ਲੈਸਟਰ (ਇੰਗਲੈਂਡ), (ਸਮਾਜ ਵੀਕਲੀ) (ਸੁਖਜਿੰਦਰ ਸਿੰਘ ਢੱਡੇ)- ਇੰਗਲੈਂਡ ਦੇ ਕੈਂਟ ਇਲਾਕੇ ਵਿੱਚ ਮੈਨਿੰਜਾਇਟਿਸ ਦੇ ਖ਼ਤਰਨਾਕ ਫੈਲਾਅ ਕਾਰਨ ਦੋ ਨੌਜਵਾਨਾਂ ਦੀ ਮੌਤ ਹੋ ਜਾਣ ਅਤੇ ਕਈ ਹੋਰ ਲੋਕਾਂ ਦੇ ਗੰਭੀਰ ਤੌਰ ’ਤੇ ਬਿਮਾਰ ਹੋ ਜਾਣ ਨਾਲ ਸਿੱਖਿਆ ਸੰਸਥਾਵਾਂ ਅਤੇ ਸਿਹਤ ਵਿਭਾਗ ਵਿੱਚ ਚਿੰਤਾ ਦਾ ਮਾਹੌਲ ਬਣ ਗਿਆ ਹੈ। ਤਾਜ਼ਾ ਜਾਣਕਾਰੀ ਮੁਤਾਬਕ ਇਸ ਬਿਮਾਰੀ ਦੇ ਕੁੱਲ 13 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚੋਂ ਦੋ ਵਿਦਿਆਰਥੀਆਂ ਦੀ ਮੌਤ ਹੋ ਗਈ ਹੈ ਜਦਕਿ 11 ਹੋਰ ਲੋਕ ਗੰਭੀਰ ਹਾਲਤ ਵਿੱਚ ਹਸਪਤਾਲ ਵਿੱਚ ਦਾਖ਼ਲ ਹਨ। ਮਰਨ ਵਾਲਿਆਂ ਵਿੱਚੋਂ ਇੱਕ ਯੂਨੀਵਰਸਿਟੀ ਆਫ ਕੈਂਟ ਦਾ ਵਿਦਿਆਰਥੀ ਦੱਸਿਆ ਗਿਆ ਹੈ, ਜਦਕਿ ਦੂਜਾ ਫੇਵਰਸ਼ਮ ਦੇ ਕੁਈਨ ਐਲਿਜ਼ਾਬੇਥ ਗ੍ਰੈਮਰ ਸਕੂਲ ਦਾ ਯੀਅਰ-13 ਦਾ ਵਿਦਿਆਰਥੀ ਸੀ। ਸਕੂਲ ਪ੍ਰਬੰਧਕਾਂ ਨੇ ਇਸ ਦੁਖਦਾਈ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਵਿਦਿਆਰਥੀ ਦੀ ਮੌਤ ਨਾਲ ਸਾਰੇ ਅਧਿਆਪਕ ਅਤੇ ਸਾਥੀ ਵਿਦਿਆਰਥੀ ਗਹਿਰੇ ਦੁੱਖ ਵਿੱਚ ਹਨ। ਸਕੂਲ ਦੀ ਹੈਡਟੀਚਰ ਅਮੀਲੀਆ ਮੈਕਇਲਰੋਇ ਨੇ ਕਿਹਾ ਕਿ ਇਹ ਸਮਾਂ ਸਾਰੇ ਸਕੂਲ ਪਰਿਵਾਰ ਲਈ ਬਹੁਤ ਹੀ ਦੁਖਦਾਈ ਹੈ ਅਤੇ ਪ੍ਰਬੰਧਕਾਂ ਦੀ ਪਹਿਲੀ ਤਰਜੀਹ ਵਿਦਿਆਰਥੀਆਂ ਅਤੇ ਸਟਾਫ਼ ਦੀ ਸੁਰੱਖਿਆ ਅਤੇ ਮਾਨਸਿਕ ਸਹਾਇਤਾ ਯਕੀਨੀ ਬਣਾਉਣਾ ਹੈ। ਇਸ ਘਟਨਾ ਤੋਂ ਬਾਅਦ ਯੂਕੇ ਹੈਲਥ ਸਿਕਿਊਰਟੀ ਏਜੰਸੀ (UKHSA) ਵੱਲੋਂ ਤੁਰੰਤ ਕਾਰਵਾਈ ਕਰਦਿਆਂ ਕੈਂਟਰਬਰੀ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਵੱਡੇ ਪੱਧਰ ’ਤੇ ਲੋਕਾਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ। ਸਿਹਤ ਅਧਿਕਾਰੀਆਂ ਮੁਤਾਬਕ ਕਰੀਬ 30 ਹਜ਼ਾਰ ਵਿਦਿਆਰਥੀਆਂ, ਸਕੂਲ ਅਤੇ ਯੂਨੀਵਰਸਿਟੀ ਦੇ ਸਟਾਫ਼ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਥਿਤੀ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ ਅਤੇ ਜਿਨ੍ਹਾਂ ਲੋਕਾਂ ਦਾ ਸੰਪਰਕ ਬਿਮਾਰ ਵਿਅਕਤੀਆਂ ਨਾਲ ਹੋਇਆ ਹੋ ਸਕਦਾ ਹੈ, ਉਨ੍ਹਾਂ ਨੂੰ ਸੁਰੱਖਿਆ ਵਜੋਂ ਐਂਟੀਬਾਇਓਟਿਕ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ। ਯੂਨੀਵਰਸਿਟੀ ਆਫ ਕੈਂਟ ਦੇ ਕਾਰਜਕਾਰੀ ਵਾਈਸ ਚਾਂਸਲਰ ਜਾਰਜੀਨਾ ਰੈਂਡਸਲੇ ਡੀ ਮੋਰਾ ਨੇ ਵਿਦਿਆਰਥੀਆਂ ਨੂੰ ਭੇਜੇ ਸੰਦੇਸ਼ ਵਿੱਚ ਕਿਹਾ ਕਿ ਇਸ ਦੁਖਦਾਈ ਘਟਨਾ ਦੇ ਮੱਦੇਨਜ਼ਰ ਇਸ ਹਫ਼ਤੇ ਲਈ ਸਾਰੇ ਇਨ-ਪਰਸਨ ਇਮਤਿਹਾਨ ਰੱਦ ਕਰ ਦਿੱਤੇ ਗਏ ਹਨ, ਹਾਲਾਂਕਿ ਯੂਨੀਵਰਸਿਟੀ ਕੈਂਪਸ ਖੁੱਲ੍ਹਾ ਰਹੇਗਾ। ਉਨ੍ਹਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਲੋਕਾਂ ਨੂੰ ਮਾਨਸਿਕ ਤੌਰ ’ਤੇ ਪ੍ਰਭਾਵਿਤ ਕਰ ਸਕਦੀਆਂ ਹਨ ਅਤੇ ਇਸ ਲਈ ਯੂਨੀਵਰਸਿਟੀ ਵੱਲੋਂ ਵਿਦਿਆਰਥੀਆਂ ਲਈ ਕਾਊਂਸਲਿੰਗ ਅਤੇ ਹੋਰ ਸਹਾਇਤਾ ਉਪਲਬਧ ਕਰਵਾਈ ਜਾ ਰਹੀ ਹੈ। ਸਿਹਤ ਅਧਿਕਾਰੀਆਂ ਅਨੁਸਾਰ ਇਹ ਮਾਮਲੇ ਸੰਭਵਤ: ਕੈਂਟਰਬਰੀ ਵਿੱਚ ਹੋਏ ਕਿਸੇ ਸਮਾਜਿਕ ਸਮਾਗਮ ਨਾਲ ਜੁੜੇ ਹੋ ਸਕਦੇ ਹਨ, ਜਿਸ ਵਿੱਚ ਕੁਝ ਬਿਮਾਰ ਹੋਏ ਲੋਕ ਸ਼ਾਮਲ ਹੋਏ ਸਨ। ਇਸ ਸਬੰਧ ਵਿੱਚ ਜਾਂਚ ਜਾਰੀ ਹੈ ਤਾਂ ਜੋ ਪਤਾ ਲੱਗ ਸਕੇ ਕਿ ਬਿਮਾਰੀ ਕਿਵੇਂ ਫੈਲੀ। ਮੈਨਿੰਜਾਇਟਿਸ ਇੱਕ ਗੰਭੀਰ ਇੰਫੈਕਸ਼ਨ ਹੁੰਦੀ ਹੈ ਜੋ ਦਿਮਾਗ ਅਤੇ ਰੀੜ੍ਹ ਦੀ ਹੱਡੀ ਦੇ ਆਲੇ-ਦੁਆਲੇ ਮੌਜੂਦ ਸੁਰੱਖਿਆ ਪਰਤਾਂ ਨੂੰ ਪ੍ਰਭਾਵਿਤ ਕਰਦੀ ਹੈ। ਜੇ ਸਮੇਂ ’ਤੇ ਇਲਾਜ ਨਾ ਮਿਲੇ ਤਾਂ ਇਹ ਬਿਮਾਰੀ ਜਾਨ ਲਈ ਖ਼ਤਰਾ ਬਣ ਸਕਦੀ ਹੈ। ਡਾਕਟਰਾਂ ਮੁਤਾਬਕ ਇਸ ਦੇ ਮੁੱਖ ਲੱਛਣਾਂ ਵਿੱਚ ਤੇਜ਼ ਬੁਖਾਰ, ਸਿਰ ਦਰਦ, ਉਲਟੀਆਂ, ਗਰਦਨ ਦਾ ਕੱਸ ਜਾਣਾ, ਰੋਸ਼ਨੀ ਨਾਲ ਚਿੜਚਿੜਾਪਣ, ਤੇਜ਼ ਸਾਹ ਲੈਣਾ, ਸਰੀਰ ’ਤੇ ਦਾਨੇ ਜਾਂ ਧੱਬੇ ਅਤੇ ਬਹੁਤ ਜ਼ਿਆਦਾ ਨੀਂਦ ਆਉਣਾ ਸ਼ਾਮਲ ਹਨ। ਸਿਹਤ ਵਿਭਾਗ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਨੂੰ ਵੀ ਮੈਨਿੰਜਾਇਟਿਸ ਜਾਂ ਸੈਪਟੀਸੀਮੀਆ ਦੇ ਲੱਛਣ ਨਜ਼ਰ ਆਉਣ ਤਾਂ ਤੁਰੰਤ ਨੇੜਲੇ ਐਂਡ ਈ (A&E) ਵਿਭਾਗ ਵਿੱਚ ਜਾ ਕੇ ਜਾਂ ਐਮਰਜੈਂਸੀ ਨੰਬਰ 999 ’ਤੇ ਸੰਪਰਕ ਕਰਕੇ ਡਾਕਟਰੀ ਸਹਾਇਤਾ ਲਈ ਜਾਵੇ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



