਦੇ ਨਾਲ ਅਹਿਮ ਸਬ-ਸੈਕਟਰ ਨੌਰਥ (ਐੱਸਐੱਸਐੱਨ) ਵਿੱਚ ਦੇਪਸਾਂਗ ਤੇ ਦੌਲਤ ਬੇਗ ਗੋਲਡੀ (ਡੀਬੀਓ) ਤੱਕ ਪੁੱਜਣ ਲਈ ਸੜਕ ਦਾ ਇਹ ਨਵਾਂ ਟੋਟਾ ਬਦਲਵਾਂ ਧੁਰਾ ਹੋਵੇਗਾ। ਅਗਸਤ 2020 ਵਿੱਚ ਸਾਸੋਮਾ-ਮੁਰਗੋ ਰੂਟ ’ਤੇ ਕੱਚਾ ਰਾਹ ਖੋਲ੍ਹਿਆ ਗਿਆ ਸੀ, ਪਰ ਰਾਹ ਦੇ ਬਹੁਤੇ ਹਿੱਸੇ ਨੂੰ ਤੁਰ ਕੇ ਪਾਰ ਕਰਨਾ ਪੈਂਦਾ ਸੀ। ਉਦੋਂ ਤੋਂ ਬੀਆਰਓ ਇਸ ਟਰੈਕ ਨੂੰ ਮੋਕਲਾ ਕਰਨ ’ਤੇ ਕੰਮ ਕਰ ਰਿਹਾ ਸੀ।
ਬੀਆਰਓ ਨੇ ਦੋ ਮਹੀਨੇ ਪਹਿਲਾਂ ਸਾਸੋਮਾ-ਸਾਸੇਰ ਲਾ-ਮੁਰਗੋ ਰੋਡ ਦੇ 43 ਕਿਲੋਮੀਟਰ ਦੇ ਪੈਂਡੇ ਨੂੰ ਪੱਕਿਆਂ ਕਰਨ ਲਈ ਟੈਂਡਰ ਮੰਗੇ ਸਨ। ਸੜਕ ਦੇ ਜਿਨ੍ਹਾਂ ਹਿੱਸਿਆਂ ਲਈ ਅੱਜ ਟੈਂਡਰ ਮੰਗੇ ਗਏ ਹਨ, ਉਹ ਇਸ 43 ਕਿਲੋਮੀਟਰ ਤੋਂ ਵੱਖਰੇ ਹਨ। ਐੱਸਐੱਸਐੱਨ ਵਿੱਚ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ ਦੇ ਉਦੇਸ਼ ਡਰਬੁਕ-ਸ਼ਿਓਕ-ਦੌਲਤ ਬੇਗ ਓਲਡੀ (ਡੀਐੱਸਡੀਬੀਓ) ਰੋਡ ਦੇ ਇਕ ਹਿੱਸੇ ਲਈ ਵੰਗਾਰ ਹੋ ਸਕਦੇ ਹਨ। ਚੀਨ ਦੌਲਤ ਬੇਗ ਓਲਡੀ ਨੂੰ ਭਾਰਤ ਨਾਲੋਂ ਵੱਖ ਕਰਨ ਦੀਆਂ ਕੋਸ਼ਿਸ਼ਾਂ ਕਰ ਸਕਦਾ ਹੈ, ਨਤੀਜੇ ਵਜੋਂ ਭਾਰਤ ਦੀ ਕਰਾਕੁਰਮ ਦੱਰੇ ਤੱਕ ਰਸਾਈ ਮੁਸ਼ਕਲ ਹੋ ਜਾਵੇਗੀ। ਚੀਨੀ ਫੌਜ ਸਾਸੇਰ ਦੱਰੇ ਤੱਕ ਪਹੁੰਚ ਬਣਾਉਣ ਦੀਆਂ ਵਿਉਂਤਾਂ ਵੀ ਘੜ ਸਕਦੀ ਹੈ ਜਿਸ ਨਾਲ ਉਸ ਲਈ ਸਾਸੋਮਾ ਤੇ ਅੱਗੇ ਸਿਆਚਿਨ ਗਲੇਸ਼ੀਅਰ ਵਿੱਚ ਬੇਸ ਕੈਂਪ ਤੱਕ ਰਾਹ ਖੁੱਲ੍ਹ ਜਾਵੇਗਾ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly