ਸਮਾਜ ਵੀਕਲੀ ਯੂ ਕੇ
ਬਲਾਚੌਰ (ਜਤਿੰਦਪਾਲ ਸਿੰਘ ਕਲੇਰ)- ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਪ੍ਰਧਾਨ ਸੰਤੋਖ ਸਿੰਘ ਰੈਲ ਮਾਜਰਾ ਦੀ ਪ੍ਰਧਾਨਗੀ ਹੇਠ ਟੋਲ ਪਲਾਜਾ ਬੱਛੂਆਂ ਵਿਖੇ ਕੀਤੀ ਗਈ ਜਿਸ ਵਿੱਚ ਵੱਖ-ਵੱਖ ਕਿਸਾਨ ਆਗੂਆਂ ਨੇ ਹਿੱਸਾ ਲਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੁਲਵਿੰਦਰ ਸਰਪੰਚ ਪਰਾਗਪੁਰ ਜ਼ਿਲਾ ਪ੍ਰੈੱਸ ਸਕੱਤਰ ਨੇ ਦੱਸਿਆ ਕਿ ਭਲਕੇ 12 ਜਨਵਰੀ ਨੂੰ ਜੀਓਵਾਲ-ਬੱਛੂਆਂ ਵਿਖੇ ਜੋ ਟੋਲ ਪਲਾਜਾ ਫਰੀ ਕੀਤਾ ਜਾਵੇਗਾ ਉਸ ਦਾ ਸਮਾਂ ਦੁਪਹਿਰ 12 ਤੋਂ ਲੈ ਕੇ ਸ਼ਾਮ 3 ਵਜੇ ਤੱਕ ਹੋਵੇਗਾ।
ਉਹਨਾਂ ਦੱਸਿਆ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਸਾਰੀਆਂ ਕਿਸਾਨ ਜਥੇਬੰਦੀਆਂ, ਸੰਯੁਕਤ ਮੋਰਚਾ, ਟਰੇਡ ਯੂਨੀਅਨਾਂ, ਸਟੂਡੈਂਟ ਫੈਡਰੇਸ਼ਨ ਆਦਿ ਸੱਭ ਇਕੱਠੀਆਂ ਹੋ ਕੇ ਸਰਕਾਰ ਦੇ ਇਹਨਾਂ ਫੈਸਲੇ ਦੇ ਵਿਰੋਧ ਵਿੱਚ ਪ੍ਰਦਰਸ਼ਨ ਕਰਨਗੀਆਂ। ਉਹਨਾਂ ਕਿਹਾ ਕਿ ਜੋ ਹਾਲ ਹੀ ਵਿੱਚ ਸਰਕਾਰ ਨੇ ਪੱਤਰਕਾਰਾਂ ‘ਤੇ ਝੂਠੇ ਤੇ ਜਬਰੀ ਪਰਚੇ ਦਰਜ ਕੀਤੇ ਹਨ ਤੇ ਗ੍ਰਿਫਤਾਰੀ ਕੀਤੀ ਉਹਨਾਂ ਨੂੰ ਤੁਰੰਤ ਵਾਪਸ ਲਿਆ ਜਾਵੇ, ਜਿਹੜੇ ਪੱਤਰਕਾਰ ਭਰਾ ਜੇਲਾਂ ਵਿੱਚ ਹਨ ਉਹਨਾਂ ਨੂੰ ਤੁਰੰਤ ਰਹਿਆ ਕੀਤਾ ਜਾਵੇ ਅਤੇ ਉਹਨਾਂ ‘ਤੇ ਜੋ ਵੀ ਪਰਚਾ ਜਾਂ ਕੋਈ ਕਿਸੇ ਤਰ੍ਹਾਂ ਦੀ ਦਰਖਾਸਤ ਹੈ ਉਸ ਨੂੰ ਮੁੱਢੋਂ ਖਾਰਜ ਕੀਤਾ ਜਾਵੇ। ਉਹਨਾਂ ਅੱਗੇ ਕਿਹਾ ਕਿ ਸਰਕਾਰ ਨੇ ਪਹਿਲਾਂ ਤੋਂ ਹੁਣ ਤੱਕ ਕਈ ਇਦਾਂ ਦੇ ਸਿੱਖ ਆਗੂ ਜਿਨਾਂ ਨੂੰ ਜਦੋਂ ਦਿਲ ਕਰਦਾ ਸਰਕਾਰ ਉਹਨਾਂ ਨੂੰ ਬਿਨਾਂ ਕਾਰਨ ਚੁੱਕ ਕੇ ਜੇਲ੍ਹ ਅੰਦਰ ਕਰ ਦਿੰਦੀ ਹੈ ਤੇ ਫਿਰ ਛੱਡ ਦਿੱਤਾ ਜਾਂਦਾ ਹੈ। ਇਸੇ ਤਰ੍ਹਾਂ ਸਰਕਾਰ ਪੰਜਾਬ ਦੇ ਲੋਕਾਂ ਜਾਂ ਕੁੱਝ ਕਿਸਾਨ ਆਗੂਆਂ, ਧਰਮ ਪ੍ਰਚਾਰਕਾਂ ਨੂੰ ਜਬਰੀ ਚੁੱਕ ਕੇ ਜੇਲਾਂ ਵਿੱਚ ਸੁੱਟ ਰਹੇ ਹਨ ਉਹਨਾਂ ਨੂੰ ਤੁਰੰਤ ਰਿਹਾ ਕੀਤਾ ਜਾਵੇ ਤੇ ਅੱਗੇ ਤੋਂ ਇਸ ਤਰ੍ਹਾਂ ਦੀ ਕੋਈ ਵੀ ਭੈੜੀ ਹਰਕਤ ਨਾ ਕੀਤੀ ਜਾਵੇ ਇਸ ਸੱਭ ਦੇ ਵਿਰੋਧ ਵਿੱਚ ਤਿੰਨ ਘੰਟੇ ਲਈ ਟੋਲ ਪਲਾਜੇ ਫਰੀ ਕੀਤੇ ਜਾਣਗੇ ਤਾਂ ਜੋ ਸਰਕਾਰ ਵੱਲੋਂ ਲੋਕ ਵਿਰੋਧੀ ਲਏ ਜਾ ਰਹੇ ਫੈਸਲਿਆਂ ਨੂੰ ਰੋਕਿਆ ਜਾ ਸਕੇ।
ਇਸ ਮੌਕੇ ਵਾਈਸ ਪ੍ਰਧਾਨ ਸਵਰਨ ਸਿੰਘ ਨੰਗਲ, ਗੁਰਮੁਖ ਸਿੰਘ ਜਰਨਲ ਸਕੱਤਰ ਮਹਿਮੂਦਪੁਰ, ਦਰਸ਼ਨ ਸਿੰਘ ਕਾਮਰੇਡ ਬੀੜ ਸਰਕਾਰ, ਸਤਪਾਲ ਸਿੰਘ ਭੱਲਾ, ਹਰਵਿੰਦਰ ਸਿੰਘ ਟੌਂਸਾ, ਮਾਸਟਰ ਦੇਵ ਰਾਜ ਬਲਾਚੌਰ, ਜੱਥੇਦਾਰ ਤਰਲੋਚਨ ਸਿੰਘ ਪਨਿਆਲੀ, ਜਸਵੰਤ ਰਾਏ ਖਜਾਨਚੀ, ਚੋਧਰੀ ਵਿਸ਼ਾਲ ਕਾਠਗੜ ਆਦਿ ਕਿਸਾਨ ਆਗੂ ਹਾਜ਼ਰ ਸਨ।



