ਭਾਰਤ ਵਿਚ ਕੋਠੀ

(ਸਮਾਜ ਵੀਕਲੀ) ਮੈਂ ਅਤੇ ਮੇਰੀ ਪਤਨੀ ਨੇ ਬਹੁਤ ਚਿਰ ਤੋਂ ਹੀ ਮਨ ਬਣਾ ਲਿਆ ਸੀ ,ਕਿ ਰਿਟਾਇਰ ਹੋਣ ਤੋਂ ਬਾਅਦ ਅਸੀਂ ਆਪਣੀ ਜਨਮਭੂਮੀ ਭਾਰਤ ਵਿਚ ਪੱਕੇ ਤੋਰ ਤੇ ਰਹਿਣ ਲੱਗ ਜਾਂਵਾਂਗੇ, ਅਤੇ ਅਸੀਂ ਭਵਿਖ ਵਿਚ ਭਾਰਤ ਵਿਚ ਰਹਿਣ ਵਾਸਤੇ ਵਿਉਂਤ ਬਣਾਉਂਣ ਲੱਗ ਗਏ।
ਇਕ ਦਿਨ ਸਾਰੇ ਪਰਿਵਾਰ ਨੂੰ ਇੱਕਠਾ ਕਰਕੇ ਕਿਹਾ।” ਭਾਰਤ ਵਿਚ ਇਕ ਘਰ ਬਣਾਉਂਣਾ ਚਾਹੀਦਾ ਹੈ ।”
ਬੱਚੇ ਕਹਿਣ ਲੱਗੇ “ਡੈਡ, ਅਸੀਂ ਤਾਂ ਇੱਥੋਂ ਜਾਣਾ ਨਹੀਂ ,ਅਸੀਂ ਇੱਥੇ ਹੀ ਪੈਦਾ ਹੋਏ ਹਾਂ ਅਤੇ ਵਲੈਤ ਹੀ ਹੁਣ ਸਾਡਾ ਦੇਸ਼ ਹੈ, ਜੇ ਤੁਸੀਂ ਆਵਦੇ ਪੈਸੇ ਖਰਾਬ ਕਰਨਾ ਚਾਹੁੰਦੇ ਹੋ ਤਾਂ ਤੁਹਾਡੀ ਮਰਜੀ।”
ਮੈਂ ਉਨ੍ਹਾਂ ਨੂੰ ਕਿਹਾ , “ ਪਿੰਡ ਵਾਲੇ ਕੀ ਸੋਚਣਗੇ ਕਿ ਨਿਰਮਲ ਸਿੰਘ ਨੂੰ ਗਿਆਂ ਨੂੰ ਤੀਹ ਵਰ੍ਹੇ ਹੋ ਗਏ,ਪਿੰਡ ਵਿਚ ਇਕ ਘਰ ਵੀ ਨਹੀਂ ਬਣਾ ਸਕਿਆ , ਵਲੈਤ ਵਿਚ ਇੰਨਾ ਚਿਰ ਕਰਦਾ ਕੀ ਰਿਹਾ ਹੈ।ਨਾਲੇ ਪਿੰਡ ਵਿਚ ਕੋਠੀ ਪਾਈ ਹੋਵੇ ਤਾਂ ਲੋਕ ਕੋਠੀ ਨੂੰ ਦੇਖ ਕੇ ਕਹਿਣਗੇ ਇਹ ਨਿਰਮਲ ਸਿੰਘ ਵਲੈਤੀਏ ਦੀ ਕੋਠੀ ਹੈ।”
“ਡੈਡ ਮਾੜੀ ਜਿਹੀ ਵਾਹਵਾ ਕਰਵਾਉਣ ਵਾਸਤੇ ਹਜਾਰਾਂ ਪੌਂਡਾ ਘਾਣ ਕਰੋਂਗੇ, ਨਾਲੇ ਮੈਨੂੰ ਇਕ ਗੱਲ ਦੱਸੋ ਕੋਠੀ ਨੂੰ ਸਾਂਭੁੰ ਕੌਣ ।ਜਿਹੜੀ ਚੀਜ ਅੱਖਾਂ ਦੇ ਮੁਹਰੇ ਹੋਵੇ ਉਹੀ ਚੀਜ ਖ਼ਰੀਦਣੀ ਚਾਹੀਦੀ ਹੈ ।ਘਰ ਖ਼ਰੀਦਣਾ ਹੀ ਹੈ ਤਾਂ ਇੱਥੇ ਖ਼ਰੀਦ ਲਉ ਅਤੇ ਇੱਥੇ ਅਸੀਂ ਸਾਰੇ ਦੇਖਭਾਲ ਤਾਂ ਕਰ ਸਕਾਂਗੇ। ਨਾਲੇ ਡੈਡ ਤੁਸੀਂ ਕਹਿੰਦੇ ਹੋ ਕਿ ਤੁਸੀਂ ਉੱਥੇ ਜਾਕੇ ਰਹੋਂਗੇ,ਅਸੀਂ ਨਹੀਂ ਮੰਨਦੇ ,ਤੁਹਾਡੇ ਤੋਂ ਛੇ ਮਹੀਨੇ ਨਹੀਂ ਕੱਟੇ ਜਾਣੇ,ਕਿਉਂਕਿ ਅਸੀਂ ਵਲੈਤ ਦੇ ਸਿਸਟਮ’ਚ ਇੰਨਾ ਰਚ-ਮਿਚ ਗਏ ਹਾਂ ਮਾੜੀ ਜਿਹੀ ਔਖਿਆਈ ਆ ਜਾਵੇ ਤਾਂ ਅਸੀਂ ਔਖੇ ਹੋ ਜਾਨੇ ਹਾਂ।ਇੱਥੇ ਤਾਂ ਟੈਲੀਫੋਨਾਂ ਰਾਹੀ ਸਾਰੇ ਕੰਮ ਹੋ ਜਾਂਦੇ ਹਨ।ਭਾਰਤ ਵਿਚ ਇਕ ਕੰਮ ਕਰਵਾਉਣਾ ਹੋਵੇ ਤਾਂ ਸੌ ਬੰਦਿਆਂ ਦੀਆਂ ਮਿੰਨਤਾਂ ਕਰਨੀਆਂ ਪੈਂਦੀਆ ਹਨ,ਰਿਸ਼ਵਤ ਅਤੇ ਸਿਫ਼ਾਰਸ਼ ਤੋਂ ਬਗੈਰ ਕੋਈ ਬਾਤ ਨਹੀਂ ਪੁੱਛਦਾ, ਤੇ ਫੇਰ ਘਸਾਈ ਜਾਉ ਜੁੱਤੀਆਂ ਸਵੇਰ ਤੋਂ ਸ਼ਾਮ ਤੱਕ।”
ਬੱਚਿਆਂ ਨੇ ਇਹ ਕਹਿਕੇ ਮੇਰੀਆਂ ਉਮੀਦਾਂ ਤੇ ਪਾਣੀ ਫੇਰ ਦਿੱਤਾ।ਪਰ ਮੈਂ ਵੀ ਮੰਨਣ ਵਾਲਿਆਂ ਚੋਂ ਨਹੀਂ ਸੀ ।ਭਾਰਤ ਜਾਕੇ ਕੋਠੀ ਪਾਉਣ ਵਾਸਤੇ ਲੋਕਾਂ ਨੇ ਅੱਡ ਅੱਡ ਸਲਾਹ ਦਿੱਤੀ ਕੋਈ ਪਿੰਡ ਵਿਚ ਕਹਿੰਦਾ ਸੀ ਤੇ ਕੋਈ ਸ਼ਹਿਰ ਵਿਚ ਕੋਠੀ ਪਾਉਣ ਵਾਸਤੇ ਕਹਿੰਦਾ ਸੀ। ਇਕ ਪ੍ਰਾਪਰਟੀ ਡਵੈਲਪਰ ਦੀ ਸਲਾਹ ਮੰਨ ਕੇ ਸ਼ਹਿਰ ਵਿਚ ਕੋਠੀ ਬਣਾਉਂਣ ਦਾ ਮਨ ਬਣਾ ਲਿਆ। ਮੈਨੂੰ ਉਹ ਕਹਿਣ ਲiੱਗਆ,ਸਰਦਾਰ ਨਿਰਮਲ ਸਿੰਘ ਜੀ ਕੋਠੀ ੳੁੱਥੇ ਪਾਇਉ ਜਿੱਥੇ ਹਾਲੇ ਬਹੁਤੀ ਡਵੈਲਪਮੈਂਟ ਨਹੀਂ ਹੋਈ ਦਸਾਂ ਸਾਲਾਂ ਤੱਕ ਦੇਖਿਉ ਘਰਾਂ ਦੀਆਂ ਕੀਮਤਾਂ ਅਸਮਾਨ ਨੂੰ ਛੁਹ ਲੈਣਗੀਆਂ, ਮੇਰਾ ਇਕ ਰਿਸ਼ਤੇਦਾਰ ਪਲਾਟ ਵੇਚਣਾ ਚਾਹੁੰਦਾ ਹੈ ਉਸ ਵਿਚ ਘਰ ਪਾਉਣ ਦੀ ਹਿੰਮਤ ਨਹੀਂ ,ਨਾਲੇ ਉਸਨੂੰ ਪੈਸੇ ਦੀ ਜਰੂਰਤ ਹੈ ਸਸਤੇ ਭਾਅ ਵਿਚ ਵੇਚ ਰਿਹਾ ਹੈ।”
ਪਤਾ ਨਹੀਂ ਉਸ ਪਲਾਟ ਵਿਚ ਉਸਨੇ ਕਿੰਨੇ ਪੈਸੇ ਬਣਾਏ ਹੋਣਗੇ।ਮੈਨੂੰ ਵਲੈਤ ਆਉਣ ਦੀ ਕਾਹਲ ਸੀ ,ਜਿੰਨੇ ਪੈਸੇ ਉਸਨੇ ਕਿਹੇ ਮੈਂ ਦੇ ਦਿੱਤੇ ,ਸੋਚਿਆਂ ਇਕ ਵਾਰੀ ਪਲਾਟ ਆਵਦੇ ਨਾਂ ਲੁਆ ਲਵਾਂ ਫੇਰ ਘਰ ਵੀ ਪਾਅ ਲਉਂਗਾ।ਕਾਗਜ ਪੱਤਰ ਪੜ੍ਹਣ ਤੋਂ ਬਾਅਦ ਪਤਾ ਲiੱਗਆ ਕਿ ਪਲਾਟ ਮੇਰੇ ਨਾਂ ਤੇ ਨਹੀਂ ਸੀ ਚੜ੍ਹਿਆ ਮੈਂ ਜਦੋਂ ਪਲਾਟ ਵਾਲੀ ਗੱਲ ਆਪਣੇ ਬiੱਚਆਂ ਨੂੰ ਦੱਸੀ ਪਹਿਲਾਂ ਤਾਂ ਉਹ ਬੜੇ ਹੱਸੇ ਫੇਰ ਕਹਿਣ ਲੱਗੇ,”ਡੈਡੀ ਤੁਹਾਨੂੰ ਕੀ ਕਿਹਾ ਸੀ,ਤੁਸੀਂ ਨਹੀਂ ਨਾ ਮੰਨੇ,ਭਾਰਤ ਵਿਚ ਕੋਠੀ ਪਾਉਣ ਦਾ ਖ਼ਿਆਲ ਛੱਡ ਦਿਉ ਜਿਹੜਾ ਪੈਸੇ ਦਾ ਨੁਕਸਾਨ ਹੋਇਆ ਹੈ ਉਹ ਪੈਸੇ ਤਾਂ ਵਾਪਸ ਨਹੀਂ ਆਉਣ ਲੱਗੇ ,ਹਾਲੇ ਵੀ ਵਕਤ ਹੈ ਸੰਭਲ ਜਾਉ ਭਾਰਤ ਵਿਚ ਘਰ ਬਣਾਉਂਣ ਦਾ ਖ਼ਿਆਲ ਛੱਡ ਦਿਉ ਵੇਲਾ ਟੱਪਣ ਤੋਂ ਬਾਅਦ ਕੁਝ ਹੱਥ ਨਹੀਂ ਆਉਣਾ।”
ਪਰ ਮੇਰੀ ਜਿਦ ਸੀ ਕਿ ਭਾਰਤ ਵਿਚ ਕੋਠੀ ਜਰੂਰ ਪਾਉਣੀ ਐਂ।ਪੈਸਿਆਂ ਦਾ ਪਹਿਲਾਂ ਨੁਕਸਾਨ ਹੋ ਜਾਣ ਤੋਂ ਬਾਅਦ ਸੋਚਿਆ ਬਣੀ ਹੋਈ ਕੋਠੀ ਖ਼ਰੀਦਕੇ ਕੋਠੀ ਨੂੰ ਕਿਰਾਏ ਤੇ ਚੜ੍ਹਾ ਦਿੱਤਾ ਜਾਵੇ ਅਤੇ ਪੰਜ ਸਾਲ ਬਾਅਦ ਜਦੋਂ ਰਿਟਾਇਰ ਹੋਵਾਂਗਾ ਤਾਂ ਭਾਰਤ ਵਿਚ ਰਹਿਣ ਲੱਗ ਜਾਵਾਂਗੇ। ਬੱਚੇ ਭਾਵੇਂ ਇੱਥੇ ਹੀ ਰਹਿਣ ਮੈਂ ਤੇ ਘਰਵਾਲੀ ਨੇ ਭਾਰਤ ਵਿਚ ਰਹਿਣ ਦਾ ਪੱਕਾ ਇਰਾਦਾ ਕਰ ਲਿਆ ਸੀ। ਕੋਠੀ ਖ਼ਰੀਦਣ ਦੇ ਸਿਲਸਿਲੇ ਵਿਚ ਮੈਂ ਦੋ ਵਾਰੀ ਭਾਰਤ ਜਾਂਦਾ ਸੀ ,ਇਸ ਦੌਰਾਨ ਮੈਨੂੰ ਪਤਾ ਲiੱਗਆ ਕਿ ਜਿਸ ਪ੍ਰਾਪਰਟੀ ਡਵੈਲਪਰ ਨੂੰ ਮੈਂ ਪਲਾਟ ਖ਼ਰੀਦਣ ਵਾਸਤੇ ਪੈਸੇ ਦਿੱਤੇ ਸਨ ਉਹ ਪੂਰਾ ਠੱਗ ਸੀ ਅਤੇ ਉਹ ਹੋਰ ਵੀ ਬਹੁਤ ਸਾਰੇ ਲੋਕਾਂ ਦੇ ਪੈਸੇ ਮਾਰ ਗਿਆ ਸੀ ।ਉਹ ਇਵੇਂ ਹੀ ਬਰਾਨ ਪਈ ਜਮੀਨ ਦਿਖਾਕੇ ਲੋਕਾਂ ਤੋਂ ਪੈਸੇ ਠੱਗ ਰਿਹਾ ਸੀ ਤੇ ਹੁਣ ਉਹ ਗਾਇਬ ਹੈ।ਬਹੁਤ ਨਠ-ਭਜ ਤੋਂ ਬਾਅਦ ਇਕ ਮਿੱਤਰ ਦੇ ਕਹਿਣ ਤੇ ਇਕ ਏਜੰਟ ਨੇ ਕੋਠੀ ਦਿਖਾਈ ਘਰ ਤਾਂ ਅਸੀਂ ਬਹੁਤ ਦੇਖੇ ਸਨ ਪਰ ਮੈਨੂੰ ਅਤੇ ਮੇਰੀ ਪਤਨੀ ਨੂੰ ਇਹ ਕੋਠੀ ਬਹੁਤ ਪਸੰਦ ਆਈ ਸੀ,ਕਿੳਂੁਕਿ ਮਾਰਕੀਟ ਉਸ ਕੋਠੀ ਤੋਂ ਬਹੁਤੀ ਦੁਰ ਨਹੀਂ ਸੀ ਸਾਰੀਆਂ ਸੁਵੀਧਾਵਾਂ ਵੀ ਨੇੜੇ ਹੀ ਸਨ ਸੋਚਿਆਂ ਕੋਠੀ ਲੈਣੀ ਹੈ ਤਾਂ ਇਹੀ ਲੈਣੀ ਹੈ। ਅਤੇ ਪੰਜ ਛੇ ਭਾਰਤ ਦੇ ਚੱਕਰ ਲਗਾਕੇ ਬਹੁਤ ਖੱਜਲ ਖੁਆਰੀ ਤੋਂ ਬਾਅਦ ਕੋਠੀ ਆਪਣੇ ਨਾਂ ਕਰਵਾ ਲਈ ਭਾਰਤ ਵਿਚ ਕਿਹੜਾ ਦਫਤਰ ਸੀ ਜਿੱਥੇ ਮੈਂ ਨਹੀਂ ਸੀ ਗਿਆ,ਜਦੋਂ ਵੀ ਪੁੱਛਣਾ ਤਾਂ ਇਹੀ ਜਵਾਬ ਮਿਲਦਾ ਸੀ ਜੀ ਤੁਸੀਂ ਗਲਤ ਦਫਤਰ ਵਿਚ ਆ ਗਏ ਹੋ ਫਲਾਣੇ ਦਫਤਰ ਵਿਚ ਜਾਉ।ਕਦੇ ਬੱਸ ਤੇ ਕਦੇ ਥਰੀ ਵੀਲ੍ਹਰ ਤੇ ,ਤੇ ਕਦੇ ਟੈਕਸੀ ਤੇ, ਤੇ ਕਦੇ ਰੇਲ ਗੱਡੀ ਤੇ ਚੜ੍ਹ ਚੜ੍ਹ ਕੇ ਆਪਣੀਆਂ ਵੱਖੀਆਂ ਭਨਾ ਲਈਆਂ।,ਜਦੋਂ ਥਰੀ ਵੀਲਰ ਟੋਏ ਵਿਚ ਵੱਜਣਾ ਤਾਂ ਸਿਰ ਛੱਤ ਵਿਚ ਲਗਣਾ,ਇਕ ਵਾਰੀ ਤਾਂ ਥਰੀ ਵੀਲਰ ਵਾਲੇ ਨੂੰ ਮੈਂ ਕਹਿ ਹੀ ਦਿੱਤਾ ਬਾਬੂ ਜੀ ਮੈਨੂੰ ਪਤਾ ਹੈ ਟੋਇਆਂ ਵਿਚ ਕਿਤੇ ਕਿਤੇ ਸੜਕ ਬਣੀ ਹੋਈ ਹੈ ਪਰ ਜੇ ਤੁਸੀਂ ਹਰ ਸਵਾਰੀ ਨੂੰ ਹੈਲਮਟ ਦੇ ਦਿਆ ਕਰੋਂ ਤਾਂ ਕਮ-ਅਜ-ਕਮ ਸਿਰ ਤਾਂ ਟੁੱਟਣੋ ਬਚ ਜਾਵੇ।”
ਖੈਰ ਦੋ ਸਾਲ ਦੀ ਖੱਜਲ ਖੁਆਰੀ ਤੋਂ ਬਾਅਦ ਕੋਠੀ ਮੇਰੇ ਨਾਂ ਲੱਗ ਗਈ ।ਦਫਤਰਾਂ ਦੇ ਅਫਸਰਾਂ ਨੂੰ ਅਤੇ ਏਜੰਟ ਨੇ ਜਿਹੜੇ ਪੈਸੇ ਲਏ ਉਨ੍ਹਾਂ ਦੀ ਤਾਂ ਗਿਣਤੀ ਹੀ ਨਹੀਂ ਸੀ ਕੀਤੀ।ਮੈਨੂੰ ਕਿਉਂਕਿ ਰਿਟਾਇਰ ਹੋਣ ਵਿਚ ਹਾਲੇ ਤਿੰਨ ਸਾਲ ਰਹਿੰਦੇ ਸੀ ,ਇਸ ਕਰਕੇ ਏਜੰਟ ਰਾਹੀਂ ਕੋਠੀ ਕਿਰਾਏ ਤੇ ਚੜ੍ਹਾ ਦਿੱਤੀ,ਅਤੇ ਨਾਲ ਹੀ ਉਸਨੂੰ ਕਹਿ ਦਿੱਤਾ ਕਿ ਮੈਥੋਂ ਤਾਂ ਵਾਰ-ਵਾਰ ਆਇਆ ਨਹੀਂ ਜਾਣਾ ਕੋਠੀ ਦੀ ਮੁਰੰਮਤ ਤੂੰ ਹੀ ਕਰਾ ਦਿਆ ਕਰੀਂ ਅਤੇ ਕਿਰਾਏ ਵਿੱਚੋਂ ਪੈਸੇ ਕੱਟ ਲਿਆ ਕਰੀਂ।ਕਿਰਾਏ ਦੇ ਪੈਸੇ ਤਾਂ ਕੀ ਮਿਲਣੇ ਸਨ ਸਗੋਂ ਏਜੰਟ ਹੋਰ ਪੈਸੇ ਮੰਗਵਾ ਲਿਆ ਕਰੇ।ਮੇਰੀ ਘਰਵਾਲੀ ਰੋਜਾਨਾ ਕਹਿੰਦੀ ਰਹਿੰਦੀ ਸੀ “ਤੁਸੀਂ ਦੇਖ ਕੇ ਤਾਂ ਆਉ ਕਿਤੇ ਏਜੰਟ ਵਿੱਚੋਂ ਪੈਸੇ ਨਾ ਖਾਂਦਾ ਹੋਵੇ, ਇੰਨੀ ਕਿਹੜੀ ਰੋਜਾਨਾ ਮੁਰੰਮਤ ਨਿਕਲ ਆਉਂਦੀ ਹੈ ਨਵਾਂ ਘਰ ਹੈ ਬਹੁਤਾ ਚਿਰ ਤਾਂ ਕੋਠੀ ਬਣੀ ਨੂੰ ਹੋਇਆ ਨਹੀਂ ।”
ਇਕ ਵਾਰੀ ਛੁਟੀ ਲੈਕੇ ਭਾਰਤ ਗਿਆ ਤਾਂ ਕੋਠੀ ਦੀ ਖਸਤਾ ਹਾਲਤ ਦੇਖ ਕੇ ਮੇਰੇ ਤਾਂ ਹੋਸ਼ ਹੀ ਉੱਡ ਗਏ ।ਕੰਧਾਂ ਦਾ ਪਲਾਸਟਰ ਉਖੜਿਆ ਪਿਆ ਸੀ,ਛੱਤਾਂ ਚੋ ਰਹੀਆਂ ਸਨ, ਸਾਰੀਆਂ ਟੁਆਇਲਟਾਂ ਟੁੱਟੀਆਂ ਪਈਆਂ ਸਨ,ਕੁੱਲ ਮਿਲਾਕੇ ਕੋਠੀ ਦਾ ਬੁਰਾ ਹਾਲ ਸੀ।ਕਿਰਾਏ ਦਾਰਾਂ ਤੋਂ ਪਤਾ ਲੱਗਿਆ ਕਿ ਉਹ ਏਜੰਟ ਨੂੰ ਕਹਿ ਕਹਿ ਥੱਕ ਗਏ ਹਨ ਉਹ ਅੱਜ ਤਕ ਲਾਰਿਆਂ ਤੇ ਰੱਖਦਾ ਆਇਆ ਹੈ ਰੋਜਾਨਾ ਕਹਿ ਦਿੰਦਾ ਹੈ ਕਿ ਅੱਜ ਆਉਂਗਾ ਕੱਲ ਆਉਂਗਾ,ਸਗੋਂ ਅਸੀਂ ਆਵਦੇ ਕੋਲੋਂ ਪੈਸੇ ਲਗਾਕੇ ਜਰੂਰੀ ਮੁਰੰਮਤ ਕਰਵਾਉਂਦੇ ਰਹੇ ਹਾਂ ।”ਤੇ ਕਿਰਾਏ ਦਾਰ ਨੇ ਇਕ ਲੰਮਾਂ ਸਾਰਾ ਬਿੱਲ ਮੇਰੇ ਅੱਗੇ ਧਰ ਦਿੱਤਾ ਮੈਂ ਘਰ ਦੀ ਸਾਰੀ ਮੁਰੰਮਤ ਵੀ ਕਰਾਈ ਅਤੇ ਕਿਰਾਏ ਦਾਰ ਨੂੰ ਉਸਦੇ ਬਿੱਲ ਦੇ ਪੈਸੇ ਵੀ ਚੁਕਾਏ। ਮੈਂ ਕਿਰਾਏਦਾਰ ਨੂੰ ਕਿਹਾ ਕਿ ਦੋ ਮਹੀਨਿਆਂ ਤੱਕ ਮੈਂ ਰਿਟਾਇਰ ਹੋ ਜਾਣਾ ਹੈ ਅਸੀਂ ਹੁਣ ਇੱਥੇ ਆਕੇ ਰਹਾਂਗੇ ਤੁਸੀਂ ਘਰ ਖਾਲੀ ਕਰ ਦਿਊ ਤੁਹਾਡੀ ਬੜੀ ਮੇਹਰਬਾਨੀ ਹੋਵੇਗੀ।”
ਮੈਨੂੰ ਉਹ ਕਹਿਣ ਲiੱਗਆ ,!” ਸਰਦਾਰ ਸਾਹਬ,ਤੁਸੀਂ ਕਹਿ ਦਿੱਤਾ ਤੇ ਅਸੀਂ ਘਰ ਖਾਲੀ ਕਰ ਦਿੱਤਾ।ਇੰਨੇ ਸਾਲਾਂ ਤੋਂ ਅਸੀਂ ਇੱਥੇ ਰਹਿ ਰਹੇ ਹਾਂ ,ਮੇਰੀ ਨੌਕਰੀ ਘਰ ਤੋਂ ਬਹੁਤੀ ਦੂਰ ਨਹੀਂ, ਸਾਡੇ ਬiੱਚਆਂ ਦਾ ਸਕੁਲ, ਅਤੇ ਕਾਲਜ ਘਰ ਦੇ ਨੇੜੇ ਹੈ ਮਾਰਕੀਟ ਅਤੇ, ਟਰਾਂਸਪੋਰਟ ਦੀ ਵੀ ਸੁਵਿਧਾ ਹੈ, ਇਵੇਂ ਕਿਵੇਂ ਕੋਠੀ ਖਾਲੀ ਕਰ ਦੇਈਏ।ਅਸੀਂ ਘਰ ਖਾਲੀ ਨਹੀਂ ਕਰਨਾ ਹਾਂ ਜੇ ਤੁਹਾਨੂੰ ਘਰ ਚਾਹੀਦਾ ਹੈ ਤਾਂ ਸਾਨੂੰ ਪੰਝਾ ਲੱਖ ਦੀ ਪਗੜੀ ਚਾਹੀਦੀ ਹੈ ਤਾਂ ਕਿ ਅਸੀਂ ਆਵਦਾ ਇੰਤਜਾਮ ਹੋਰ ਕਿਤੇ ਕਰ ਸਕੀਏ।”
ਪੰਝਾਂ ਲੱਖ ਦਾ ਨਾਂ ਸੁਣ ਕੇ ਮੈਂ ਤਾਂ ਡਿੱਗਣ ਵਾਲਾ ਹੋ ਗਿਆ, ਮੈਂ ਸੋਚਿਆ ਬੁਰੇ ਫਸੇ ਮੈ ਵੀ ਸੋਚ ਲਿਆ ਸੀ ਕਿਰਾਏ ਦਾਰ ਨੂੰ ਪਗੜੀ ਨਹੀਂ ਦੇਣੀ ਇਸਨੂੰ ਕੋਰਟ ਵਿਚ ਲੈਕੇ ਜਾਵਾਂਗਾ।ਤੇ ਮੈਂ ਉਸਦੇ ਖ਼ਿਲਾਫ਼ ਕੋਰਟ ਵਿਚ ਮੁਕੱਦਮਾ ਕਰ ਦਿੱਤਾ ਉਹ ਭਾਰਤ ਵਿਚ ਰਹਿੰਦਾ ਸੀ ਉਸਦੀ ਜਾਣ-ਪਛਾਣ ਦੂਰ ਤੱਕ ਸੀ ਉਸਨੇ ਰਿਸ਼ਵਤ ਦੇਕੇ ਅਫਸਰ ਤੇ ਪੁਲਿਸ ਵਾਲੇ ਹੱਥ ਵਿਚ ਕੀਤੇ ਹੋਏ ਸਨ । ਪਹਿਲਾਂ ਮੈਂ ਭਾਰਤ ਵਿਚ ਦੋ ਚੱਕਰ ਲਗਾਉਂਦਾ ਸੀ ਰਿਟਾਇਰ ਹੋਣ ਤੋਂ ਬਾਅਦ ਮੈਂ ਚਾਰ ਚੱਕਰ ਲਗਾਉਂਣ ਲੱਗ ਗਿਆ ਜਦੋਂ ਵੀ ਤਰੀਕ ਭੁਗਤਨ ਜਾਂਦਾ ਸੀ ਉਹ ਤਰੀਕ ਅੱਗੇ ਪੁਆ ਦਿੰਦਾ ਸੀ ।ਘਰ ਦਿਆਂ ਨੇ ਬਹੂਤ ਸਮਝਾਇਆ ਕਿ ਇਹੋ ਜਿਹੇ ਗੁੰਡੇ ਲੋਕਾਂ ਦਾ ਪਤਾ ਨਹੀਂ ਹੁੰਦਾ ਚਾਰ ਬੰਦਿਆਂ ਨੂੰ ਸੁਪਾਰੀ ਦੇਕੇ ਤੁਹਾਡਾ ਕਤਲ ਵੀ ਕਰਵਾ ਸਕਦਾ ਹੈ।ਪਰ ਮੈਂ ਨਹੀਂ ਸੀ ਮੰਨਿਆਂ ਮੈਂ ਕਿਹਾ ਤੁਸੀਂ ਇਵੇਂ ਡਰੀ ਜਾਨੇ ਹੋਂ ਇਉਂ ਉਹ ਕਿਹੜਾ ਮੈਨੂੰ ਮੁੰਹ ਵਿਚ ਪਾਉਣ ਲੱਗਿਅ ਹੈ।ਅਖੀਰ ਪੰਜ ਸਾਲ ਲਗਾਕੇ ਵੀ ਮੁਕੱਕਮੇ ਦਾ ਫੈਸਲਾ ਨਾ ਹੋ ਸਕਿਆ ਅਤੇ ਲੱਖਾਂ ਰੁਪਏ ਗਾਲ ਦਿੱਤੇ,ਖੱਜਲ-ਖਆਰੀ ਵਾਧੂ ਦੀ ਹੋਈ ਉਹ ਪਿਛਲੇ ਪੰਜ ਸਾਲਾਂ ਤੋਂ ਕਿਰਾਇਆ ਵੀ ਨਹੀਂ ਸੀ ਦੇ ਰਿਹਾ ਅਤੇ ਕਹਿੰਦਾ ਸੀ ਮੇਰੇ ਤੇ ਤੁਸੀਂ ਮੁਕੱਦਮਾ ਕੀਤਾ ਹੋਇਆ ਹੈ ਮੈਂ ਉਨਾ ਚਿਰ ਪੈਸੇ ਨਹੀਂ ਦੇਣੇ ਜਿੰਨਾ ਚਿਰ ਮੁਕੱਦਮੇ ਦਾ ਫੇਸਲਾ ਨਹੀਂ ਹੋ ਜਾਂਦਾ । ਮੈਨੂੰ ਇਹ ਵੀ ਪਤਾ ਲਗਿਆ ਕਿ ਜਿਸ ਏਜੰਟ ਤੋਂ ਮੈਂ ਘਰ ਖ਼ਰੀਦਿਆ ਸੀ ਕਿਰਾਏਦਾਰ ਉਸਦਾ ਹੀ ਬੰਦਾ ਸੀ ।ਅਖੀਰ ਇਕ ਮਿੱਤਰ ਨੇ ਮਾਫ਼ਿਆਂ ਨਾਲ ਮੇਰੀ ਜਾਣ ਪਛਾਣ ਕਰਾਈ ਮਾਫਿਆ ਨਾਲ ਗੱਲ ਬਾਤ ਕਰਨ ਤੋਂ ਪਹਿਲਾਂ ਮੈਂ ਇਹ ਸ਼ਰਤ ਰੱਖੀ ਕਿ ਤੁਸੀ ਕਰਾਏਦਾਰ ਨੂੰ ਪਗੜੀ ਨਹੀਂ ਦੇਣੀ ਮੇਰੀ ਇਹ ਸ਼ਰਤ ਮਮਜੂਰ ਹੈ ਤਾਂ ਮੈਂ ਤੁਹਾਨੂੰ ਘਰ ਦੇ ਦੇਵਾਂਗਾ ਤੇ ਮਾਫ਼ਿਆ ਦਾ ਇੰਚਾਰਜ ਮੈਨੂੰ ਕਹਿਣ ਲiੱਗਆ ਤੁਸੀਂ ਬੇ ਫ਼ਿਕਰ ਹੋ ਜਾਉ ਕਿਰਾਏਦਾਰ ਨੂੰ ਇਕ ਪੈਸਾ ਨਹੀਂ ਮਿਲੇਗਾ ਤੇ ਅਧੇ ਮੁੱਲ ਵਿਚ ਮਾਫਿਆ ਨੂੰ ਮੈਂ ਕੋਠੀ ਵੇਚ ਦਿੱਤੀ ,ਤੇ ਅੱਗੇ ਤੋਂ ਕੰਨਾ ਨੂੰ ਲਗਾ ਲਏ ਹੱਥ ਕਿ ਅੱਗੇ ਤੋਂ ਭਾਰਤ ਵਿਚ ਕੋਠੀ ਨਹੀਂ ਖ਼ਰੀਦਣੀ। ਮੈਨੂੰ ਮੇਰੇ ਮਿੱਤਰ ਨੇ ਦੱਸਿਆ ਕਿ ਮਾਫ਼ਿਆ ਨੇ ਅੱਗੇ ਦੁਗਣੇ ਮੁੱਲ ਵਿਚ ਕੌਠੀ ਵੇਚਣ ਤੋਂ ਪਹਿਲਾਂ ਪੁਲਿਸ ਵਾਲਿਆਂ ਨੂੰ ਪੈਸੇ ਦੇਕੇ ਰਾਤੋ ਰਾਤ ਟੱਰਕ ਲਿਆਕੇ ਸਮਾਨ ਦੇ ਸਣੇ ਕਿਰਾਏਦਾਰ ਦੇ ਪਰਿਵਾਰ ਨੂੰ ਰਾਜਸਥਾਨ ਦੇ ਟਿੱਬਿਆਂ ਵਿਚ ਛੱਡ ਆਏ ਅਤੇ ਦੂਜੇ ਦਿਨ ਨਵਾਂ ਮਾਲਕ ਕੌਠੀ ਵਿਚ ਆ ਗਿਆ। ਕਿਰਾਏ ਦਾਰ ਹੁਣ ਜਣੇ ਖਣੇ ਦਿਆਂ ਮਿੰਨਤਾਂ ਕਰਦਾ ਫਿਰਦਾ ਹੈ ਤੇ ਪੁਲਿਸ ਵੀ ਹੁਣ ਮਾਫੀਏ ਨੂੰ ਹੱਥ ਨਹੀਂ ਪਾਉਂਦੀ ਕਿਉਂਕਿ ਮਾਫੀਆ ਨੇ ਪੁਲਸ ਵਾਲਿਆਂ ਨੂੰ ਚੰਗਾ ਮਾਲ ਸ਼ਕਾਇਆ ਸੀ । ਬੱਚੇ ਮੇਰੇ ਨਾਲ ਅੱਡ ਗੁੱਸੇ ਸਨ ਅਤੇ ਕਹਿਣ ਲੱਗ, “ੇ ਕੀ ਲਾਭ ਹੋਇਆ ਕਰੋੜਾਂ ਰੁਪਏ ਲਗਾਕੇ ਅਕਲ ਟਿਕਾਣੇ ਆਈ, ਤੁਸੀਂ ਉਦੋਂ ਸਾਡੀ ਗੱਲ ਨਹੀਂ ਸੀ ਮੰਨੀ, ਜੇ ਸਾਡੀ ਗੱਲ ਮੰਨ ਲੈਂਦੇ ਤਾ ਪੈਸਿਆਂ ਦਾ ਨੁਕਸਾਨ ਨਾ ਹੁੰਦਾ ਅਤੇ ਵਾਧੂ ਦੀ ਖੱਜਲ- ਖੁਆਰੀ ਤੋਂ ਬਚ ਜਾਂਦੇ ।ਹੁਣ ਦੱਸੋ ਕੀ ਲਾਭ ਹੋਇਆ ਭਾਰਤ ਵਿਚ ਕੌਠੀ ਪਾਉਣ ਦਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅਧਿਆਪਕ ਆਗੂ ਜਗਮੋਹਨ ਸਿੰਘ ਥਿੰਦ ਨੂੰ ਸਦਮਾ, ਮਾਤਾ ਦਾ ਦਿਹਾਂਤ
Next articleਚੋਰ