ਸਮਾਜ ਵੀਕਲੀ ਯੂ ਕੇ
ਜਲੰਧਰ- ਮਿਤੀ 10 ਮਈ 2026 ਨੂੰ ਪਿੰਡ ਤਰਖਾਣ ਮਜਾਰਾ ਦੇ ਅਸ਼ੋਕਾ ਬੁੱਧ ਵਿਹਾਰ ਚ ਬਹੁਤ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਬੁੱਧ ਪੂਰਨਿਮਾ ਮਨਾਈ ਗਈ। ਸੱਭ ਤੋਂ ਪਹਿਲਾਂ ਬੁੱਧ ਵਿਹਾਰ ਵਿਖੇ ਪੰਚਸ਼ੀਲ ਦੇ ਝੰਡੇ ਲਹਿਰਾਏ ਗਏ ਅਤੇ ਪਾਣੀ ਦੀ ਛਬੀਲ ਲਗਾਈ ਗਈ। ਉਸ ਤੋਂ ਬਾਅਦ ” ਬੁੱਧਗੰ ਸ਼ਰਣਗੰ ਗੱਛਾਮੀ, ਧੱਮਗੰ ਸ਼ਰਣਗੰ ਗੱਛਾਮੀ, ਸ਼ੰਘਗੰ ਸ਼ਰਣਗੰ ਗੱਛਾਮੀ” ਦਾ ਉਚਾਰਨ ਕਰਦੇ ਹੋਏ ਪੂਰੇ ਪਿੰਡ ਚ ਸ਼ੋਭਾ ਯਾਤਰਾ ਕੱਢੀ ਗਈ। ਇਸ ਤੋਂ ਉਪਰੰਤ ਪ੍ਰੋਗਰਾਮ ਸ਼ੁਰੂ ਹੋਇਆ ਜਿਸ ਵਿਚ ਬੁਲਾਰਿਆਂ ਨੇ ਬੁੱਧ, ਧੱਮ ਅਤੇ ਸੰਘ ਦੇ ਇਤਿਹਾਸ ਬਾਰੇ ਚਾਨਣਾ ਪਾਇਆ। ਸੱਭ ਬੁਲਾਰਿਆਂ ਨੇ ਬੁੱਧ ਅਤੇ ਬਾਬਾ ਸਾਹਿਬ ਦੀ ਵਿਚਾਰਧਾਰਾ ਅਨੁਸਾਰ ਜੀਵਨ ਬਤੀਤ ਕਰਨ ਦਾ ਸੰਦੇਸ਼ ਦਿੰਦੇ ਹੋਏ ਕਿਹਾ ਕਿ ਆਉਣ ਵਾਲੀ ਜਨਗਣਨਾ ਚ ਬਾਬਾ ਦੇ ਭਾਰਤ ਨੂੰ ਬੁੱਧਮਈ ਬਣਾਉਣ ਦੇ ਸੁਪਨੇ ਨੂੰ ਪੂਰਾ ਕਰਨ ਲਈ ਬੋਧੀ ਲਿਖਵਾਉਣ ਉੱਤੇ ਜ਼ੋਰ ਦਿੱਤਾ। ਮੁੱਖ ਬੁਲਾਰਿਆਂ ਚ ਸਰਵਸ੍ਰੀ ਜਸਵੀਰ ਸਿੰਘ ਮੋਰੋਂ, ਸੰਜੀਵ ਕੁਮਾਰ ਭੌਰਾ, ਚਰਨਜੀਤ ਪੁਆਰੀ, ਰਾਮ ਦਾਸ ਗੁਰੂ, ਅਸ਼ਵਨੀ ਕੁਮਾਰ ਅਤੇ ਇੰਨਕਲਾਬ ਸਨ।
ਸ੍ਰੀ ਹਰਮੇਸ਼ ਜੱਸਲ ਨੇ ਪੰਜਾਬ ਦੇ ਬੋਧੀ ਇਤਿਹਾਸ ਉਪਰ ਚਾਨਣਾ ਪਾਉਂਦੇ ਹੋਏ ਕਿਹਾ ਕਿ ਕਦੀ ਪੰਜਾਬ ਬੋਧੀਆਂ ਤੋਂ ਸੱਖਣਾ ਸੀ, ਅੱਜ ਪੰਜਾਬ ਵਿਚ 22 ਬੁੱਧ ਵਿਹਾਰ ਬਣ ਚੁੱਕੇ ਹਨ ਜਿਥੋਂ ਲਗਾਤਾਰ ਬੁੱਧ ਧਰਮ ਦਾ ਪ੍ਰਚਾਰ ਪ੍ਰਸਾਰ ਹੋ ਰਿਹਾ ਹੈ। ਉਨ੍ਹਾਂ ਨੇ ਹਿਊਨ ਸਾਂਗ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਜਦੋਂ ਹਿਊਨ ਸਾਂਗ ਜਲੰਧਰ ਆਇਆ ਸੀ ਤਾਂ ਉਸਨੇ ਇਥੇ 50 ਬੁੱਧ ਵਿਹਾਰ ਦੇਖੇ ਸਨ ਜਿੱਥੇ ਲਗਭਗ 2000 ਭਿਖਸ਼ੂ ਬੁੱਧ ਧੱਮ ਦੀ ਸਿੱਖਿਆ ਦਿੰਦੇ ਸਨ। ਉਨ੍ਹਾਂ ਨੇ ਕਿਹਾ ਕਿ ਉਹ ਦਿਨ ਦੂਰ ਨਹੀ ਜਦੋਂ ਅਸੀਂ 50 ਬੁੱਧ ਵਿਹਾਰ ਬਣਾਉਣ ਦਾ ਟਾਰਗੇਟ ਪੂਰਾ ਕਰ ਲਵਾਂਗੇ। ਉਨ੍ਹਾਂ ਨੇ ਅਪੀਲ ਕੀਤੀ ਕਿ ਆਪਣੇ ਪੁਰਖਿਆਂ ਦਾ ਇਤਿਹਾਸ ਜਾਨਣ ਲਈ ‘ ਪੰਜਾਬ ਦਾ ਬੋਧੀ ਇਤਿਹਾਸ ‘ ਪੁਸਤਕ ਜ਼ਰੂਰ ਪੜ੍ਹੋ। ਪੱਤਵੰਤੇ ਸੱਜਣਾਂ, ਦਾਨੀਆਂ ਅਤੇ ਬੁਲਾਰਿਆਂ ਦਾ ਸਨਮਾਨ ਕੀਤਾ ਗਿਆ।ਬੱਚਿਆਂ ਨੇ ਵੀ ਕਵਿਤਾਵਾਂ ਰਾਹੀਂ ਆਪਣੀ ਹਾਜ਼ਰੀ ਲਗਵਾਈ।ਭੰਤੇ ਚੰਦਰ ਕੀਰਤੀ ਜੀ ਨੇ ਅਸ਼ੀਰਵਾਦ ਦਿੰਦੇ ਹੋਏ, ਮੰਗਲ ਕਾਮਨਾ ਨਾਲ ਸਮਾਗਮ ਦੀ ਸਮਾਪਤੀ ਕੀਤੀ। ਅਖੀਰ ਵਿਚ ਸੱਭ ਨੂੰ ਲੰਗਰ ਵਰਤਾਇਆ ਗਿਆ।



