ਪਟਿਆਲਾ (ਸਮਾਜ ਵੀਕਲੀ): ਨਵੀਂ ਪਾਰਟੀ ਬਣਾ ਕੇ ਕਾਂਗਰਸ ਨੂੰ ਚੁਣੌਤੀ ਦੇਣ ਵਾਲੇ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਕਾਂਗਰਸ ਪਾਰਟੀ ਨੇ ਅੱਜ ਉਨ੍ਹਾਂ ਦੇ ਜੱੱਦੀ ਸ਼ਹਿਰ ਵਿੱਚੋਂ ਮੁਹਿੰਮ ਸ਼ੁਰੂ ਕੀਤੀ ਹੈ। ਇਸ ਨੂੰ ਆਗਾਮੀ ਚੋਣਾਂ ਦਾ ਆਗਾਜ਼ ਵੀ ਮੰਨਿਆ ਜਾ ਰਿਹਾ ਹੈ ਕਿਉਂਕਿ ਕਾਂਗਰਸ ਦੇ ਨਵੇਂ ਸੂਬਾਈ ਇੰਚਾਰਜ ਹਰੀਸ਼ ਚੌਧਰੀ ਨੇ ਆਪਣੀਆਂ ਸਰਗਰਮੀਆਂ ਦਾ ਆਗਾਜ਼ ਵੀ ਅੱਜ ਪਟਿਆਲਾ ਵਿਚਲੀ ਇਸ ਪਲੇਠੀ ਰੈਲੀ ਨਾਲ ਹੀ ਕੀਤਾ। ਇਸ ਦੌਰਾਨ ਪਹਿਲਾਂ ਅਕਾਲੀਆਂ ਨਾਲ ਘਿਉ-ਖਿੱਚੜੀ ਹੋਣ ਅਤੇ ਹੁਣ ਭਾਜਪਾ ਨਾਲ ਸਾਂਝ ਭਿਆਲੀ ਪਾਉਣ ਦੀ ਵਿਉਂਤਬੰਦੀ ਦੇ ਹਵਾਲੇ ਨਾਲ਼ ਸਾਬਕਾ ਮੁੱਖ ਮੰਤਰੀ ਨੂੰ ਲਾਹਣਤਾਂ ਪਾਈਆਂ ਗਈਆਂ। ਨਾਲ ਹੀ ਆਗਾਮੀ ਚੋਣਾਂ ਦੌਰਾਨ ਅਮਰਿੰਦਰ ਸਿੰਘ ਦੀ ਕਰਾਰੀ ਹਾਰ ਯਕੀਨੀ ਬਣਾਉਣ ਦਾ ਅਹਿਦ ਲਿਆ ਗਿਆ।
ਕਾਂਗਰਸ ਦੀ ਇਹ ਜ਼ਿਲ੍ਹਾ ਪੱਧਰੀ ਇਕੱਤਰਤਾ ਇੱਥੇ ਸਰਕਟ ਹਾਊਸ ਵਿੱਚ ਹੋਈ। ਇਸ ਦੌਰਾਨ ਪਰਨੀਤ ਕੌਰ ਅਤੇ ਮੇਅਰ ਸੰਜੀਵ ਬਿੱਟੂ ਸਮੇਤ ਕੈਪਟਨ ਖੇਮੇ ਦੇ ਕਈ ਹੋਰ ਆਗੂ ਤਾਂ ਭਾਵੇਂ ਗੈਰਹਾਜ਼ਰ ਰਹੇ, ਪਰ ਜ਼ਿਲ੍ਹੇ ਦੇ ਬਾਕੀ ਸਮੂਹ ਛੇ ਕਾਂਗਰਸੀ ਵਿਧਾਇਕਾਂ ਅਤੇ ਇਕਲੌਤੇ ਹਲਕਾ ਇੰਚਾਰਜ ਹੈਰੀਮਾਨ ਸਮੇਤ ਕਈ ਹੋਰ ਚੇਅਰਮੈਨਾਂ ਅਤੇ ਅਹੁਦੇਦਾਰਾਂ ਆਦਿ ਨੇ ਹਿੱਸਾ ਲਿਆ।
ਹਰੀਸ਼ ਚੌਧਰੀ ਨੇ ਅਕਾਲੀਆਂ ਅਤੇ ਭਾਜਪਾ ਨਾਲ਼ ਸਾਂਝ ਸਮੇਤ ਹੁਣ ਕਾਂਗਰਸ ਅਤੇ ਲੋਕਾਂ ਨੂੰ ਧੋਖਾ ਦੇਣ ਦੇ ਤਰਕ ਤਹਿਤ ਅਮਰਿੰਦਰ ਸਿੰਘ ਨੂੰ ਭੰਡਿਆ। ਉਨ੍ਹਾਂ ਕਿਹਾ ਕਿ ਕੋਈ ਵੀ ਵਿਅਕਤੀ ਪਾਰਟੀ ਤੋਂ ਵੱਡਾ ਨਹੀਂ ਹੁੰਦਾ। ਇਹ ਭੁਲੇਖਾ ਜਲਦੀ ਨਿਕਲ਼ ਜਾਵੇਗਾ। ਇਸ ਵਕਤ ਪੰਜਾਬ ਕਾਂਗਰਸ ’ਚ ਸਭ ਤੋਂ ਪੁਰਾਣੇ ਤੇ ਟਕਸਾਲੀ ਨੇਤਾ ਚੇਅਰਮੈਨ ਲਾਲ ਸਿੰਘ ਨੇ ਤਾਂ ਅਮਰਿੰਦਰ ਸਿੰਘ ਦੀ ਤੁਲਨਾ ਅਮਰਵੇਲ ਨਾਲ਼ ਕੀਤੀ ਅਤੇ ਕਿਹਾ ਕਿ ਅਮਰਵੇਲ ਵਾਂਗ ਇਸ ਸਖਸ਼ ਦੀ ਵੀ ਜ਼ਮੀਨ ’ਤੇ ਜੜ੍ਹ ਨਹੀਂ ਹੈ। ਉਨ੍ਹਾਂ ਹੋਰ ਕਿਹਾ ਕਿ ਤੀਹ ਸਾਲ ਪਹਿਲਾਂ ਬਣਾਈ ਵੱਖਰੀ ਪਾਰਟੀ ’ਚ ਤਾਂ ਤਿੰਨ ਸੀਟਾਂ ਆ ਹੀ ਗਈਆਂ ਸਨ ਪਰ ਐਤਕੀਂ ਇੱਕ ਵੀ ਨਹੀਂ ਆਉਣੀ। ਜ਼ਿਲ੍ਹੇ ’ਚ ਮੋਹਰੀ ਭੂਮਿਕਾ ਨਿਭਾਅ ਰਹੇ ਵਿਧਾਇਕ ਮਦਨ ਲਾਲ ਜਲਾਲਪੁਰ ਦਾ ਕਹਿਣਾ ਸੀ ਕਿ ਪਾਰਟੀ ਤੋਂ ਲਾਂਭੇ ਹੋਣ ਵਾਲ਼ਿਆਂ ਦੀ ਸਥਿਤੀ ਅੱਜ ਦੀ ਇਸ ਇਕੱਤਰਤਾ ਨਾਲ ਹੀ ਸਪੱਸ਼ਟ ਹੋ ਗਈ ਹੈ ਤੇ ਰਹਿੰਦੀ ਕਸਰ ਅਗਲੇ ਦਿਨੀਂ ਨਿਕਲ਼ ਜਾਵੇਗੀ।
ਰਾਜਪੁਰਾ ਦੇ ਵਿਧਾਇਕ ਹਰਦਿਆਲ ਕੰਬੋਜ ਨੇ ਕਿਹਾ ਕਿ ਪਟਿਆਲਾ ਜ਼ਿਲ੍ਹੇ ਦੀਆਂ ਸਮੂਹ ਅੱਠ ਸੀਟਾਂ ਜਿੱਤ ਕੇ ਕਾਂਗਰਸ ਦੀ ਝੋਲ਼ੀ ਪਾਈਆਂ ਜਾਣਗੀਆਂ। ਪਿਛਲੇ ਦਿਨੀਂ ਮੰਤਰੀ ਦਾ ਅਹੁਦਾ ਖੁੱਸ ਜਾਣ ਦੇ ਬਾਵਜੂਦ ਸਾਧੂ ਸਿੰਘ ਧਰਮਸੋਤ ਵੀ ਅੱਜ ਦੇ ਇਸ ਮੰਚ ਤੋਂ ਅਮਰਿੰਦਰ ਸਿੰਘ ਖ਼ਿਲਾਫ਼ ਭੁਗਤੇ। ਹੁਣ ਤੱਕ ਕੈਪਟਨ ਖੇਮੇ ਵੱਲ ਜਾਣ ਦੇ ਸ਼ੱਕ ਵਜੋਂ ਦੇਖੇ ਜਾਂਦੇ ਸਨੌਰ ਦੇ ਹਲਕਾ ਇੰਚਾਰਜ ਹੈਰੀਮਾਨ ਦੀਆਂ ਤਕਰੀਰਾਂ ਨੇ ਵੀ ਸਿਰਫ਼ ਪਾਰਟੀ ਦੇ ਨਾਲ਼ ਖੜ੍ਹਨ ਸਬੰਧੀ ਹੀ ਸਥਿਤੀ ਸਪੱਸ਼ਟ ਕੀਤੀ। ਦੋ ਹੋਰ ਵਿਧਾਇਕ ਨਿਰਮਲ ਸ਼ੁਤਰਾਣਾ ਅਤੇ ਕਾਕਾ ਰਾਜਿੰਦਰ ਸਿੰਘ ਨੇ ਵੀ ਹਾਜ਼ਰੀ ਲਵਾਈ। ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਦੇ ਚੰਡੀਗੜ੍ਹ ਵਿੱਚ ਮੀਟਿੰਗ ’ਚ ਹੋਣ ਕਰਕੇ ਉਨ੍ਹਾਂ ਦੇ ਪੁੱਤਰ ਮੋਹਿਤ ਮਹਿੰਦਰਾ ਨੇ ਉਨ੍ਹਾਂ ਵੱਲੋਂ ਹਾਜ਼ਰੀ ਲਵਾਈ।
ਨਵਜੋਤ ਸਿੱਧੂ ਵੱਲੋਂ ਸ਼ਾਮਲ ਹੋਏ ਵਿਧਾਇਕ ਕੁਲਜੀਤ ਨਾਗਰਾ ਨੇ ਮੰਚ ਸੰਚਾਲਨ ਕਰਦਿਆਂ ਖਰੀਆਂ ਖਰੀਆਂ ਸੁਣਾਈਆਂ ਜਦਕਿ ਪਟਿਆਲਾ ਜ਼ਿਲ੍ਹੇ ਦੇ ਇੰਚਾਰਜ ਥਾਪੇ ਗਏ ਕੈਬਨਿਟ ਮੰਤਰੀ ਰਾਜ ਕੁਮਾਰ ਵੇਰਕਾ ਦਾ ਕਹਿਣਾ ਸੀ ਕਿ ਉਹ ਹਫਤੇ ’ਚ ਦੋ ਦਿਨ ਪਟਿਆਲਾ ’ਚ ਰਹਿ ਕੇ ਵਰਕਰਾਂ ਦੀਆਂ ਮੁਸ਼ਕਲਾਂ ਸੁਣਿਆ ਕਰਨਗੇ। ਵੇਰਕਾ ਤੇ ਨਾਗਰਾ ਦੇ ਭਾਸ਼ਣ ਵਿੱਚ ਵੀ ਕੈਪਟਨ ਨੂੰ ਖੂਬ ਭੰਡਿਆ ਗਿਆ। ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਊਟਸਰ ਨੇ ਧੰਨਵਾਦ ਕੀਤਾ। ਸੂਬਾਈ ਚੇਅਰਪਰਸਨ ਗੁਰਸ਼ਰਨ ਕੌਰ ਰੰਧਾਵਾ, ਜੌਲੀ ਜਲਾਲਪੁਰ, ਮਦਨ ਭਾਰਦਵਾਜ ਸਮੇਤ ਕਈ ਹੋਰ ਆਗੂ ਵੀ ਮੌਜੂਦ ਸਨ। ਮੁੱਖ ਪ੍ਰਬੰਧਕ ਮਦਨ ਲਾਲ ਜਲਾਲਪੁਰ ਦਾ ਕਹਿਣਾ ਸੀ ਕਿ ਪਟਿਆਲਾ ਦੇ 60 ਵਿੱਚੋਂ ਅੱਜ ਇੱਥੇ 45 ਕੌਂਸਲਰ ਮੌਜੂਦ ਸਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly