ਕਪੂਰਥਲਾ (ਸਮਾਜ ਵੀਕਲੀ) : ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ’ਚ ਹੋਈ ਬੇਅਦਬੀ ਦਾ ਮਾਮਲਾ ਅਜੇ ਠੰਢਾ ਨਹੀਂ ਪਿਆ ਸੀ ਕਿ ਕਪੂਰਥਲਾ ਜ਼ਿਲ੍ਹੇ ਦੇ ਿਪੰਡ ਬਾਦਸ਼ਾਹਪੁਰ ਨੇੜਲੇ ਗੁਰਦੁਆਰਾ ਨਿਜ਼ਾਮਪੁਰ ਸਾਹਿਬ ਵਿੱਚ ਅੱਜ ਤਕੜਸਾਰ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਬੇਅਦਬੀ ਕਰਨ ਵਾਲੇ ਨੌਜਵਾਨ ਦੀ ਗੁੱਸੇ ਵਿੱਚ ਆਏ ਲੋਕਾਂ ਨੇ ਕੁੱਟਮਾਰ ਕੀਤੀ ਜਿਸ ਕਾਰਨ ਉਸ ਦੀ ਮੌਤ ਹੋ ਗਈ। ਨੌਜਵਾਨ ਨੂੰ ਗੰਭੀਰ ਹਾਲਤ ਵਿੱਚ ਕਪੂਰਥਲਾ ਦੇ ਹਸਪਤਾਲ ਲਿਜਾਇਆ ਗਿਆ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਸਿਵਲ ਹਸਪਤਾਲ ਦੇ ਐੱਸਐੱਮਓ ਨੇ ਕਿਹਾ ਕਿ ਜਦੋਂ ਉਨ੍ਹਾਂ ਕੋਲ ਨੌਜਵਾਨ ਨੂੰ ਲਿਆਂਦਾ ਗਿਆ ਸੀ ਤਾਂ ਉਸ ਦੀ ਮੌਤ ਹੋ ਚੁੱਕੀ ਸੀ। ਨੌਜਵਾਨ ਦੀ ਉਮਰ 20 ਜਾਂ 22 ਸਾਲ ਦੱਸੀ ਜਾ ਰਹੀ ਹੈ। ਐੱਸਐੱਸਪੀ ਹਰਕੰਵਲਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਮਾਰੇ ਗਏ ਨੌਜਵਾਨ ਵਿਰੁੱਧ ਬੇਅਦਬੀ ਦੀ ਕੋਸ਼ਿਸ਼ ਅਤੇ ਉਸ ਦੇ ਕਤਲ ਦਾ ਮਾਮਲਾ ਦਰਜ ਕੀਤਾ ਜਾਵੇਗਾ।
ਜਾਣਕਾਰੀ ਅਨੁਸਾਰ ਗੁਰਦੁਆਰਾ ਨਿਜ਼ਾਮਪੁਰ ਸਾਹਿਬ ਦੇ ਮੁੱਖ ਪ੍ਰਬੰਧਕ ਬਾਬਾ ਅਮਰਜੀਤ ਸਿੰਘ ਨੇ ਤੜਕੇ ਚਾਰ ਵਜੇ ਦੇ ਕਰੀਬ ਫੇਸਬੁੱਕ ’ਤੇ ਲਾਈਵ ਹੋ ਕੇ ਦੱਸਿਆ ਕਿ ਇੱਕ ਨੌਜਵਾਨ ਨੇ ਨਿਸ਼ਾਨ ਸ਼ਾਹਿਬ ਦੀ ਬੇਅਦਬੀ ਕੀਤੀ ਹੈ। ਉਸ ਨੂੰ ਮੌਕੇ ’ਤੇ ਹੀ ਫੜ ਲਿਆ ਗਿਆ ਸੀ ਅਤੇ ਉਸ ਦੀਆਂ ਬਾਹਾਂ ਬੰਨ੍ਹੀਆਂ ਹੋਈਆਂ ਸਨ। ਭਾਈ ਅਮਰਜੀਤ ਸਿੰਘ ਨੇ ਸਪੱਸ਼ਟ ਤੌਰ ’ਤੇ ਕਿਹਾ ਕਿ ਨੌਜਵਾਨ ਨੂੰ ਪੁਲੀਸ ਹਵਾਲੇ ਨਹੀਂ ਕੀਤਾ ਜਾਵੇਗਾ ਕਿਉਂਕਿ ਪੁਲੀਸ ਉਸ ਨੂੰ ਪਾਗਲ ਕਹਿ ਕੇ ਛੱਡ ਦੇਵੇਗੀ। ਉਸ ਨੇ ਜਥੇਬੰਦੀਆਂ ਨੂੰ ਵੱਡੀ ਗਿਣਤੀ ਵਿੱਚ ਗੁਰਦੁਆਰੇ ਪਹੁੰਚਣ ਦੀ ਅਪੀਲ ਵੀ ਕੀਤੀ ਸੀ। ਇਸ ਅਪੀਲ ਤੋਂ ਬਾਅਦ ਲੋਕ ਵੱਡੀ ਗਿਣਤੀ ਵਿੱਚ ਘਟਨਾ ਵਾਲੀ ਥਾਂ ’ਤੇ ਪਹੁੰਚ ਗਏ ਸਨ। ਗੁੱਸੇ ਵਿੱਚ ਆਏ ਲੋਕਾਂ ਨੇ ਨੈਸ਼ਨਲ ਹਾਈਵੇਅ ’ਤੇ ਜਾਮ ਲਾ ਦਿੱਤਾ। ਜਾਮ ਲੱਗਣ ਕਾਰਨ ਗੱਡੀਆਂ ਦੀਆਂ ਲੰਬੀਆਂ ਲਾਈਨਾਂ ਲੱਗ ਗਈਆਂ।
ਗ੍ਰੰਥੀ ਸਿੰਘ ਬਾਬਾ ਅਮਰਜੀਤ ਸਿੰਘ ਨੇ ਕਿਹਾ ਕਿ ਇਹ ਵਿਅਕਤੀ ਸਵੇਰੇ 4 ਵਜੇ ਦੇ ਕਰੀਬ ਗੁਰਦੁਆਰੇ ਵਿਚ ਦੇਖਿਆ ਗਿਆ ਸੀ ਅਤੇ ਉਸ ਨੂੰ ਜਦੋਂ ਉਨ੍ਹਾਂ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਹ ਭੱਜ ਗਿਆ ਸੀ ਪਰ ਬਾਅਦ ’ਚ ਗੁਰਦੁਆਰੇ ਅੰਦਰ ਹੀ ਉਸ ਨੂੰ ਕਾਬੂ ਕਰ ਲਿਆ ਗਿਆ। ਦੁਪਹਿਰ ਵੇਲੇ ਸਿੱਖ ਜਥੇਬੰਦੀਆਂ ਦੇ ਕਾਰਕੁੰਨ ਇੱਕ ਖਿੜਕੀ ਤੋੜ ਕੇ ਅੰਦਰ ਦਾਖ਼ਲ ਹੋ ਗਏ ਜਿੱਥੇ ਇਸ ਨੌਜਵਾਨ ਨੂੰ ਕਾਬੂ ਕਰਕੇ ਬੰਦ ਕੀਤਾ ਗਿਆ ਸੀ। ਪੁਲੀਸ ਨੇ ਭੀੜ ਨੂੰ ਰੋਕਣ ਦਾ ਬਹੁਤ ਯਤਨ ਕੀਤਾ ਪਰ ਉਨ੍ਹਾਂ ਦੀਆਂ ਸਾਰੀਆਂ ਕੋਸ਼ਿਸ਼ਾਂ ਅਸਫ਼ਲ ਹੋ ਗਈਆਂ।
ਵੱਡੀ ਗਿਣਤੀ ਵਿੱਚ ਉਥੇ ਤਾਇਨਾਤ ਪੁਲੀਸ ਮੁਲਾਜ਼ਮਾਂ ਨਾਲ ਵੀ ਧੱਕਾ-ਮੁੱਕੀ ਹੁੰਦੀ ਰਹੀ। ਬੇਅਦਬੀ ਦੀ ਘਟਨਾ ’ਤੇ ਦੁੱਖ ਪ੍ਰਗਟਾਉਂਦਿਆ ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ, ਮੈਂਬਰ ਪਰਮਜੀਤ ਸਿੰਘ ਰਾਏਪੁਰ ਅਤੇ ਜਰਨੈਲ ਸਿੰਘ ਡੋਗਰਾਵਾਲਾ ਨੇ ਇਸ ਨੂੰ ਡੂੰਘੀ ਸਾਜ਼ਿਸ਼ ਦੱਸਿਆ।
ਪੰਜਾਬ ਦਾ ਨਹੀਂ ਲੱਗਦਾ ਨੌਜਵਾਨ: ਆਈਜੀ
ਜਲੰਧਰ ਰੇਂਜ ਦੇ ਆਈਜੀ ਜੀ ਐੱਸ ਢਿੱਲੋਂ ਅਤੇ ਕਪੂਰਥਲਾ ਦੇ ਐੱਸਐੱਸਪੀ ਹਰਕੰਵਲਪ੍ਰੀਤ ਸਿੰਘ ਖੱਖ ਨੇ ਦੇਰ ਸ਼ਾਮ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਗੁਰਦੁਆਰੇ ਦੇ ਸੇਵਾਦਾਰ ਅਮਰਜੀਤ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਧਾਰਾ 295 ਏ ਤਹਿਤ ਥਾਣਾ ਕੋਤਵਾਲੀ ਕਪੂਰਥਲਾ ’ਚ ਐੱਫਆਈਆਰ ਦਰਜ ਕੀਤੀ ਗਈ ਹੈ। ਪੁਲੀਸ ਮੁਤਾਬਕ ਨੌਜਵਾਨ ਪੰਜਾਬ ਤੋਂ ਬਾਹਰਲਾ ਵਸਨੀਕ ਲਗਦਾ ਹੈ ਅਤੇ ਉਸ ਦੀ ਸ਼ਨਾਖ਼ਤ ਕੀਤੇ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੁਲੀਸ ਅਧਿਕਾਰੀਆਂ ਨੇ ਕਿਹਾ ਕਿ ਗੁਰਦੁਆਰੇ ’ਚ ਲੱਗੇ ਨਿਸ਼ਾਨ ਸਾਹਿਬ ਦੇ ਹੇਠਲੇ ਕੱਪੜੇ ਦੀ ਬੇਅਦਬੀ ਦੱਸੀ ਗਈ ਹੈ। ਪੁਲੀਸ ਅਨੁਸਾਰ ਇਹ ਮਾਮਲਾ ਚੋਰੀ ਦਾ ਵੀ ਹੋ ਸਕਦਾ ਹੈ।
ਇਸ ਘਟਨਾ ਵਿੱਚ ਐੱਸਐੱਚਓ ਸਮੇਤ ਤਿੰਨ ਪੁਲੀਸ ਮੁਲਾਜ਼ਮ ਫੱਟੜ ਹੋਏ ਹਨ। ਪੁਲੀਸ ਦੀ ਡਿਊਟੀ ਵਿੱਚ ਵਿਘਨ ਪਾਉਣ, ਇਰਾਦਾ ਕਤਲ ਅਤੇ ਕਤਲ ਦੇ ਮਾਮਲੇ ਦੀ ਐੱਸਐੱਚਓ ਏ ਐੱਸ ਚਾਹਲ ਦੇ ਬਿਆਨ ’ਤੇ ਪੜਤਾਲ ਜਾਰੀ ਹੈ। ਪੁਲੀਸ ਅਨੁਸਾਰ ਕਤਲ ਦੇ ਮਾਮਲੇ ਵਿੱਚ ਚਾਰ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ ਅਤੇ 100 ਅਣਪਛਾਤੇ ਵਿਅਕਤੀਆਂ ਦੀ ਤਫ਼ਤੀਸ਼ ਜਾਰੀ ਹੈ। ਪੁਲੀਸ ਨੇ ਕੁਝ ਲੋਕਾਂ ਨੂੰ ਇਸ ਮਾਮਲੇ ਵਿੱਚ ਹਿਰਾਸਤ ਵਿੱਚ ਲਿਆ ਹੈ ਪਰ ਇਸ ਦੀ ਪੁਸ਼ਟੀ ਪੁਲੀਸ ਵੱਲੋਂ ਨਹੀਂ ਕੀਤੀ ਗਈ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly