ਫੁੱਲਾਂ ਵਰਗੀ ਨਿੱਘੀ ਸ਼ਖਸ਼ੀਅਤ ਸੁੱਖੀ ਬਾਠ ਸਿਰਮੌਰ ਪੰਜਾਬੀਆਂ ਦਾ ਹੈ ਕਨੇਡਾ ਵਿੱਚ ਮਾਣ
ਵੈਨਕੂਵਰ ਕਨੇਡਾ ਤੋਂ ਕੁਲਦੀਪ ਚੁੰਬਰ
(ਸਮਾਜ ਵੀਕਲੀ) ਸੁੱਖੀ ਬਾਠ ਕਹਿੰਦੇ ਹਨ ਕਿ ਮੈਂ ਆਪਣੇ ਜੀਵਨ ਦੇ ਸਫ਼ਰ ਦੌਰਾਨ ਜੋ ਕੁਝ ਸੁਣਿਆ, ਸਮਝਿਆ, ਪੜ੍ਹਿਆ, ਪਰਖਿਆ ,ਦੇਖਿਆ , ਵਿਚਾਰਿਆ ਅਤੇ ਸਿੱਖਿਆ ਉਸ ਨੂੰ ਆਪਣੇ ਜੀਵਨ ਦੇ ਫਲਸਫੇ ਦਾ ਆਧਾਰ ਬਣਾ ਕੇ ਕੰਮ ਕੀਤਾ।
ਸਫਲ ਵਿਜਨੈਸਮੈਂਨ, ਸਮਾਜਿਕ ਸੂਝਬੂਝ ਰੱਖਣ ਦੇ ਨਾਲ ਨਾਲ ਕੁਦਰਤ ਨੂੰ ਪਿਆਰ ਮੁਹੱਬਤ ਕਰਨ ਵਾਲੀ ਨਿੱਘੀ ਸਖਸ਼ੀਅਤ ਸੁੱਖੀ ਬਾਠ ਕਹਿੰਦੇ ਹਨ ਕਿ ਮੈਂ ਆਪਣੇ ਜੀਵਨ ਦੇ ਸਫ਼ਰ ਦੌਰਾਨ ਜੋ ਕੁਝ ਸੁਣਿਆ,ਸਮਝਿਆ, ਪੜ੍ਹਿਆ, ਵਿਚਾਰਿਆ , ਪਰਖਿਆ, ਦੇਖਿਆ ਅਤੇ ਸਿੱਖਿਆ ਉਸ ਨੂੰ ਆਪਣੇ ਜੀਵਨ ਦੇ ਫਲਸਫੇ ਦਾ ਆਧਾਰ ਬਣਾ ਕੇ ਹਰ ਪਹਿਲੂ ਤੇ ਕੰਮ ਕੀਤਾ।
ਸਾਡੇ ਮੁਤਾਬਿਕ ਸੁੱਖੀ ਬਾਠ ਉਸ ਸ਼ਖਸੀਅਤ ਦਾ ਨਾਂਅ ਹੈ ਜੋ ਮਿਹਨਤ ਰੂਪੀ ਦੀਵੇ ਰਾਹੀਂ ਸਫਲਤਾ ਦੇ ਤੇਲ ਵਿੱਚ ਬੱਤੀ ਬਣ ਕੇ ਖੁਦ ਜਲਿਆ ਤੇ ਖੁਸ਼ਹਾਲੀ ਦੀ ਰੌਸ਼ਨੀ ਕੀਤੀ।
ਜੇਕਰ ਸੁੱਖੀ ਨੂੰ ਚੜ੍ਹਦੇ ਸੂਰਜ ਦੀ ਲਾਲੀ ਵਰਗੀ ਨਿੱਘੀ ਸ਼ਖਸੀਅਤ ਦਾ ਦਰਜਾ ਵੀ ਦੇ ਦਿੱਤਾ ਜਾਵੇ ਤਾਂ ਅੱਤਕਥਨੀ ਨਹੀਂ ਹੋਵੇਗੀ।
ਪੰਜਾਬ ਦੀ ਜ਼ਰਖੇਜ ਧਰਤੀ ‘ਤੇ ਜਨਮਿਆਂ, ਖੇਡਿਆ ਅਤੇ ਪਲਿਆ ਸੁੱਖੀ ਬਾਠ ਚਾਰ-ਪੰਜ ਦਹਾਕੇ ਪਹਿਲਾਂ ਪਰਿਵਾਰ ਦੀ ਆਰਥਿਕ ਖੁਸ਼ਹਾਲੀ ਲਈ ਕੰਮ ਦੀ ਭਾਲ ਵਿੱਚ ਕੈਨੇਡਾ ਪੰਹੁਚਿਆ , ਜਿੱਥੇ ਸਖ਼ਤ ਮਿਹਨਤ ਅਤੇ ਲਗਨ ਨਾਲ ਕੰਮ ਕਰਦਿਆਂ ਕਦੇ ਪਿੱਛਾ ਮੁੜ ਕੇ ਨਹੀਂ ਦੇਖਿਆ ਸਗੋਂ ਨਿਰੰਤਰ ਕਾਰਜਸ਼ੀਲ ਰਹਿਣ ਤੋਂ ਬਾਅਦ ਆਖਿਰਕਾਰ ਆਪਣੀ ਸਫਲਤਾ ਦੀ ਮੰਜਿਲ ਵੱਲ ਪੁੱਜਦਿਆਂ ਵਿਜਨੈਸ ਦੀ ਪਹਿਲੀ ਪੌੜੀ ਨੂੰ ਮਜ਼ਬੂਤ ਇਰਾਦਿਆਂ ਨਾਲ ਹੱਥ ਪਾਇਆ ਜਿੱਥੇ ਮਿਹਨਤ ਸਦਕਾ ਸਫਲਤਾ ਨੇੜੇ ਹੁੰਦੀ ਗਈ, ਅੱਜ ਕੈਨੇਡਾ ਦੇ ਸਫਲ ਕਾਰੋਬਾਰੀਆਂ ਦੀ ਪਹਿਲੀ ਕਤਾਰ ਵਿੱਚ ਆਪਣਾ ਨਾਂਅ ਦਰਜ ਕਰਵਾ ਦਿੱਤਾ ਹੈ। ਅੱਜ ਜਿੱਥੇ ਬਿਜਨੈਸ ਦੀਆਂ ਗਹਿਰਾਈਆਂ ਤੱਕ ਪੁੱਜ ਕੇ ਪਹਿਲੀਆਂ ਸਫਾਂ ਵਿੱਚ ਸੁੱਖੀ ਬਾਠ ਦਾ ਨਾਂਅ ਬੋਲ ਰਿਹਾ ਹੈ ਉੱਥੇ ਸਮਾਜ ਦੀ ਸੇਵਾ , ਮਾਂ ਬੋਲੀ ਪੰਜਾਬੀ, ਸਾਹਿਤ , ਭਾਸ਼ਾ ਅਤੇ ਸੱਭਿਆਚਾਰ ਲਈ ਵੱਡੇ ਉਪਰਾਲੇ ਕਰਦਿਆਂ ਸੁੱਖੀ ਬਾਠ ਫਾਉਡੇਸ਼ਨ ਅਤੇ ਪੰਜਾਬ ਭਵਨ ਸਰੀ ਕੈਨੇਡਾ ਦੇ ਵੱਡੇ ਉਪਰਾਲੇ ਕਾਰਗਰ ਸਾਬਤ ਹੋ ਰਹੇ ਹਨ।
ਸੁੱਖੀ ਬਾਠ ਫਾਉਡੇਸ਼ਨ ਸਮਾਜ ਅੰਦਰ ਲੋੜ੍ਹਵੰਦ ਲੜਕੀਆਂ ਦੇ ਅਨੰਦ ਕਾਰਜ ਰਚਾਉਣੇ , ਮੈਡੀਕਲ ਕੈਂਪ ਰਾਹੀਂ ਮੁਫ਼ਤ ਇਲਾਜ, ਵਿਸ਼ਾਲ ਕੈਂਪੇਸ ਰਾਹੀਂ ਅੱਖਾਂ ਦੀਆਂ ਸਰਜਰੀਆਂ , ਝੁੱਗੀਆਂ ਝੌਂਪੜੀਆਂ ਚ ਰਹਿੰਦੇ ਲੋੜਵੰਦਾਂ ਲਈ ਖਾਣਾ ਪੁਚਾਉਣਾ , ਲੋੜ੍ਹਵੰਦ ਵਿਦਿਆਰਥੀਆਂ ਦੀ ਪੜ੍ਹਾਈ ਲਈ ਸਕਾਲਰਸ਼ਿਪ ਅਤੇ ਅਨੇਕਾਂ ਸਕੂਲਾਂ / ਕਾਲਜਾਂ ਵਿੱਚ ਲੋੜਵੰਦ ਵਿਦਿਆਰਥੀਆਂ ਦੀ ਬਾਂਹ ਫੜਨਾਂ ਜਿਕਰਯੋਗ ਹੈ।
ਕੈਨੇਡਾ ਸਰੀ ‘ਚ ਪੰਜਾਬ ਭਵਨ ਦੀ ਸਥਾਪਨਾ :
ਮਾਂ ਬੋਲੀ ਪੰਜਾਬੀ ਨੂੰ ਅੰਤਾਂ ਦਾ ਮੋਹ ਕਰਨ ਵਾਲੀ ਨਿੱਘੀ ਸਖਸ਼ੀਅਤ ਸੁੱਖੀ ਬਾਠ ਵਲੋਂ ਸਾਲ 2016 ਵਿੱਚ ਮਾਂ ਬੋਲੀ ਪੰਜਾਬੀ, ਸਾਹਿਤ, ਭਾਸ਼ਾ ਅਤੇ ਸੱਭਿਆਚਾਰ ਨੂੰ ਪ੍ਰਮੋਟ ਕਰਨ ਲਈ ਸਰੀ ‘ਚ ਪੰਜਾਬ ਭਵਨ ਦੀ ਸਥਾਪਨਾ ਕਰਦਿਆਂ ਮਾਂ ਬੋਲੀ ਦਾ ਸੱਚਾ ਸਪੂਤ ਹੋਣ ਦਾ ਸਬੂਤ ਦਿੱਤਾ।
ਕੈਨੇਡਾ ਦੇ ਸਰੀ ਸ਼ਹਿਰ ਚ ਪੰਜਾਬ ਭਵਨ ਵਿਖੇ ਨਿੱਤ ਦਿਨ ਪੰਜਾਬੀ ਸ਼ਾਇਰਾਂ ਦੀਆਂ ਮਹਿਫ਼ਲਾਂ ਜੁੜਦੀਆਂ, ਲੇਖਕਾਂ , ਸ਼ਾਇਰਾਂ ਅਦੀਬਾਂ ਵਲੋਂ ਆਪਣੇ ਵਲੋਂ ਲਿਖੀਆਂ ਕਿਤਾਬਾਂ ਦੇ ਰਿਲੀਜ਼ ਸਮਾਗਮ , ਛੋਟੇ ਛੋਟੇ ਬੱਚਿਆਂ ਵੱਲੋਂ ਗਿੱਧਾ , ਭੰਗੜਾ ਅਤੇ ਹੋਰ ਕਲਾਤਮਿੱਕ ਗਤੀਵਿਧੀਆਂ ਅਤੇ ਆਪਣੇ ਬੱਚਿਆਂ ਨੂੰ ਪੰਜਾਬ ਭਵਨ ਜਾਂਦਿਆਂ ਦੇਖ ਕੇ ਲੋਕ ਮਾਣ ਮਹਿਸੂਸ ਕਰਦੇ।
ਸੁੱਖੀ ਬਾਠ ਦਾ ਕਹਿਣਾ ਹੈ ਕਿ ਉਸ ਨੂੰ ਲੱਗਿਆ ਕਿ ਕੈਨੇਡਾ ਚ ਪੰਜਾਬੀਆਂ ਕੋਲ ਵੱਡੇ ਬਿਜਨੈਸ ਅਦਾਰੇ ਵੱਡੇ ਵੱਡੇ ਘਰ ਸਥਾਪਿਤ ਕੀਤੇ ਗਏ ਪਰ ਪੰਜਾਬੀਆਂ ਦਾ ਕੋਈ ਵੀ ਸਾਂਝਾ ਘਰ ਨਹੀਂ ਬਣ ਸਕਿਆ ਜਿੱਥੇ ਸਾਂਝੀਆਂ ਗਤੀਵਿਧੀਆਂ , ਮੁੱਹਬਤਾਂ ਦੇ ਗੀਤ ਗਾਏ ਜਾਣ ।
ਸੁੱਖੀ ਬਾਠ ਵਲੋਂ ਆਪਣੇ ਮਨ ਵਿੱਚ ਲਏ ਸੁਪਨੇ ਨੂੰ 2016 ਵਿੱਚ ਪੂਰਾ ਕਰਦਿਆਂ ਪੰਜਾਬ ਭਵਨ ਦੀ ਸਥਾਪਨਾ ਕੀਤੀ।
ਪੰਜਾਬ ਭਵਨ ਸਰੀ ਚ ਆਏ ਸਾਲ ਪ੍ਰਸਿੱਧ ਸ਼ਾਇਰਾਂ , ਲੇਖਕਾਂ ਅਦੀਬਾਂ ਦੇ ਸਨਮਾਨ ਲਈ ਵਿਸ਼ਵ ਪੱਧਰੀ ਅੰਤਰਰਾਸ਼ਟਰੀ ਕਾਨਫਰੰਸ ਵਿੱਚ ਵੱਖ ਵੱਖ ਦੇਸ਼ਾਂ ਤੋਂ ਸਾਹਿਤਕ ਸਖਸ਼ੀਅਤਾਂ ਅਤੇ ਬੁੱਧੀਜੀਵੀ ਵਰਗ ਆਪਣੀ ਹਾਜਰੀ ਲਗਾਉਂਦੇ।
ਨਵੀਆਂ ਕਲਮਾਂ ਨਵੀਂ ਉਡਾਣ ਪ੍ਰੋਜੈਕਟ ਦੀ ਸ਼ੁਰੂਆਤ :
ਸੁੱਖੀ ਬਾਠ ਵਲੋਂ 20 ਸਤੰਬਰ 2023 ਨੂੰ ਬੱਚਿਆਂ ਚ ਕਲਾਤਮਿਕ ਰੁਚੀ ਪੈਦਾ ਕਰਨ ਲਈ ਨਵੀਆਂ ਕਲਮਾਂ ਨਵੀਂ ਉਡਾਣ ਨਵੇਂ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਗਈ।
ਇਸ ਪ੍ਰੋਜੈਕਟ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਲੋਵਾਲ ਜਿਲ੍ਹਾ ਪਟਿਆਲਾ ਤੋਂ ਬੱਚਿਆਂ ਦੀਆਂ ਲਿਖਤਾਂ ਦੀ ਕਿਤਾਬ ਛਾਪ ਸ਼ੁਰੂਆਤ ਕੀਤੀ ਗਈ, ਜਿਸ ਵਿੱਚ ਵਿਦਿਆਰਥੀਆਂ ਦੀਆਂ ਕਵਿਤਾਵਾ, ਕਹਾਣੀਆਂ, ਸ਼ਾਇਰੀ ਨੂੰ ਛਾਪਿਆ ਗਿਆ।
ਸੁੱਖੀ ਬਾਠ ਨੇ ਇਸ ਪ੍ਰੋਜੈਕਟ ਨੂੰ ਅੱਗੇ ਤੋਰਨ ਦਾ ਐਲਾਨ ਕਰਦਿਆਂ ਕਿਹਾ ਕਿ ਨਵੀਆਂ ਕਲਮਾਂ ਨਵੀਂ ਉਡਾਣ ਪ੍ਰੋਜੈਕਟ ਨੂੰ ਇਸੇ ਸਿਰਲੇਖ ਹੇਠ ਬੱਚਿਆਂ ਦੀਆਂ ਲਿਖਤਾਂ ਨੂੰ 100 ਕਿਤਾਬਾਂ ਨੂੰ ਵੱਖ ਵੱਖ ਭਾਗਾਂ ਵਿੱਚ ਛਾਪ ਕੇ ਪੰਜਾਬ ਦੇ ਸਮੁੱਚੇ ਸਕੂਲਾਂ ਤੱਕ ਲਗਾਤਾਰ ਪੁੱਜਦਾ ਕਰਾਂਗੇ।
ਸੁੱਖੀ ਬਾਠ ਵਲੋਂ ਕੀਤੇ ਗਏ ਐਲਾਨ ਤੋਂ ਬਾਅਦ ਨਵੀਆਂ ਕਲਮਾਂ ਨਵੀਂ ਉਡਾਣ ਪ੍ਰੋਜੈਕਟ ਹੁਣ ਸੂਬੇ ਭਰ ਦੇ 23 ਜਿਲ੍ਹਿਆਂ ਵਿੱਚ 15000 ਤੋਂ ਵੱਧ ਵਿਦਿਆਰਥੀਆਂ ਦੀਆਂ ਲਿਖਤਾਂ ਕਿਤਾਬ ਦਾ ਸਿੰਗਾਰ ਬਣ ਚੁੱਕੀਆਂ ਹਨ।
ਇੱਥੇ ਹੀ ਹੁਣ ਬੱਸ ਨਹੀਂ ਪੰਜਾਬ ਦੇ ਨਾਲ ਨਾਲ ਹੁਣ ਹਿਮਾਚਲ ਪ੍ਰਦੇਸ਼, ਹਰਿਆਣਾ, ਰਾਜਸਥਾਨ ਅਤੇ ਮਹਾਰਾਸ਼ਟਰ ਤੋਂ ਬਾਅਦ ਪਾਕਿਸਤਾਨ ਦੇ ਲਾਹੌਰ ਖੇਤਰ , ਇੰਗਲੈਂਡ , ਕੈਨੇਡਾ , ਅਮਰੀਕਾ , ਇਟਲੀ ਅਤੇ ਆਸਟਰੇਲੀਆ ਚ ਵੱਸਦੇ ਪੰਜਾਬੀ ਬੱਚਿਆਂ ਲਈ ਚੰਗੇ ਮੌਕੇ ਪ੍ਰਦਾਨ ਕੀਤੇ ਹਨ।
ਪੰਜਾਬ ‘ਚ ਅੰਤਰਰਾਸ਼ਟਰੀ ਬਾਲ ਸਾਹਿਤਕ ਕਾਨਫਰੰਸ 16 ਅਤੇ 17 ਨਵੰਬਰ ਨੂੰ :
ਹੁਣ ਪੰਜਾਬ ਭਵਨ ਸਰੀ ਕੈਨੇਡਾ ਵੱਲੋਂ ਇਸ ਪ੍ਰੋਜੈਕਟ ਨਾਲ ਜੁੜੇ ਬੱਚਿਆਂ ਨੂੰ ਹੋਰ ਅੱਗੇ ਤੋਰਦਿਆਂ ਇੱਕ ਅੰਤਰਾਸ਼ਟਰੀ ਬਾਲ ਸਹਿਤਕ ਕਾਨਫਰੰਸ ਪੰਜਾਬ ਦੇ ਜਿਲ੍ਹਾ ਸੰਗਰੂਰ ਦੇ ਮਸਤੂਆਣਾ ਸਾਹਿਬ ਵਿਖੇ ਕਰਵਾਉਣ ਦਾ ਫੈਸਲਾ ਲਿਆ ਹੈ।
ਇਸ ਵਿਸ਼ਵ ਪੱਧਰੀ ਕਾਨਫਰੰਸ ਦੌਰਾਨ ਵਿਦਿਆਰਥੀਆਂ ਦੀਆਂ ਕਵਿਤਾਵਾਂ, ਕਹਾਣੀਆਂ, ਲੇਖ ਅਤੇ ਹੋਰ ਰਚਨਾਵਾਂ ਦੇ ਮੁਕਾਬਲੇ ਕਰਵਾਏ ਜਾਣਗੇ , ਜਿਨ੍ਹਾਂ ਵਿੱਚ ਹੋਣਹਾਰ ਵਿਦਿਆਰਥੀਆਂ ਨੂੰ ਸਵਰਗੀ ਸ. ਅਰਜਨ ਸਿੰਘ ਬਾਠ ਯਾਦਗਾਰੀ ਐਵਾਰਡ ਦੇਣ ਦਾ ਫੈਸਲਾ ਲਿਆ ਗਿਆ ਹੈ।
ਇਸ ਕਾਨਫਰੰਸ ਹੋਣ ਨਾਲ ਭਵਿੱਖ ਵਿੱਚ ਬਾਲ ਲੇਖਕਾਂ ਦੇ ਸਾਰਥਿਕ ਨਤੀਜੇ ਸਾਹਮਣੇ ਆਉਣਗੇ ਅਤੇ ਇਨ੍ਹਾਂ ਬੱਚਿਆਂ ਚੋ ਵੱਡੇ ਵੱਡੇ ਲਿਖਰੀ ਉਭਰ ਕੇ ਸਾਹਮਣੇ ਆਉਣ ਨਾਲ ਬਾਲ ਲੇਖਕਾਂ ਦੀ ਫੁਲਵਾੜੀ ਵਿਚੋਂ ਕਈ ਨਵੇਂ ਫੁੱਲ ਖਿੜਨਗੇ, ਜੋ ਕਿ ਮਾਂ ਬੋਲੀ ਦੇ ਵਾਰਸ ਬਣ ਕੇ ਮਾਂ ਬੋਲੀ ਪੰਜਾਬੀ ਨੂੰ ਪਿਆਰ ਦੇਣ ਚ ਸਹਾਈ ਹੋਣਗੇ।
ਪੇਸ਼ਕਸ਼- ਕੁਲਦੀਪ ਚੁੰਬਰ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly