ਕਰਨਾਲ ਵਿੱਚ ਵੀ ਕਿਸਾਨਾਂ ਨੇ ਲਾਇਆ ਪੱਕਾ ਮੋਰਚਾ

ਕਰਨਾਲ (ਸਮਾਜ ਵੀਕਲੀ): ਆਪਣੀਆਂ ਮੰਗਾਂ ਮਨਵਾਉਣ ਲਈ ਮੰਗਲਵਾਰ ਤੋਂ ਮਿਨੀ ਸਕੱਤਰੇਤ ਦੇ ਬਾਹਰ ਡਟੇ ਕਿਸਾਨ ਨੇਤਾਵਾਂ ਅਤੇ ਪੁਲੀਸ ਤੇ ਪ੍ਰਸ਼ਾਸਨਿਕ ਅਫਸਰਾਂ ਵਿਚਾਲੇ ਦੋ ਦੌਰ ਦੀ ਗੱਲਬਾਤ ਮਗਰੋਂ ਵੀ ਮਸਲੇ ਦਾ ਕੋਈ ਹੱਲ ਨਹੀਂ ਨਿਕਲ ਸਕਿਆ ਹੈ। ਕਿਸਾਨਾਂ ਨੇ ਐਲਾਨ ਕਰ ਦਿੱਤਾ ਹੈ ਕਿ ਮੰਗਾਂ ਮੰਨੇ ਜਾਣ ਤੱਕ ਉਹ ਕਰਨਾਲ ’ਚ ਮਿਨੀ ਸਕੱਤਰੇਤ ਅੱਗੇ ਅਣਮਿੱਥੇ ਸਮੇਂ ਲਈ ਡਟੇ ਰਹਿਣਗੇ। ਭਾਰਤੀ ਕਿਸਾਨ ਯੂਨੀਅਨ ਦੇ ਤਰਜਮਾਨ ਰਾਕੇਸ਼ ਟਿਕੈਤ ਨੇ ਕਿਹਾ ਕਿ ਇਕ ਮੋਰਚਾ ਦਿੱਲੀ ਬਾਰਡਰ ’ਤੇ ਚੱਲ ਰਿਹਾ ਹੈ ਅਤੇ ਹੁਣ ਦੂਜਾ ਕਰਨਾਲ ਸਕੱਤਰੇਤ ’ਤੇ ਜਾਰੀ ਰਹੇਗਾ। ਸਵਰਾਜ ਇੰਡੀਆ ਦੇ ਆਗੂ ਯੋਗੇਂਦਰ ਯਾਦਵ ਨੇ ਤਿੰਨ ਘੰਟਿਆਂ ਦੀ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰ ਦੇ ਅੜੀਅਲ ਅਤੇ ਗ਼ੈਰਸੰਜੀਦਾ ਰਵੱਈਏ ਕਾਰਨ ਗੱਲਬਾਤ ਨਾਕਾਮ ਰਹੀ ਹੈ।

ਪਹਿਲੇ ਦੌਰ ਦੀ ਗੱਲਬਾਤ ਵਿੱਚ ਡੀਸੀ ਅਤੇ ਐੱਸਪੀ ਨੇ ਪ੍ਰਸ਼ਾਸਨਿਕ ਟੀਮ ਦੀ ਅਗਵਾਈ ਕੀਤੀ ਜਦਕਿ ਦੂਜੇ ਦੌਰ ’ਚ ਗੱਲਬਾਤ ਦੀ ਅਗਵਾਈ ਕਰਨਾਲ ਰੇਂਜ ਦੇ ਕਮਿਸ਼ਨਰ ਨੇ ਕੀਤੀ। ਮੀਟਿੰਗ ਮਗਰੋਂ ਰਾਕੇਸ਼ ਟਿਕੈਤ ਨੇ ਕਿਹਾ ਕਿ ਪ੍ਰਸ਼ਾਸਨਿਕ ਟੀਮ ਹਰ ਅੱਧੇ ਘੰਟੇ ਬਾਅਦ ਚੰਡੀਗੜ੍ਹ ’ਚ ਗੱਲਬਾਤ ਕਰ ਰਹੀ ਸੀ। ‘ਸਾਡੀ ਮੰਗ ਹੈ ਕਿ ਆਈਏਐੱਸ ਆਯੂਸ਼ ਸਿਨਹਾ ਨੂੰ ਸਸਪੈਂਡ ਕਰਕੇ ਕੇਸ ਦਰਜ ਕੀਤਾ ਜਾਵੇ। ਪ੍ਰਸ਼ਾਸਨਿਕ ਟੀਮ ਕੇਸ ਦਰਜ ਕਰਨਾ ਤਾਂ ਦੂਰ, ਉਸ ਨੂੰ ਸਸਪੈਂਡ ਕਰਨ ਲਈ ਵੀ ਤਿਆਰ ਨਹੀਂ ਹੈ।’ ਸ੍ਰੀ ਯਾਦਵ ਨੇ ਕਿਹਾ ਕਿ ਪੁਲੀਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਰਵੱਈਏ ਤੋਂ ਸਪੱਸ਼ਟ ਹੋ ਗਿਆ ਹੈ ਕਿ ਆਈਏਐੱਸ ਅਫ਼ਸਰ ਨੇ ਕਿਸਾਨਾਂ ਦੇ ਸਿਰ ਪਾੜਨ ਦੇ ਹੁਕਮ ਖੁਦ ਨਹੀਂ ਸਗੋਂ ਸਰਕਾਰ ਦੇ ਨਿਰਦੇਸ਼ਾਂ ’ਤੇ ਦਿੱਤੇ ਸਨ। ਉਨ੍ਹਾਂ ਕਿਹਾ ਕਿ ਸਕੱਤਰੇਤ ਦੇ ਬਾਹਰ ਧਰਨਾ ਜਾਰੀ ਰਹੇਗਾ ਅਤੇ ਯੂਪੀ, ਦਿੱਲੀ ਅਤੇ ਪੰਜਾਬ ਤੋਂ ਕਿਸਾਨ ਇਥੇ ਆਉਣਗੇ। ਭਾਰਤੀ ਕਿਸਾਨ ਯੂਨੀਅਨ (ਹਰਿਆਣਾ) ਦੇ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਮੰਗਾਂ ਮੰਨੇ ਜਾਣ ਤੱਕ ਧਰਨਾ ਜਾਰੀ ਰਹੇਗਾ।

ਇਸ ਤੋਂ ਪਹਿਲਾਂ ਪ੍ਰਸ਼ਾਸਨ ਵੱਲੋਂ ਸੱਦਾ ਮਿਲਣ ’ਤੇ ਰਾਕੇਸ਼ ਟਿਕੈਤ, ਗੁਰਨਾਮ ਸਿੰਘ ਚੜੂਨੀ, ਯੋਗੇਂਦਰ ਯਾਦਵ ਸਣੇ 11 ਕਿਸਾਨ ਨੇਤਾ ਗੱਲਬਾਤ ਲਈ ਪੁੱਜੇ ਸਨ। ਦੱਸਣਯੋਗ ਹੈ ਕਿ ਹਜਾਰਾਂ ਕਿਸਾਨ ਬਸਤਾੜਾ ਟੌਲ ’ਤੇ ਹੋਏ ਲਾਠੀਚਾਰਜ ਦੇ ਵਿਰੋਧ ਵਿੱਚ ਸਕੱਤਰੇਤ ਦਾ ਘਿਰਾਉ ਕਰ ਕੇ ਮੰਗਲਵਾਰ ਦੇਰ ਸ਼ਾਮ ਤੋਂ ਧਰਨੇ ਉੱਤੇ ਬੈਠੇ ਹੋਏ ਹਨ।

ਇਸ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਨੇ ਬੁੱਧਵਾਰ ਸਵੇਰੇ ਜੀਟੀ ਰੋਡ ਤੋਂ ਮਿਨੀ ਸਕੱਤਰੇਤ ਜਾਣ ਵਾਲੇ ਰਸਤੇ ’ਤੇ ਨਿਰਮਲ ਕੁਟੀਆ ਕੋਲ ਮੁੜ ਤੋਂ ਬੈਰੀਕੇਡਿੰਗ ਕਰ ਦਿੱਤੀ ਸੀ। ਇਸ ਦੇ ਨਾਲ ਹੀ ਜਾਟ ਭਵਨ ਹੋ ਕੇ ਸਕੱਤਰੇਤ ਜਾਣ ਵਾਲੇ ਰਸਤੇ ’ਤੇ ਵੀ ਅੜਿੱਕੇ ਲਗਾ ਦਿੱਤੇ ਸਨ। ਕਿਸਾਨਾਂ ਦੇ ਪੁੱਜਣ ’ਤੇ ਦੋਵੇਂ ਥਾਵਾਂ ਤੋਂ ਟਰੱਕਾਂ ਅਤੇ ਬੈਰੀਕੇਡਜ਼ ਨੂੰ ਹਟਾ ਦਿੱਤਾ ਗਿਆ।

ਉਧਰ ਧਰਨੇ ’ਤੇ ਬੈਠੇ ਕਿਸਾਨਾਂ ਨੇ ਅੱਜ ਦਿਨ ਦੀ ਸ਼ੁਰੂਆਤ ਜ਼ੋਰਦਾਰ ਨਾਅਰੇਬਾਜ਼ੀ ਨਾਲ ਕੀਤੀ। ਧਰਨੇ ਵਾਲੀ ਥਾਂ ’ਤੇ ਕਿਸਾਨਾਂ ਨੇ ਟੈਂਟ ਗੱਡ ਲਿਆ ਹੈ। ਮਿਨੀ ਸਕੱਤਰੇਤ ਦੇ ਗੇਟ ’ਤੇ ਪੈਰਾਮਿਲਟਰੀ ਫੋਰਸ ਅਤੇ ਪੁਲੀਸ ਦੇ ਜਵਾਨ ਤਾਇਨਾਤ ਹਨ। ਕਿਸਾਨਾਂ ਨੇ ਪਹਿਲਾਂ ਐਲਾਨ ਕੀਤਾ ਸੀ ਕਿ ਉਹ ਕਿਸੇ ਨੂੰ ਵੀ ਸਕੱਤਰੇਤ ਦੇ ਅੰਦਰ ਨਹੀਂ ਜਾਣ ਦੇਣਗੇ ਅਤੇ ਨਾ ਹੀ ਕੋਈ ਕੰਮ ਹੋਣ ਦੇਣਗੇ ਪਰ ਹੁਣ ਉਨ੍ਹਾਂ ਕਿਹਾ ਹੈ ਕਿ ਉਹ ਸਕੱਤਰ ਦੇ ਕੰਮ ’ਚ ਕੋਈ ਵਿਘਨ ਨਹੀਂ ਪੈਣ ਦਿੱਤਾ ਜਾਵੇਗਾ ਅਤੇ ਲੋਕਾਂ ਨੂੰ ਕੋਈ ਪ੍ਰੇਸ਼ਾਨੀ ਨਹੀਂ ਹੋਣ ਦਿੱਤੀ ਜਾਵੇਗੀ। ਸ਼ਹਿਰ ਵਿੱਚ ਆਵਾਜਾਈ ਵੀ ਬਹਾਲ ਹੋ ਗਈ ਹੈ। ਕਰਨਾਲ ਪ੍ਰਸ਼ਾਸਨ ਨੇ ਤਹਿਸੀਲ ਵਿੱਚ 2500, ਪੁਲੀਸ ਲਾਈਨ ਦੀ ਮੈੱਸ ਵਿੱਚ 4 ਹਜ਼ਾਰ ਅਤੇ ਕਿਸਾਨਾਂ ਨੇ ਧਰਨੇ ਵਾਲੀ ਥਾਂ ’ਤੇ 10 ਹਜ਼ਾਰ ਲੋਕਾਂ ਲਈ ਖਾਣਾ ਬਣਾਇਆ। ਡੇਰਾ ਕਾਰ ਸੇਵਾ ਗੁਰਦੁਆਰਾ ਨੇ ਵੀ 5 ਹਜ਼ਾਰ ਲੋਕਾਂ ਨੂੰ ਲੰਗਰ ਵੰਡਿਆ। ਸਵੇਰੇ 7 ਵਜੇ ਤੋਂ ਹੀ ਸਕੱਤਰੇਤ ਦੇ ਆਲੇ ਦੁਆਲੇ ਕਿਸਾਨ ਅਤੇ ਪੁਲੀਸ ਮੁਲਾਜ਼ਮ ਅਧਿਕਾਰੀ ਟਹਿਲ ਰਹੇ ਸਨ। ਥਾਂ-ਥਾਂ ਟੋਲੀਆਂ ਵਿੱਚ ਬੈਠੇ ਕਿਸਾਨਾਂ ਦੇ ਹੱਥਾਂ ਵਿੱਚ ਚਾਹ ਦੇ ਕੱਪ ਸਨ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleDuterte accepts VP nomination for 2022 polls
Next articleਤਾਲਿਬਾਨ ਸਰਕਾਰ ਦੇ 14 ਵਜ਼ੀਰ ਯੂ-ਐੱਨ ਸੁਰੱਖਿਆ ਕੌਂਸਲ ਦੀ ਕਾਲੀ ਸੂਚੀ ਵਿਚ