ਯੂਕਰੇਨ ਬਾਰੇ ਯੂਐੱਨ ਅਸੈਂਬਲੀ ਦਾ ਵਿਸ਼ੇਸ਼ ਇਜਲਾਸ ਸੱਦਣ ਦੀ ਤਜਵੀਜ਼ ’ਤੇ ਹੋਈ ਵੋਟਿੰਗ ਤੋਂ ਲਾਂਭੇ ਰਿਹਾ ਭਾਰਤ

ਸੰਯੁਕਤ ਰਾਸ਼ਟਰ, (ਸਮਾਜ ਵੀਕਲੀ):  ਰੂਸ ਵੱਲੋਂ ਯੂਕਰੇਨ ’ਤੇ ਕੀਤੇ ਹਮਲੇ ਨੂੰ ਲੈ ਕੇ ਸੰਯੁਕਤ ਰਾਸ਼ਟਰ ਦੀ 193 ਮੈਂਬਰੀ ਆਮ ਸਭਾ ਦਾ ‘ਐਮਰਜੈਂਸੀ ਵਿਸ਼ੇਸ਼ ਇਜਲਾਸ’ ਸੱਦੇ ਜਾਣ ਨੂੰ ਲੈ ਕੇ ਸਲਾਮਤੀ ਕੌਂਸਲ ਵਿੱਚ ਹੋਈ ਵੋਟਿੰਗ ’ਚੋਂ ਭਾਰਤ ਲਾਂਭੇ ਰਿਹਾ, ਹਾਲਾਂਕਿ ਭਾਰਤ ਨੇ ਬੇਲਾਰੂਸ ਸਰਹੱਦ ’ਤੇ ਗੱਲਬਾਤ ਕਰਨ ਲਈ ਮਾਸਕੋ ਤੇ ਕੀਵ ਦੇ ਫੈਸਲੇ ਦਾ ਸਵਾਗਤ ਕੀਤਾ। ਯੂਕਰੇਨ ’ਤੇ ਰੂਸੀ ਹਮਲੇ ਨੂੰ ਲੈ ਕੇ ਯੂਐੱਨ ਦੀ ਆਮ ਸਭਾ ਤੇ 15 ਮੈਂਬਰੀ ਸ਼ਕਤੀਸ਼ਾਲੀ ਸਲਾਮਤੀ ਕੌਂਸਲ ਵੱਲੋ ਅੱਜ ਵੱਖੋ-ਵੱਖਰੀਆਂ ਮੀਟਿੰਗਾਂ ਕੀਤੀਆਂ ਜਾਣਗੀਆਂ। ਇਸ ਤੋਂ ਪਹਿਲਾਂ ਇਸ ਮਸਲੇ ਨੂੰ ਲੈ ਕੇ ਯੂਐਨ ਸਲਾਮਤੀ ਕੌਂਸਲ ਦੇ ਇਕ ਮਤੇ ਨੂੰ ਰੂਸ ਨੇ ਵੀਟੋ ਕਰ ਦਿੱਤਾ ਸੀ।

ਇਸ ਮਤੇ ਲਈ ਹੋਈ ਵੋਟਿੰਗ ਵਿੱਚ ਵੀ ਭਾਰਤ, ਚੀਨ ਤੇ ਸੰਯੁਕਤ ਅਰਬ ਅਮੀਰਾਤ ਸ਼ਾਮਲ ਨਹੀਂ ਹੋੲੇ ਸਨ ਜਦੋਂਕਿ ਰੂਸ ਨੇ ਇਸ ਤਜਵੀਜ਼ ਖਿਲਾਫ਼ ਵੋਟ ਪਾਈ ਜਦੋਂਕਿ ਕੌਂਸਲ ਦੇ 11 ਮੈਂਬਰਾਂ ਨੇ ਇਸ ਦੀ ਹਮਾਇਤ ਕੀਤੀ। ਹੁਣ ਮੈਂਬਰ ਮੁਲਕਾਂ ਨੂੰ ਰੂਸ-ਯੂਕਰੇਨ ਜੰਗ ਬਾਰੇ ਬੋਲਣ ਦਾ ਮੌਕਾ ਮਿਲੇਗਾ ਤੇ ਅਗਲੇ ਦਿਨਾਂ ਵਿੱਚ ਇਸ ’ਤੇ ਵੋਟਿੰਗ ਹੋਵੇਗੀ। ਉਧਰ ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਸਥਾਈ ਨੁਮਾਇੰਦੇ ਟੀ.ਐੱਸ.ਤਿਰੁਮੂਰਤੀ ਨੇ ਵੋਟਿੰਗ ’ਚੋਂ ਲਾਂਭੇ ਹੋਣ ਨੂੰ ਲੈ ਕੇ ਦਿੱਤੇ ਸਪਸ਼ਟੀਕਰਨ ’ਚ ਕਿਹਾ, ‘‘ਇਹ ਅਫ਼ਸੋਸ ਦੀ ਗੱਲ ਹੈ ਕਿ ਇਸ ਮਾਮਲੇ ’ਤੇ ਕੌਂਸਲ ਦੀ ਆਖਰੀ ਮੀਟਿੰਗ ਸੱਦੇ ਜਾਣ ਮਗਰੋਂ ਯੂਕਰੇਨ ’ਚ ਹਾਲਾਤ ਹੋਰ ਖਰਾਬ ਹੋਏ ਹਨ। ਕੂਟਨੀਤੀ ਤੇ ਸੰਵਾਦ ਦੇ ਰਾਹ ਪੈਣ ਤੋਂ ਇਲਾਵਾ ਹੋਰ ਕੋਈ ਬਦਲ ਨਹੀਂ ਬਚਿਆ। ਅਸੀਂ ਬੇਲਾਰੂਸ ਸਰਹੱਦ ’ਤੇ ਦੋਵਾਂ ਧਿਰਾਂ ਵੱਲੋਂ ਗੱਲਬਾਤ ਕਰਨ ਦੇ ਐਲਾਨ ਦਾ ਸਵਾਗਤ ਕਰਦੇ ਹਾਂ।’’

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਭਾਰਤ ਵਿਸ਼ਵ ਸ਼ਾਂਤੀ ਦਾ ਹਮਾਇਤੀ: ਰਾਜਨਾਥ
Next articleਹਿਜਾਬ ’ਤੇ ਭਾਰਤ ਵਿਚ ਕੋਈ ਪਾਬੰਦੀ ਨਹੀਂ: ਨਕਵੀ