(ਸਮਾਜ ਵੀਕਲੀ)
ਦੋ ਟੋਟਿਆਂ ਵਿਚ ਟੁੱਟੀ ਭੌਂ ਦਾ
ਜ਼ਿਕਰ ਕਰ ਗਿਆ ਕੋਈ
ਦੋ ਟੋਟਿਆਂ ਵਿਚ ਵੰਡੀ ਖ਼ਲਕਤ
ਬਾਰੇ ਦੱਸ ਗਿਆ ਕੋਈ
ਦੋ ਟੋਟਿਆਂ ਵਿਚ ਵੰਡੀ ਔਰਤ ਦਾ
ਜ਼ਿਕਰ ਕੌਣ ਕਰੇ
ਇਕ ਟੋਟੇ ਦਾ ਮਾਲਕ
ਓਹਦੀ ਰੂਹ ਦੇ ਵਿਚ ਵਸੇ
ਦੂਜਾ ਤਾਂ ਬਸ ਮਿੱਟੀ ਦੀ ਢੇਰੀ ਤੇ
ਕਬਜ਼ਾ ਕਰੇ
ਹਾਏ ਇਸ ਢੇਰੀ ‘ਚੋਂ
ਰੂਹ ਨੂੰ ਕੌਣ ਆਜ਼ਾਦ ਕਰੇ
ਦੋ ਟੋਟਿਆਂ ਵਿਚ ਵੰਡੀ ਔਰਤ ਦਾ
ਜ਼ਿਕਰ ਕੌਣ ਕਰੇ
ਇਸ ਸਾਬਤ ਦਿਲ ਰਾਹੀਂ ਹੀ
ਜ਼ਿੰਦਗੀ ਜੀਵੀ ਜਾਂਦੀ ਹੈ
ਉਂਝ ਕੱਟਣ ਨੂੰ ਤਾਂ ਕੀ
ਟੋਟਿਆਂ ਵਿਚ ਵੀ ਕੱਟੀ ਜਾਂਦੀ ਹੈ
ਹਾਏ ਲੰਮਾਂ ਅਰਸਾ ਹੋ ਗਿਆ ਕੱਟਦਿਆਂ
ਹੁਣ ਜ਼ਿੰਦਗੀ ਜਿਉਣ ਨੂੰ ਜੀਅ ਕਰੇ
ਦੋ ਟੋਟਿਆਂ ਵਿਚ ਵੰਡੀ ਔਰਤ ਦਾ
ਜ਼ਿਕਰ ਕੌਣ ਕਰੇ
ਮਨਿੰਦਰ ਕੌਰ ਮਨ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly