ਮੁੱਲਾਂਪੁਰ ਗਰੀਬਦਾਸ (ਸਮਾਜ ਵੀਕਲੀ): ਆਮਦਨ ਕਰ ਵਿਭਾਗ ਦੀ ਟੀਮ ਵੱਲੋਂ ਅੱਜ ਰੀਅਲ ਅਸਟੇਟ ਕਾਰੋਬਾਰੀ ਓਮੈਕਸ ਗਰੁੱਪ ਦੇ ਪੰਜਾਬ, ਹਰਿਆਣਾ ਤੇ ਦਿੱਲੀ ਦੇ ਦਰਜਨਾਂ ਟਿਕਾਣਿਆਂ ’ਤੇ ਛਾਪੇ ਮਾਰੇ ਗਏ।
ਪ੍ਰਾਪਤ ਜਾਣਕਾਰੀ ਅਨੁਸਾਰ ਮੁਹਾਲੀ ਦੇ ਨਿਊ ਚੰਡੀਗੜ੍ਹ ’ਚ ਸਥਿਤ ਓਮੈਕਸ ਦੇ ਇੰਟਰਨੈਸ਼ਨਲ ਟਰੇਡ ਟਾਵਰ ’ਤੇ ਅੱਜ ਸਵੇਰੇ ਆਮਦਨ ਕਰ ਵਿਭਾਗ ਦੀ ਟੀਮ ਸੀਆਰਪੀਐੱਫ ਦੇ ਜਵਾਨਾਂ ਨਾਲ ਪਹੁੰਚ ਗਈ। ਇਸ ਦੌਰਾਨ ਟੀਮ ਮੈਂਬਰਾਂ ਨੇ ਓਮੈਕਸ ਦੇ ਸਟਾਫ਼ ਮੈਂਬਰਾਂ ਤੋਂ ਪੁਛ ਪੜਤਾਲ ਕੀਤੀ। ਆਈਟੀ ਵਿਭਾਗ ਵੱਲੋਂ ਰੀਅਲ ਅਸਟੇਟ ਕੰਪਨੀ ਓਮੈਕਸ ’ਤੇ ਟੈਕਸ ਚੋਰੀ ਦੇ ਦੋਸ਼ ਲਗਾਏ ਜਾ ਰਹੇ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਆਮਦਨ ਕਰ ਵਿਭਾਗ ਦੀ ਟੀਮ ਨੇ ਓਮੈਕਸ ਦੇ ਪੰਜਾਬ, ਹਰਿਆਣਾ ਅਤੇ ਦਿੱਲੀ ਵਿਚਲੇ 40 ਤੋਂ ਵੱਧ ਥਾਵਾਂ ’ਤੇ ਛਾਪੇ ਮਾਰੇ ਹਨ। ਨੋਇਡਾ ਵਿੱਚ ਤਿੰਨ, ਲਖਨਊ ’ਚ ਪੰਜ, ਇੰਦੋਰ ’ਚ ਚਾਰ, ਗੁਰੂਗ੍ਰਾਮ ’ਚ ਤਿੰਨ, ਗਾਜ਼ੀਆਬਾਦ ’ਚ ਇਕ, ਨਿਊ ਚੰਡੀਗੜ੍ਹ ’ਚ ਇਕ, ਲੁਧਿਆਣਾ ’ਚ ਤਿੰਨ ਥਾਵਾਂ ’ਤੇ ਜਾਂਚ ਚੱਲ ਰਹੀ ਹੈ।
ਲੁਧਿਆਣਾ (ਸਮਾਜ ਵੀਕਲੀ): ਸਨਅਤੀ ਸ਼ਹਿਰ ਦੀ ਵੱਡੀ ਹਾਊਸਿੰਗ ਪ੍ਰਾਜੈਕਟਸ ਕੰਪਨੀ ਓਮੈਕਸ ਰੈਜ਼ੀਡੈਂਸੀ ਪ੍ਰਾਜੈਕਟ ’ਤੇ ਅੱਜ ਆਮਦਨ ਕਰ ਵਿਭਾਗ ਦੇ ਅਫ਼ਸਰਾਂ ਨੇ ਛਾਪਾ ਮਾਰਿਆ। ਲੁਧਿਆਣਾ ਦੇ ਪੱਖੋਵਾਲ ਰੋਡ ਸਥਿਤ ਕੰਪਨੀ ਦੇ ਦਫ਼ਤਰ ਵਿੱਚ ਆਮਦਨ ਕਰ ਵਿਭਾਗ ਦੀਆਂ ਟੀਮਾਂ ਜਾਂਚ ਲਈ ਪੁੱਜੀਆਂ। ਵੱਡੀ ਗਿਣਤੀ ਵਿੱਚ ਸੁਰੱਖਿਆ ਮੁਲਾਜ਼ਮਾਂ ਦੇ ਨਾਲ ਆਮਦਨ ਕਰ ਵਿਭਾਗ ਨੇ ਕਾਰਵਾਈ ਸ਼ੁਰੂ ਕੀਤੀ ਜੋ ਕਿ ਦੇਰ ਸ਼ਾਮ ਤੱਕ ਚੱਲਦੀ ਰਹੀ। ਓਮੈਕਸ ਕੰਪਨੀ ਦਾ ਪ੍ਰਾਜੈਕਟ ਤੇ ਦਫ਼ਤਰ ਪੱਖੋਵਾਲ ਰੋਡ ’ਤੇ ਹੀ ਹੈ, ਜਿੱਥੇ ਸਵੇਰੇ ਹੀ ਆਮਦਨ ਕਰ ਵਿਭਾਗ ਦੀ ਟੀਮ ਪੁੱਜ ਗਈ ਸੀ। ਵਿਭਾਗ ਦੇ ਸੂਤਰਾਂ ਨੇ ਦੱਸਿਆ ਕਿ ਟੀਮ ਨੇ ਜਾਂਦੇ ਹੀ ਸਾਰੇ ਮੁਲਾਜ਼ਮਾਂ ਦੇ ਫੋਨ, ਲੈਪਟਾਪ ਅਤੇ ਕੰਪਿਊਟਰ ਆਪਣੇ ਕਬਜ਼ੇ ਵਿੱਚ ਲੈ ਲਏ ਸਨ ਜਿਸ ਤੋਂ ਬਾਅਦ ਦੇਰ ਸ਼ਾਮ ਤੱਕ ਅਫ਼ਸਰ ਕੰਪਨੀ ਦੇ ਦਫ਼ਤਰ ਅੰਦਰ ਹੀ ਰਹੇ ਅਤੇ ਬਾਹਰ ਪੁਲੀਸ ਮੁਲਾਜ਼ਮ ਸੁਰੱਖਿਆ ਲਈ ਤਾਇਨਾਤ ਕਰ ਦਿੱਤੇ ਗਏ। ਵਿਭਾਗ ਦੇ ਸੂਤਰਾਂ ਮੁਤਾਬਕ ਇਹ ਕਾਰਵਾਈ ਲੁਧਿਆਣਾ ਦੇ ਨਾਲ-ਨਾਲ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਕੰਪਨੀ ਦੇ ਦਫ਼ਤਰਾਂ ਵਿੱਚ ਹੋਵੇਗੀ। ਇਸ ਛਾਪੇ ਦੀ ਖ਼ਬਰ ਦੇ ਨਾਲ ਹੀ ਲੁਧਿਆਣਾ ਦੇ ਪ੍ਰਾਪਰਟੀ ਨਾਲ ਸਬੰਧਤ ਲੋਕਾਂ ਵਿੱਚ ਸਹਿਮ ਦਾ ਮਾਹੌਲ ਬਣ ਗਿਆ ਹੈ। ਸੂਤਰਾਂ ਮੁਤਾਬਕ ਇਹ ਛਾਪੇ ਗਲਤ ਤਰੀਕੇ ਦੇ ਨਾਲ ਕੀਤੀ ਗਈ ਟਰਾਂਜ਼ੈਕਸ਼ਨ ਸਾਹਮਣੇ ਆਉਣ ਤੋਂ ਬਾਅਦ ਮਾਰੇ ਗਏ ਹਨ ਤੇ ਆਉਣ ਵਾਲੇ ਦਿਨਾਂ ਵਿੱਚ ਇਸ ਮਾਮਲੇ ਵਿੱਚ ਵੱਡਾ ਖੁਲਾਸਾ ਹੋ ਸਕਦਾ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly