ਭਾਰਤ ਨੇ ਰੱਖਿਆ ਉਤਪਾਦਨ ਖੇਤਰ ਨੂੰ ਨਵੀਂ ਦਿਸ਼ਾ ਦਿੱਤੀ: ਮੋਦੀ

ਬੰਗਲੁਰੂ (ਸਮਾਜ ਵੀਕਲੀ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਭਾਰਤ ਨੇ ਪਿਛਲੇ 8-9 ਸਾਲਾਂ ਵਿਚ ਆਪਣੇ ਰੱਖਿਆ ਉਤਪਾਦਨ ਨੂੰ ਨਵੀਂ ਦਿਸ਼ਾ ਦਿੱਤੀ ਹੈ ਤੇ ਇਸ ਖੇਤਰ ਨੂੰ ਸੁਰਜੀਤ ਕੀਤਾ ਹੈ। ਭਾਰਤ ਹੁਣ ਦੁਨੀਆ ਦੇ ਮੋਹਰੀ ਰੱਖਿਆ ਉਤਪਾਦਕ ਮੁਲਕਾਂ ਵਿਚ ਸ਼ਾਮਲ ਹੋਣ ਲਈ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ। ਉਨ੍ਹਾਂ ਇਸ ਦਾ ਸਿਹਰਾ ਸਾਜ਼ਗਾਰ ਆਰਥਿਕ ਨੀਤੀਆਂ ਨੂੰ ਦਿੱਤਾ।

ਇੱਥੇ ਯੇਲਾਹੰਕਾ ਏਅਰ ਫੋਰਸ ਸਟੇਸ਼ਨ ’ਤੇ ਏਸ਼ੀਆ ਦੇ ਸਭ ਤੋਂ ਵੱਡੇ ਏਅਰ ਸ਼ੋਅ ‘ਏਅਰੋ ਇੰਡੀਆ 2023’ ਦਾ ਉਦਘਾਟਨ ਕਰਦਿਆਂ ਮੋਦੀ ਨੇ ਕਿਹਾ ਕਿ ਇਹ ਸਮਾਗਮ ਜੋ ਕਿ ਪਹਿਲਾਂ ਸਿਰਫ਼ ‘ਭਾਰਤ ਨੂੰ ਸਾਜ਼ੋ-ਸਾਮਾਨ ਵੇਚਣ ਦੀ ਖਿੜਕੀ ਸੀ’, ਹੁਣ ਸੰਭਾਵੀ ਰੱਖਿਆ ਭਾਈਵਾਲ ਵਜੋਂ ਦੇਸ਼ ਦੀ ਸਮਰੱਥਾ ਨੂੰ ਦੁਨੀਆ ਅੱਗੇ ਰੱਖ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤ 75 ਮੁਲਕਾਂ ਨੂੰ ਰੱਖਿਆ ਉਪਕਰਨ ਭੇਜ ਰਿਹਾ ਹੈ। ਇਸ ਖੇਤਰ ਵਿਚ ਕਈ ਸੁਧਾਰਾਂ ਤੇ ਪ੍ਰਾਪਤੀਆਂ ਦਾ ਹਵਾਲਾ ਦਿੰਦਿਆਂ ਮੋਦੀ ਨੇ ਭਾਰਤ ਨੂੰ ਮਜ਼ਬੂਤ ਨਿਵੇਸ਼ ਸਥਾਨ ਵਜੋਂ ਪੇਸ਼ ਕੀਤਾ। ਉਨ੍ਹਾਂ ਕਿਹਾ ਕਿ ਫ਼ੌਜੀ ਸਾਜ਼ੋ-ਸਾਮਾਨ ਦੇ ਉਤਪਾਦਨ ਵਿਚ ਭਾਰਤ ਮਹੱਤਵਪੂਰਨ ਸਥਾਨ ਬਣਦਾ ਜਾ ਰਿਹਾ ਹੈ।

ਭਾਰਤ 2024-25 ਤੱਕ ਆਪਣੀ ਰੱਖਿਆ ਬਰਾਮਦ 1.5 ਅਰਬ ਅਮਰੀਕੀ ਡਾਲਰ ਤੋਂ ਪੰਜ ਅਰਬ ਡਾਲਰ ਤੱਕ ਲਿਜਾਣ ਬਾਰੇ ਸੋਚ ਰਿਹਾ ਹੈ। ਇਸ ਸਮਾਗਮ ’ਚ ਅਮਰੀਕੀ ਹਵਾਈ ਸੈਨਾ ਦੇ ਦੋ ਐਫ-35ਏ ਬਹੁਮੰਤਵੀ ਸੁਪਰਸੌਨਿਕ ਜਹਾਜ਼ ਖਿੱਚ ਦਾ ਕੇਂਦਰ ਰਹੇ। ਇਸ ਮੌਕੇ ਭਾਰਤ ਤੇ ਵਿਦੇਸ਼ ਦੀਆਂ ਕਈ ਵੱਡੀਆਂ ਰੱਖਿਆ ਕੰਪਨੀਆਂ ਦੇ ਅਧਿਕਾਰੀ ਹਾਜ਼ਰ ਸਨ। ਹਵਾਈ ਸੈਨਾ ਦੇ ਮੁਖੀ ਵੀ.ਆਰ. ਚੌਧਰੀ ਵੀ ਇਸ ਮੌਕੇ ਹਾਜ਼ਰ ਸਨ। ਇਸ ਦੌਰਾਨ ਤੇਜਸ ਜਹਾਜ਼ਾਂ ਨੇ ਫਲਾਈਪਾਸਟ ਵੀ ਕੀਤਾ। ਅਧਿਕਾਰੀਆਂ ਨੇ ਦੱਸਿਆ ਕਿ ਏਅਰੋ ਇੰਡੀਆ ਦੌਰਾਨ 250 ਸਮਝੌਤੇ ਸਿਰੇ ਚੜ੍ਹਨ ਦੀ ਆਸ ਹੈ ਜਿਸ ਨਾਲ 75 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਆ ਸਕਦਾ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇਸ ਮੌਕੇ ਕਿਹਾ ਕਿ ਏਅਰੋ ਇੰਡੀਆ ਭਾਰਤ ਵਿਚ ਏਅਰੋਸਪੇਸ ਸੈਕਟਰ ਨੂੰ ਹੋਰ ਹੁਲਾਰਾ ਦੇਵੇਗਾ। ਰਾਜਨਾਥ ਸਿੰਘ ਭਲਕੇ ਰੱਖਿਆ ਮੰਤਰੀਆਂ ਦੇ ਸੰਮੇਲਨ ਦੀ ਮੇਜ਼ਬਾਨੀ ਵੀ ਕਰਨਗੇ।

ਰੱਖਿਆ ਮੰਤਰੀ ਨੇ ਇਸ ਮੌਕੇ ਕਈ ਮੋਹਰੀ ਕੰਪਨੀਆਂ ਦੇ ਅਧਿਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਫ਼ੌਜੀ ਉਪਕਰਨਾਂ ਲਈ ਹੁਣ ‘ਅਸੈਂਬਲੀ ਵਰਕਸ਼ਾਪ’ ਨਹੀਂ ਬਣਿਆ ਰਹਿਣਾ ਚਾਹੁੰਦਾ ਬਲਕਿ ਅਤਿ-ਆਧੁਨਿਕ ਰੱਖਿਆ ਸਾਮਾਨ ਬਣਾਉਣਾ ਇਸ ਦਾ ਮੰਤਵ ਹੈ। ਏਅਰੋ ਇੰਡੀਆ ਵਿਚ ਏਅਰਬਸ, ਬੋਇੰਗ, ਦਾਸੋ, ਲੌਕਹੀਡ ਮਾਰਟਿਨ ਤੇ ਹੋਰ ਫਰਮਾਂ ਹਿੱਸਾ ਲੈ ਰਹੀਆਂ ਹਨ।

 

Previous articleਮੁੱਖ ਮੰਤਰੀ ਤੇ ਰਾਜਪਾਲ ’ਚ ਠੰਢੀ ਜੰਗ ਮੁੜ ਤੇਜ਼
Next articleForeign Secretary Kwatra meets Nepal President, PM