ਪਟਿਆਲਾ, (ਸਮਾਜ ਵੀਕਲੀ) (ਅੰਗਰੇਜ ਸਿੰਘ ਵਿੱਕੀ) ਪੰਜਾਬੀ ਯੂਨੀਵਰਸਿਟੀ ਦੇ ਇਕ ਤਾਜ਼ਾ ਪੀ-ਐੱਚ.ਡੀ.ਅਧਿਐਨ ਵਿੱਚ ਭਾਰਤ ਅਤੇ ਕੈਨੇਡਾ ਦਰਮਿਆਨ ਵਪਾਰਕ ਸਬੰਧਾਂ ਦੀ ਸਮੀਖਿਆ ਕਰਨ ਅਤੇ ਪੰਜਾਬ ਤੋਂ ਨਿਰਯਾਤ ਨੂੰ ਹੁਲਾਰਾ ਦੇਣ ਦੀ ਲੋੜ ‘ਤੇ ਜ਼ੋਰ ਦਿੱਤਾ ਗਿਆ ਹੈ। ਯੂਨੀਵਰਸਿਟੀ ਦੇ ਅਰਥ ਸ਼ਾਸਤਰ ਵਿਭਾਗ ਦੇ ਡਾ.ਦਵਿੰਦਰ ਕੁਮਾਰ ਮਦਾਨ ਦੀ ਅਗਵਾਈ ਹੇਠ ਇਹ ਖੋਜ ਕਾਰਜ ਖੋਜਾਰਥੀ ਡਾ.ਮਨਮੀਤ ਕੌਰ ਵੱਲੋਂ ਕੀਤਾ ਗਿਆ ਹੈ। ਡਾ.ਮਨਮੀਤ ਕੌਰ ਨੇ ਦੱਸਿਆ ਕਿ ਅਧਿਐਨ ਮੁਤਾਬਕ, ਕੈਨੇਡਾ ਨੂੰ ਭਾਰਤ ਵੱਲੋਂ ਕੀਤਾ ਜਾਂਦਾ ਨਿਰਯਾਤ ਸਾਲ 1995 ਵਿੱਚ 30 ਮਿਲੀਅਨ ਅਮਰੀਕੀ ਡਾਲਰ ਸੀ, ਜੋ 2024 ਵਿੱਚ ਵਧ ਕੇ 4,140 ਮਿਲੀਅਨ ਡਾਲਰ ਹੋ ਗਿਆ ਹੈ। ਇਸੇ ਤਰ੍ਹਾਂ ਕੈਨੇਡਾ ਤੋਂ ਹੁੰਦਾ ਅਯਾਤ 38 ਮਿਲੀਅਨ ਡਾਲਰ ਤੋਂ ਵਧ ਕੇ 4,464 ਮਿਲੀਅਨ ਡਾਲਰ ਤੱਕ ਪਹੁੰਚ ਗਿਆ ਹੈ। ਭਾਰਤ ਵੱਲੋਂ ਮੁੱਖ ਤੌਰ ‘ਤੇ ਦਵਾਈਆਂ, ਜੰਮੇ ਹੋਏ ਝੀਂਗੇ, ਗਹਿਣੇ, ਜੈਵਿਕ ਮਿਸ਼ਰਣ, ਚਾਵਲ, ਹੀਰੇ, ਟੀ-ਸਰਟ, ਪਲਾਸਟਿਕ, ਟਰੈਕਟਰ ਅਤੇ ਮਸ਼ੀਨਾਂ ਦੇ ਪੁਰਜੇ ਅਤੇ ਕਾਸਟ ਆਇਰਨ ਆਦਿ ਕੈਨੇਡਾ ਭੇਜੇ ਜਾਂਦੇ ਹਨ। ਦੂਜੇ ਪਾਸੇ, ਕੈਨੇਡਾ ਤੋਂ ਸੁੱਕੇ ਮਟਰ, ਕੋਲਾ, ਦਾਲਾਂ, ਪੋਟਾਸ਼ੀਅਮ ਕਲੋਰਾਈਡ,ਅਖਬਾਰੀ ਕਾਗਜ਼ ਅਤੇ ਹੀਰੇ ਮੰਗਵਾਏ ਜਾਂਦੇ ਹਨ। ਭਾਰਤ ਦੀ ਨਿਰਯਾਤ ਪੂਰਕਤਾ (ਕੰਪਲੀਮੈਂਟੈਰਿਟੀ) 1995 ਵਿਚਲੇ ਅੰਕੜੇ 45.6% ਤੋਂ ਵਧ ਕੇ 2024 ਵਿੱਚ 83.2% ਹੋ ਗਈ ਹੈ, ਜੋ ਭਵਿੱਖ ਵਿੱਚ ਵੱਡੀਆਂ ਸੰਭਾਵਨਾਵਾਂ ਨੂੰ ਦਰਸਾਉਂਦੀ ਹੈ। ਉਨ੍ਹਾਂ ਦੱਸਿਆ ਕਿ ਕੈਨੇਡਾ ਵਿੱਚ ਰਹਿ ਰਹੇ 20 ਲੱਖ ਤੋਂ ਵੱਧ ਪੰਜਾਬੀ ਮੂਲ ਦੇ ਲੋਕ ਪੰਜਾਬੀ ਵਸਤੂਆਂ ਲਈ ਇੱਕ ਵੱਡਾ ਅਤੇ ਸਥਿਰ ਬਾਜ਼ਾਰ ਹਨ। ਪੰਜਾਬ ਹੁਣ ਸਿਰਫ਼ ਕੱਚਾ ਮਾਲ ਹੀ ਨਹੀਂ, ਸਗੋਂ ਪ੍ਰੋਸੈਸਡ ਫੂਡ ਅਤੇ ਹੋਰ ਵਸਤੂਆਂ ਵੀ ਵੱਡੀ ਪੱਧਰ ‘ਤੇ ਭੇਜ ਰਿਹਾ ਹੈ। ਬਾਸਮਤੀ ਚਾਵਲ ਪੰਜਾਬ ਤੋਂ ਹੁੰਦੇ ਨਿਰਯਾਤ ਦਾ ਮੁੱਖ ਹਿੱਸਾ ਹੈ, ਜਿਸ ਦੀ ਮੰਗ ਪੰਜਾਬੀ ਭਾਈਚਾਰੇ ਵਿੱਚ ਸਭ ਤੋਂ ਵੱਧ ਹੈ। ਹੋਰ ਖੇਤੀਬਾੜੀ ਉਤਪਾਦਾਂ ਵਿੱਚ ਅਨਾਜ ਤੋਂ ਬਣੀਆਂ ਵਸਤੂਆਂ ਅਤੇ ਡੇਅਰੀ ਉਤਪਾਦਾਂ ਦੀ ਮੰਗ ਤੇਜ਼ੀ ਨਾਲ਼ ਵਧੀ ਹੈ। ਅਨਾਜ ਤੋਂ ਬਣੇ ਪਦਾਰਥਾਂ (ਸਨੈਕਸ ਆਦਿ) ਦਾ ਨਿਰਯਾਤ 2017-18 ਵਿੱਚ 37 ਮਿਲੀਅਨ ਡਾਲਰ ਸੀ ਜੋ ਹੁਣ ਵਧ ਕੇ 2022-23 ਵਿੱਚ 67 ਮਿਲੀਅਨ ਡਾਲਰ ਹੋ ਗਿਆ ਹੈ। ਇਸੇ ਤਰ੍ਹਾਂ ਡੇਅਰੀ ਉਤਪਾਦ ਜਿਵੇਂ ਪਨੀਰ, ਘਿਓ ਅਤੇ ਮਿਠਾਈਆਂ ਵਰਗੇ ਰਵਾਇਤੀ ਉਤਪਾਦਾਂ ਦਾ ਨਿਰਯਾਤ ਵੀ 29 ਮਿਲੀਅਨ ਡਾਲਰ ਤੋਂ ਉਛਾਲ ਮਾਰ ਕੇ 59 ਮਿਲੀਅਨ ਡਾਲਰ ਤੱਕ ਪਹੁੰਚ ਗਿਆ ਹੈ।ਡਾ.ਦਵਿੰਦਰ ਕੁਮਾਰ ਮਦਾਨ ਨੇ ਦੱਸਿਆ ਕਿ ਕੈਨੇਡਾ ਵਿੱਚ ਵਸਿਆ ਪੰਜਾਬੀ ਭਾਈਚਾਰਾ ਖੇਤੀਬਾੜੀ, ਟਰਾਂਸਪੋਰਟੇਸ਼ਨ ਅਤੇ ਰੀਅਲ ਅਸਟੇਟ ਵਰਗੇ ਖੇਤਰਾਂ ਵਿੱਚ ਮਜ਼ਬੂਤ ਪਕੜ ਰਖਦਾ ਹੈ। ਉਹ ਦੋਵਾਂ ਦੇਸ਼ਾਂ ਦਰਮਿਆਨ ਵਪਾਰਕ ਗੱਲਬਾਤ ਅਤੇ ਭਾਰਤੀ ਵਸਤਾਂ ਦੀ ਮੰਗ ਪੈਦਾ ਕਰਨ ਵਿੱਚ ਇੱਕ ‘ਪੁਲ’ ਵਜੋਂ ਕੰਮ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਅਧਿਐਨ ਵਿੱਚ ਸੁਝਾਇਆ ਗਿਆ ਹੈ ਕਿ ਜੇਕਰ ਭਾਰਤ ਅਤੇ ਕੈਨੇਡਾ ਦਰਮਿਆਨ ਪ੍ਰਸਤਾਵਿਤ ‘ਵਿਆਪਕ ਆਰਥਿਕ ਭਾਈਵਾਲੀ ਸਮਝੌਤਾ’ (ਸੀ.ਈ.ਪੀ.ਏ.) ਸਹੀ ਰੂਪ ਵਿੱਚ ਲਾਗੂ ਹੁੰਦਾ ਹੈ, ਤਾਂ ਵਪਾਰਕ ਰੁਕਾਵਟਾਂ ਦੂਰ ਹੋਣਗੀਆਂ। ਪੰਜਾਬ ਨੂੰ ਪਾਣੀ ਦੀ ਘਾਟ ਅਤੇ ਫਸਲੀ ਚੱਕਰ ਵਰਗੀਆਂ ਸਮੱਸਿਆਵਾਂ ਤੋਂ ਕੱਢਣ ਲਈ ਕੈਨੇਡਾ ਨਾਲ ਮਿਲ ਕੇ ਟਿਕਾਊ ਖੇਤੀ ਅਤੇ ਜਲ ਸੰਭਾਲ ਤਕਨੀਕਾਂ ‘ਤੇ ਸਾਂਝੀ ਖੋਜ ਕਰਨੀ ਚਾਹੀਦੀ ਹੈ। ਡਿਜੀਟਲ ਵਪਾਰਕ ਪਲੇਟਫਾਰਮਾਂ ਅਤੇ ਡਾਇਸਪੋਰਾ ਨੈੱਟਵਰਕ ਦੀ ਵਰਤੋਂ ਕਰਕੇ ਪੰਜਾਬੀ ਬ੍ਰਾਂਡਾਂ ਦੀ ਪਛਾਣ ਵਿਸ਼ਵ ਪੱਧਰ ‘ਤੇ ਹੋਰ ਮਜ਼ਬੂਤ ਕੀਤੀ ਜਾ ਸਕਦੀ ਹੈ।ਉਪ-ਕੁਲਪਤੀ ਡਾ.ਜਗਦੀਪ ਸਿੰਘ ਨੇ ਇਸ ਅਧਿਐਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਅਧਿਐਨ ਸਿਰਫ਼ ਅੰਕੜਿਆਂ ਤੱਕ ਸੀਮਤ ਨਹੀਂ ਹੈ, ਸਗੋਂ ਇਹ ਪੰਜਾਬ ਦੀ ਆਰਥਿਕਤਾ ਨੂੰ ਵਿਸ਼ਵ ਪੱਧਰ ‘ਤੇ ਮਜ਼ਬੂਤ ਕਰਨ ਲਈ ਇੱਕ ਵਿਗਿਆਨਕ ਮਾਰਗ-ਦਰਸ਼ਨ ਪ੍ਰਦਾਨ ਕਰਦਾ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਦੇ ਅਜਿਹੇ ਖੋਜ ਕਾਰਜ ਸਰਕਾਰਾਂ ਲਈ ਨੀਤੀਆਂ ਬਣਾਉਣ ਵਿੱਚ ਸਹਾਈ ਹੋ ਸਕਦੇ ਹਨ, ਤਾਂ ਜੋ ਪੰਜਾਬੀ ਨਿਰਯਾਤਕਾਰਾਂ ਨੂੰ ਕੈਨੇਡੀਅਨ ਬਾਜ਼ਾਰ ਵਿੱਚ ਬਿਹਤਰ ਮੌਕੇ ਮਿਲ ਸਕਣ।‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



