ਭਾਰਤ ਦੇ ਅਜ਼ਾਦੀ ਅੰਦੋਲਨ ’ਚ ਆਦਿਵਾਸੀਆਂ ਦਾ ਯੋਗਦਾਨ

  15 ਅਗਸਤ ਅਜ਼ਾਦੀ ਦਿਵਸ ’ਤੇ ਵਿਸ਼ੇਸ਼
ਐਸ ਐਲ ਵਿਰਦੀ ਐਡਵੋਕੇਟ
ਐਸ ਐਲ ਵਿਰਦੀ ਐਡਵੋਕੇਟ

(ਸਮਾਜ ਵੀਕਲੀ)  ਸਮੁੱਚਾ ਭਾਰਤ ਦੇਸ਼/ਵਿਦੇਸ਼ ’ਚ ਆਜ਼ਾਦੀ ਦੀ ਵਰ੍ਹੇਗੰਡ ਮਨਾ ਰਿਹਾ ਹੈ ਪਰ ਦੇਸ਼ ਦੀ ਆਜ਼ਾਦੀ ਦੀ 77ਵੀਂ ਵਰ੍ਹੇਗੰਡ ਮੌਕੇ ਮਨਾ ਰਿਹਾ ਹੈ। ਦੇਸ਼ ਵਿੱਚ 17 ਕਰੋੜ ਆਦਿਵਾਸੀ ਅਜ਼ਾਦੀ ਪਸੰਦ ਅਣਖ ਖੋਰੇ ਲੋਕ ਹਨ।  ਦੇਸ਼ ਦੇ ਅਜ਼ਾਦੀ ਅੰਦੋਲਨ ਵਿਚ ਆਦਿਵਾਸੀਆਂ ਦੀਆਂ ਸ਼ਹੀਦੀਆਂ ਦਾ ਕੋਈ ਸਾਨੀ ਨਹੀ। ਭਾਰਤ ਦੇ ਅਜ਼ਾਦੀ ਅੰਦੋਲਨ ’ਚ ‘ਚੁਹਾੜ ਵਿਦਰੋਹ’ ‘ਹੂਲ ਵਿਦਰੋਹ’, ਭੀਲ ਖਾਨਦੇਸ ਵਿਦਰੋਹ, ‘ਭੋਗਨਾ ਡੀਹ ਵਿਦਰੋਹ, ‘ਵਿਰਸਾ ਮੁੰਡਾ ਵਿਦਰੋਹ’, ‘ਪਾਲਚਿੱਤਵਿਆ ਵਿਦਰੋਹ’, ‘ਰਜਵਾਰਾਂ ਦਾ ਵਿਦਰੋਹ’ ਆਦਿ ਵਿਦਰੋਹਾਂ ਵਿਚ ਹਜ਼ਾਰਾਂ ਆਦਿਵਾਸੀ ਸ਼ਹੀਦ ਹੋਏ, ਹਜ਼ਾਰਾਂ ਜਖ਼ਮੀ ਤੇ ਹਜ਼ਾਰਾਂ ਨੇ ਜੇਲ੍ਹਾਂ ਕੱਟੀਆਂ। ਭਾਰਤ ਦੀ ਆਜ਼ਾਦੀ ਲਈ ਹੋਏ ‘ਹਲਦੀ ਦੀ ਘਾਟੀ ਦੇ ਯੁੱਧ ਵਿਚ ਭੀਲ ਆਦਿਵਾਸੀਆਂ ਦੀ ਬਹਾਦਰੀ ਦੇ ਝੰਡੇ ਹਮੇਸ਼ਾਂ ਝੂਲਦੇ ਹਨ।

ਭਾਰਤ ਦੀ ਅਜ਼ਾਦੀ ਦਾ ਪਹਿਲਾ ਸੁਤੰਤਰਤਾ ਸੰਗਰਾਮ 1771-1784 ਦਰਮਿਆਨ ਆਦਿਵਾਸੀ ਤਿਲਕਾ ਮਾਝੀ ਅਤੇ ਉਸ ਦੇ ਸਾਥੀਆਂ ਨੇ ‘ਹੂਲ ਵਿਦਰੋਹ’ ਕਰਕੇ ਕੀਤਾ ਸੀ, ਜਿਸ ਵਿੱਚ ਹਜ਼ਾਰਾਂ ਆਦਿਵਾਸੀ ਸ਼ਹੀਦ ਹੋਏ। ਤਿਲਕਾ ਮਾਝੀ, ਸਿੱਧੋ ਕਾਹਨੂੰ ਮੁਰਮੂ, ਸਰਦਾਰ ਰਮਨਾ ਅਹਾੜੀ ਤੇ ਅਮੜਾ ਪਾਂਡਾ, ਆਮ ਘਾਂਸ਼ੀ, ਕਰੀਆ ਪੁਜਹਰ ਭਾਰਤ ਦੇ ਅਜ਼ਾਦੀ ਅੰਦੋਲਨ ਦੇ ਮੁੱਢਲੇ ਵਿਦਰੋਹੀ ਸ਼ਹੀਦ ਹਨ। ਬਿਹਾਰ ਦਾ ਰਾਂਚੀ ਖੇਤਰ ਹੁਣ ਬਿਹਾਰ ਤੇ ਝਾੜਖੰਡ, ਛਤੀਸ਼ਗੜ, ਉੜੀਸਾ, ਰਾਜਸਥਾਨ ਆਦਿਵਾਸੀ ਬਹੁਲਤਾ ਵਾਲੇ ਇਲਾਕੇ ਹਨ।
ਆਦਿਵਾਸੀਆਂ ਦਾ ਸੰਖੇਪ ਇਤਿਹਾਸ ਇਹ ਹੈ ਕਿ ਆਦਿਵਾਸੀ ਕਿਸਾਨ ਜਿਹੜੀ ਵੀ ਜ਼ਮੀਨ ਖੂੰਨ-ਪਸੀਨਾਂ ਵਹਾਕੇ, ਪਹਾੜ-ਪੱਥਰ ਤੋੜਕੇ, ਜੰਗਲ ਸਾਫ ਕਰਕੇ ਆਪਣੇ ਜੀਵਨ ਬਸਰ ਲਈ ਤਿਆਰ ਕਰਦੇ, ਉਸ ਨੂੰ ਹੜੱਪਣ ਲਈ ਜ਼ਿੰਮੀਂਦਾਰ ਤੇ ਸਮੰਤ, ਅੰਗਰੇਜ਼ਾਂ ਦੀ ਜੀ-ਹਜ਼ੂਰੀ ਕਰਕੇ, ਜ਼ਾਂ ਸਾਜ਼ਿਸ਼ਾਂ ਰਚ ਅੰਗਰੇਜ਼ਾਂ ਨੂੰ ਬਹਿਕਾ ਕੇ ਆਦਿਵਾਸੀਆਂ ਦੀਆਂ ਜ਼ਮੀਨਾਂ ’ਤੇ ਲਗਾਣ ਇੰਨਾ ਵਧਾ ਦਿੰਦੇ ਸੀ ਕਿ ਆਦਿਵਾਸੀ ਅਦਾ ਹੀ ਨਾ ਕਰ ਸਕਦੇ। ਲਗਾਣ ਅਦਾ ਨਾ ਕਰਨ ’ਤੇ ਉਹ ਆਦਿਵਾਸੀਆਂ ਨੂੰ ਜ਼ਮੀਨਾਂ ਤੋਂ ਬੇਦਖਲ ਕਰਵਾ ਕੇ ਆਪ ਕਬਜੇ ਕਰ ਲੈਂਦੇ ਸਨ। ਵਿਰੋਧ ਕਰਨ ’ਤੇ ਅੰਗਰੇਜ਼ ਸਿਪਾਹੀ ਜ਼ਿੰਮੀਂਦਾਰ ਸਮੰਤਾਂ ਦੀ ਸ਼ਹਿ ’ਤੇ ਆਦਿਵਾਸੀਆਂ ਉਤੇ ਘੋਰ ਜ਼ੁੱਲਮ ਕਰਦੇ, ਉਹਨਾਂ ਦੀਆਂ ਔਰਤਾਂ ਦੀਆਂ ਇੱਜ਼ਤਾਂ ਲੁੱਟਦੇ।
ਆਦਿਵਾਸੀਆਂ ਨੇ ਇਕੱਠੇ ਹੋ ਕੇ ਇਸ ਜ਼ਬਰ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। 1771-1784 ਦਰਮਿਆਨ ਤਿਲਕਾ ਮਾਝੀ ਉਰਫ ਜਬਰਾ ਪਹਾੜੀਆ ਨੇ ਪਹਾੜੀ ਇਲਾਕਿਆਂ ’ਚੋਂ ਆਦਿਵਾਸੀਆਂ ਨੂੰ ਇਕੱਠੇ ਕਰਕੇ ‘ਗੁਰੀਲਾ ਸੈਨਾ’ ਤਿਆਰ ਕਰਕੇ  ਰਿਆਸਤੀ ਰਾਜਿਆਂ, ਸਮੰਤਾਂ ਅਤੇ ਝਾੜਖੰਡ ’ਚ ਸਰਕਾਰੀ ਅਫ਼ਸਰਾਂ ਨਾਲ ਲੋਹਾ ਲੈਣਾ ਸ਼ੁਰੂ ਕਰ ਦਿੱਤਾ। ਤਿਲਕਾ ਮਾਝੀ ਤੇ ਉਸ ਦੀ ਸੈਨਾ ਨੇ 1778 ਈ. ਵਿੱਚ ਅੰਗਰੇਜ਼ਾਂ ਦੇ ਰਾਮਗੜ੍ਹ ਕੈਂਪ ’ਤੇ ਕਬਜਾ ਕਰ ਲਿਆ ਅਤੇ ਅੰਗਰੇਜ਼ਾਂ ਨੂੰ ਉਥੋਂ ਭਜਾ ਦਿੱਤਾ। 1784 ’ਚ ਜਬਰਾ ਨੇ ਲਾਰਡ ਕਲੀਬਲੈਂਡ ਨੂੰ ਮਾਰ ਦਿੱਤਾ। ਇਸ ਤੋਂ ਬਾਅਦ ਲਾਰਡ ਆਇਰਕੁੱਟ ਨੇ ਜਬਰਾ ਦੀ ਗੁਰੀਲਾ ਸੈਨਾ ’ਤੇ ਭਾਰੀ ਫੌਜ ਨਾਲ ਹਮਲਾ ਕੀਤਾ, ਜਿਸ ਵਿੱਚ ਸੈਂਕੜੇ ਆਦਿਵਾਸੀ ਲੜਾਕੇ ਮਾਰੇ ਗਏ। ਅੰਗਰੇਜ਼ ਫੌਜ ਦੇ ਅਫ਼ਸਰ, ਤਿਲਕਾ ਮਾਝੀ ਉਰਫ ਜਬਰਾ ਨੂੰ ਚਾਰ ਘੋੜਿਆਂ ਪਿੱਛੇ ਬੰਨ੍ਹ ਕੇ ਘਸੀਟਦੇ ਹੋਏ ਭਾਗਲਪੁਰ ਲੈ ਗਏ ਤੇ 13 ਜਨਵਰੀ 1785 ਨੂੰ ਹਜਾਰਾਂ ਲੋਕਾਂ ਦੇ ਸਾਹਮਣੇ ਜਬਰਾ ਪਹਾੜੀਆ ਉਰਫ ਤਿਲਕਾ ਮਾਝੀ ਹੱਸਦੇ-ਹੱਸਦੇ ਫਾਂਸੀ ’ਤੇ ਲਟਕ ਗਿਆ।
ਆਦਿਵਾਸੀ ਚੁਆੜ ਵਿਦਰੋਹਾਂ ਦੀ ਸੰਖੇਪ ਗਾਥਾ ਇਹ ਹੈ ਕਿ ਚੁਆੜਾਂ ਦੁਆਰਾ ਖੂੰਨ-ਪਸੀਨਾ ਵਹਾਕੇ ਉਪਜਾਉ ਕੀਤੀ ਗਈ ਜੱਦੀ ਜ਼ਮੀਨ ਨੂੰ ਬਿ੍ਰਟਿਸ਼ ਸਰਕਾਰ ਨੇ ਖੋਹ ਕੇ ਜਦ ਆਪਣੇ ਟੋਡੀ ਰਖੇਲ ਜ਼ਿੰਮੀਂਦਾਰ ਸਮੰਤਾਂ ਨੂੰ ਦੇਣ ਲੱਗ ਪਏ ਤਾਂ ਚੁਆੜਾਂ ਨੇ ਅੰਗਰੇਜ਼ਾਂ ਖਿਲਾਫ ਵਿਦਰੋਹ ਕਰ ਦਿੱਤਾ। ਉਸ ਸਮੇਂ ਬੇਸ਼ਕ ਸੈਂਕੜੇ ਚੁਆੜ ਸ਼ਹੀਦ ਹੋ ਗਏ ਪਰ ਫਿਰ ਵੀ ਚੁਆੜਾਂ ਨੇ ਵੀ ਅੰਗਰੇਜ਼ਾਂ ਤੇ ਸਮੰਤ ਜ਼ਗੀਰਦਾਰਾਂ ਉਤੇ ਜਵਾਬੀ ਕਾਰਵਾਈ ਕਰਕੇ ਜ਼ਮੀਨਾਂ ਮੁੜ ਆਪਣੇ ਕਬਜ਼ੇ ’ਚ ਕਰ ਲਈਆਂ। ਇਤਿਹਾਸ ’ਚ ਇਹ ਅੰਦੋਲਨ ‘ਪਹਿਲੇ ‘ਚੁਆੜ ਵਿਦਰੋਹ’ ਦੇ ਨਾਮ ਨਾਲ ਪ੍ਰਸਿੱਧ ਹੈ।
ਰਾਜਸਥਾਨ ਵਿੱਚ ਆਦਿਵਾਸੀ ਭੀਲਾਂ ਤੋਂ ਜ਼ਿਮੀਦਾਰ ਜ਼ਬਰੀ ਬੇਗ਼ਾਰ ਲੈਂਦੇ ਸੀ। ਆਦਿਵਾਸੀ ਆਗੂ ਗੋਬਿੰਦ ਨੇ  ਰਾਜਸਥਾਨ ਦੇ ਬਾਂਸਵਾੜਾ ਖੇਤਰ ਵਿਚ ਆਦਿਵਾਸੀਆਂ ਨੂੰ ‘ਸਾਂਪ ਸਭਾ’ ਵਿੱਚ ਇਕੱਠੇ ਕਰਕੇ ਬੇਗ਼ਾਰ ਦੇਣੀ ਬੰਦ ਕਰ ਦਿੱਤੀ। ਬੇਗ਼ਾਰ ਵਿਰੁੱਧ ਬਗਾਵਤ ਕਰਨ ਲਈ ਜ਼ਿਮੀਦਾਰਾਂ ਨੇ ਅੰਗਰੇਜ਼ਾਂ ਨੂੰ ਇਹ ਕਹਿਕੇ ਭੜਕਾ ਦਿੱਤਾ, ‘‘ਭੀਲ ਅੰਗਰੇਜ਼ਾਂ ਵਿਰੁੱਧ ਬਗਾਵਤ ਕਰਨ ਵਾਲੇ ਆ’। ਬਿ੍ਰਟਿਸ਼ ਕਰਨਲ ਸ਼ਟਨ ਨੇ ਅਹਿਮਦਾਬਾਦ, ਬੜੌਦਾ ਤੇ ਗੋਧਾਮ ਤੋਂ ਫੌਜਾਂ ਮੰਗਵਾ ਕੇ ਮਾਨਗੜ੍ਹ ਪਹਾੜੀ ਨੂੰ ਚਾਰੇ ਪਾਸਿਓ ਘੇਰਾ ਪਾ ਕੇ ਗੋਲਾ ਬਾਰੀ ਦਾ ਮੀਂਹ ਵਰਸਾ ਦਿੱਤਾ। ਨਿਹੱਥੇ 1500 ਭੀਲ ਥਾਂਹੇਂ ਸ਼ਹੀਦ ਕਰ ਦਿੱਤੇ ਗਏ। ਗੋਬਿੰਦ ਨੂੰ ਗਿਫ੍ਰਤਾਰ ਕਰਕੇ 30 ਅਕਤੂਬਰ 1831 ਨੂੰ ਸ਼ਹੀਦ ਕਰ ਦਿੱਤਾ। ਇਤਿਹਾਸ ਵਿੱਚ ਇਹ ‘ਖਾਨਦੇਸ ਵਿਦਰੋਹ’ ਨਾਲ ਪ੍ਰਸਿੱਧ ਹੈ। ਅਜ਼ਾਦੀ ਲਈ 1850 ਤੋਂ 1855 ਤੱਕ ਦੇ ਅੰਦੋਲਨਾਂ ਵਿੱਚ ਹੀ 20 ਹਜ਼ਾਰ ਤੋਂ ਵੱਧ ਆਦਿਵਾਸੀ ਸ਼ਹੀਦ ਹੋਏ। ਅੰਗਰੇਜ਼ ਕਰਨਲ ਟਾਡ ਨੇ ਲਿਖਿਆ ਹੈ ਕਿ ਰਾਜਸਥਾਨ ਦੇ ਬਾਂਸਵਾੜਾ ਖੇਤਰ ’ਚ ਆਜ਼ਾਦੀ ਦੇ ਯੁੱਧ ਵਿੱਚ, ਟਾਂਟੀਆ ਭੀਲ ਦੀ ਅਗਵਾਈ ’ਚ ਭੀਲਾਂ ਨੇ ਜੋ ਜ਼ੌਹਰ ਵਿਖਾਏ ਉਹ ਭੀਲਾਂ ਦੀ ਬਹਾਦਰੀ ਦੀ ਇੱਕ ਜਿਊਂਦੀ ਜਾਗਦੀ ਮਿਸਾਲ ਹੈ।
ਅੰਗ੍ਰੇਜ਼ੀ ਸਾਮਰਾਜ ਦੇ ਵਿਰੁੱਧ ਨਵਾਦਾ, ਰਾਜਗ੍ਰਹਿ ਅਤੇ ਰਜੌਲੀ ਦੇ ਰਜਵਾਰ ਆਦਿਵਾਸੀ ਬਹਾਦਰਾਂ ਦਾ ਵਿਦਰੋਹ ਵੀ ਜ਼ਿਕਰਯੋਗ ਹੈ। ਏਤਵਾ ਅਤੇ ਪਤੇਹ ਰਜਵਾਰਾ ਦੇ ਵਿਦਰੋਹ ਨੇ ਬਿ੍ਰਟਿਸ਼ ਸਰਕਾਰ ਦੀ ਨੀਂਦ ਹਰਾਮ ਕਰ ਦਿਤੀ। ਵਿਦਰੋਹੀਆਂ ਨੂੰ ਫੜਨ ਲਈ ਬਿ੍ਰਟਿਸ਼ ਦੀ 10 ਹਜ਼ਾਰ ਫੌਜਾਂ ਨੇ 8 ਅਪ੍ਰੈਲ 1863 ਨੂੰ ਬਕਸੋਤੀ ਦੇ ਜੰਗਲਾਂ ਤੇ ਧਾਵਾ ਬੋਲ ਦਿੱਤਾ। ਵਿਦਰੋਹੀਆਂ ਨੂੰ ਚਾਰੇ ਪਾਸਿਆਂ ਤੋਂ ਘੇਰਿਆ ਗਿਆ। ਇੰਨਾ ਕਰਨ ਦੇ ਬਾਵਜੂਦ ਵੀ ਏਤਵਾ ਸਾਥੀਆਂ ਸਮੇਤ ਬਚ ਕੇ ਨਿਕਲਣ ਵਿੱਚ ਸਫਲ ਹੋ ਗਏ। ਪੁਲਿਸ ਨੇ ਵਿਦਰੋਹੀਆਂ ਨੂੰ ਜ਼ਿੰਦਾ ਜਾਂ ਮੁਰਦਾ ਫੜਾਉਣ ਲਈ ਕ੍ਰਾਂਤੀਕਾਰੀਆਂ ਦੇ ਇਨਾਮ ਰੱਖ ਦਿੱਤੇ। ਜਦ ਕਿਸੇ ਤਰ੍ਹਾਂ ਵੀ ਰਜਵਾਰਾ ਵਿਦਰੋਹੀ ਕਾਬੂ ਨਹੀਂ ਆਏ ਤਾਂ ਅੰਗ੍ਰੇਜ਼ਾਂ ਨੇ ਜ਼ਿੰਮੀਂਦਾਰ ਸਮੰਤਾਂ ਨਾਲ ਮਿਲੀ ਭਗਤ ਕਰਕੇ, ਵਿਦਰੋਹੀਆਂ ਦੇ ਖਾਣੇ ’ਚ ਜ਼ਹਿਰ ਮਿਲਾ ਕੇ ਉਨ੍ਹਾਂ ਨੂੰ ਖਤਮ ਕਰਵਾ ਦਿੱਤਾ।
ਸਾਹਿਬਗੰਜ ਜ਼ਿਲ੍ਹੇ ’ਚ ਅੰਗਰੇਜ਼ ਸਰਕਾਰ ਨੇ ਜ਼ਿੰਮੀਂਦਾਰਾਂ ਦੀ ਸ਼ਹਿ ’ਚ  ਆਦਿਵਾਸੀਆਂ ਦੀਆਂ ਜ਼ਮੀਨਾਂ ’ਤੇ ਲਗਾਣ ਬਹੁਤ ਵਧਾ ਦਿੱਤਾ, ਤਾਂ ਜ਼ਿਲ੍ਹੇ ਦੀ ਭੋਗਨਾ ਡੀਹ ਦੇ 400 ਪਿੰਡਾਂ ਦੇ 40,000 ਆਦਿਵਾਸੀਆਂ ਨੇ ਅੰਗਰੇਜ਼ ਸਰਕਾਰ ਨੂੰ ਮਾਮਲਾ ਦੇਣ ਤੋਂ ਇਨਕਾਰ ਕਰ ਦਿੱਤਾ। 30 ਜੂਨ, 1855 ਨੂੰ ਸੰਥਾਲ ਆਦਿਵਾਸੀਆਂ ਨੇ ਸਿੱਧੋ ਕਾਹਨੂੰ, ਚਾਂਦ, ਭੈਰਵ ਅਤੇ ਉਹਨਾਂ ਦੀ ਭੈਣ ਫੂਲੋ, ਚਾਨੋ ਦੀ ਰਹਿਨੁਮਾਈ ’ਚ ਬਗ਼ਾਵਤ ਕਰਦਿਆ ਐਲਾਨਿਆ ਕਿਹਾ, ‘‘ਅੰਗਰੇਜ਼ੋ-ਸਾਡੀ ਧਰਤੀ ਛੱਡੋ’’।
ਅੰਗਰੇਜ਼ ਸਰਕਾਰ ਨੇ ਸੰਥਾਲ ਆਦਿਵਾਸੀ ਸਿੱਧੋ ਕਾਹਨੂੰ, ਚਾਂਦ, ਭੈਰਵੋ ਨੂੰ ਯਕਦਮ ਗਿ੍ਰਫਤਾਰ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ। ਪੁਲਿਸ ਦਰੋਗਾ ਜਦ ਸਿੱਧੋ ਕਾਹਨੂੰ, ਚਾਂਦ, ਭੈਰਵ ਨੂੰ ਗਿ੍ਰਫਤਾਰ ਕਰਨ ਆਏ ਤਾਂ ਆਦਿਵਾਸੀਆਂ ਨੇ ਦਰੋਗਾ ਦਾ ਸਿਰ ਕੱਟ ਕੇ ਉਸਨੂੰ ਮਾਰ ਦਿੱਤਾ ਅਤੇ ਅੰਗਰੇਜ਼ਾਂ ਖ਼ਿਲਾਫ਼ ਬਗ਼ਾਵਤ ਹੋਰ ਤੇਜ਼ ਕਰ ਦਿੱਤੀ। ਅੰਗਰੇਜ਼ਾਂ ਨੇ ਚਾਲੀ ਆਦਿਵਾਸੀ ਆਗੂ ਜੇਲ੍ਹਾਂ ਵਿੱਚ ਬੰਦ ਕਰ ਦਿੱਤੇ। ਉਹਨਾਂ ’ਚੋਂ ਅੱਠ ਆਗੂ ਜੇਲ੍ਹ ਵਿੱਚ ਹੀ ਸ਼ਹੀਦ ਹੋ ਗਏ। ਅੰਗਰੇਜ਼ੀ ਫੌਜ ਨੇ ਭੋਗਨਾ ਡੀਹ ਦੇ ਪਿੰਡਾਂ ਨੂੰ ਘੇਰ ਘੇਰ ਕੇ ਸੈਂਕੜੇ ਆਦਿਵਾਸੀਆਂ ਦੇ ਘੱਲੂ-ਘਾਰੇ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ। ਸਿੱਧੋ ਕਾਹਨੂੰ ਦੀ ਯਾਦ ਵਿੱਚ ਭਾਰਤ ਸਰਕਾਰ ਨੇ ਹੁਣ 2002 ਵਿੱਚ ਡਾਕ ਟਿਕਟ ਜਾਰੀ ਕੀਤਾ ਹੈ।
ਅੰਗਰੇਜਾਂ ਨੇ ਜਦ ਰਾਂਚੀ ਇਲਾਕੇ ਦੀ ਸਾਰੀ ਜ਼ਮੀਨ ਹੀ ਬਣ ਭੂਮੀ ਐਲਾਨ ਕਰ ਦਿੱਤੀ ਤਾਂ ਆਦਿਵਾਸੀ ਬਿਰਸਾ ਮੁੰਡਾ ਨੇ ਅੰਗਰੇਜ਼ਾਂ ਵਿਰੁੱਧ 24 ਦਿਸੰਬਰ 1899 ਈ. ਨੂੰ ‘ਮੁੰਡਾ ਵਿਦਰੋਹ’ ਸ਼ੁਰੂ ਕਰ ਦਿੱਤਾ। ਮੁੰਡਾ ਅੰਦੋਲਨ ਦੇ ਕ੍ਰਾਂਤੀਕਾਰੀਆਂ ਨੇ ਮਸ਼ਾਲਾਂ ਨਾਲ ਅੰਗਰੇਜ਼ਾਂ ਦੇ ਦਫਤਰਾਂ ਨੂੰ ਅੱਗਾਂ ਲਾ ਦਿੱਤੀਆਂ। ਅੰਦੋਲਨ ਰਾਂਚੀ, ਸਿੰਹ, ਭੂਮੀ, ਬਾਂਕੁਰਾ ਅਤੇ ਸੰਥਾਲ ਪਰਗਨਾਂ ਤਕ ਫੈਲ ਗਿਆ। ਅੰਗਰੇਜ਼ਾਂ ਨੇ ਬਿਰਸਾ ਮੁੰਡਾ ਨੂੰ ਫੜਾਉਣ ਲਈ 500 ਰੁਪਏ ਇਨਾਮ ਦਾ ਐਲਾਨ ਕਰ ਦਿੱਤਾ। ਅੰਤ ਉਸ ਨੂੰ ਫੜ ਲਿਆ ਗਿਆ ਅਤੇ ਜੇਲ੍ਹ ਵਿੱਚ ਬੰਦ ਕਰ ਦਿੱਤਾ, ਜਿੱਥੇ 6 ਜੂਨ 1900 ਨੂੰ ਉਹ ਸ਼ਹੀਦ ਹੋ ਗਏ। ਮੁੰਡਾ ਅੰਦੋਲਨ ’ਚ ਮੁੰਡਾ ਮਾਨ ਦੇਵ, ਮੁੰਡਾ ਸਾਂਢੇ, ਮੁੰਡਾ ਸੁਖਰਾਮ, ਮੁੰਡਾ ਸਾਂਬਰਾਏ, ਮੁੰਡਾ ਛਤੀਰਾਮ, ਮੁੰਡਾ ਹਰੋ ਆਦਿ ਨੇ ਵੀ ਸ਼ਹੀਦੀਆਂ ਪ੍ਰਾਪਤ ਕੀਤੀਆਂ।
ਮਾਨਗੜ੍ਹ ਦੇ ਕੋਲ ਸੀਮਾਵਰਤੀ ਗੁਜਰਾਤ ਦੀ ਵਿਜੈਨਗਰ ਤਹਿਸੀਲ ਦੇ ਪਿੰਡ ਪਾਲਚਿੱਤਰਿਆ ’ਚ ਅੰਗਰੇਜ਼ਾਂ ਦੀ ਸ਼ਹਿ ’ਤੇ ਜਾਗੀਰਦਾਰ ਤੇ ਸਮੰਤਾਂ ਨੇ ਆਦਿਵਾਸੀਆਂ ਦੀਆਂ ਜ਼ਮੀਨਾਂ ਉਤੇ ਜੰਗਲਾਂ ’ਤੇ ਕਬਜੇ ਕਰ ਲਏ। 7 ਮਾਰਚ 1922 ਨੂੰ ਆਦਿ-ਵਾਸੀਆਂ ਨੇ ਵਿਦਰੋਹ ਕਰ ਦਿੱਤਾ। ਆਦਿਵਾਸੀ ਵਿਦਰੋਹ ਨੂੰ ਦਬਾਉਣ ਲਈ ਮੈਵਾੜ ਅਤੇ ਗੁਆਂਢੀ ਰਿਆਸਤਾਂ ਦੀਆਂ ਫੌਜਾਂ ਮੰਗਵਾਈਆਂ ਗਈਆਂ। ਆਦਿਵਾਸੀ ਆਗੂ ਤੇਜਾਵਤ ਨੇ ਵਿਜੈ ਨਗਰ ਦੇ ਇੱਕ ਨੀਮੜਾ ਨਾਮੀ ਪਿੰਡ ਵਿੱਚ ਬੜੀ ਭਾਰੀ ਕਾਨਫਰੰਸ ਦਾ ਆਯੋਜਨ ਕੀਤਾ। ਬਿ੍ਰਟਿਸ਼ ਕਮਾਂਡਰ ਐੱਚ. ਸੀ. ਹਟਨ ਦੀ ਅਗਵਾਈ ਵਿੱਚ ਹਥਿਆਰਬੰਦ ਫੌਜ ਨੇ ਕਾਨਫਰੰਸ ਨੂੰ ਘੇਰ ਲਿਆ। ਮਸ਼ੀਨਗੰਨਾਂ ਤੇ ਬੰਦੂਕਾਂ ਨਾਲ ਅੰਧਾਧੁੰਦ ਗੋਲੀਆਂ ਦੀ ਵਾਛੜ ਕੀਤੀ ਗਈ। ਕਰੀਬ 1200 ਭੀਲ ਅਤੇ ਆਦਿਵਾਸੀ ਜਖ਼ਮੀ ਹੋਏ ਤੇ ਸੈਂਕੜੇ ਹੱਸ-ਹੱਸ ਕੇ ਸ਼ਹਾਦਤ ਦਾ ਜਾਮ ਪੀ ਗਏ। ਚਸ਼ਮਦੀਦ ਗਵਾਹਾਂ ਦਾ ਕਹਿਣਾ ਹੈ ਕਿ ਕੁੱਝ ਲਾਸ਼ਾਂ ਨੂੰ ਉੱਥੇ ਹੀ ਨੇੜੇ ਇੱਕ ਖੂਹ ਵਿੱਚ ਸੁੱਟ ਦਿੱਤਾ ਗਿਆ ਅਤੇ ਬਾਕੀਆਂ ਨੂੰ ਇਕ ਵੱਡੇ ਖੱਡੇ ’ਚ ਦਬਾ ਦਿੱਤਾ ਗਿਆ। ਸੈਂਕੜੇ ਆਦਿਵਾਸੀ ਸੰਗਰਾਂਮੀਆਂ ਨੂੰ ਗਿ੍ਰਫਤਾਰ ਕਰਕੇ ਉਹਨਾਂ ’ਤੇ ਰਾਜਧ੍ਰੋਹ ਦਾ ਮੁਕੱਦਮਾ ਚਲਾਇਆ ਗਿਆ। ਗੁਜਰਾਤ ਸਰਕਾਰ ਨੇ 1908 ਦੇ ਆਦਿ ਵਾਸੀ ਸ਼ਹੀਦਾਂ ਦੀ ਯਾਦ ਵਿੱਚ ਇੱਕ ਸਮਾਰਕ ‘ਲਾਟ’ ਦੀ ਉਸਾਰੀ ਕਰਵਾਈ ਹੈ।
ਮਨੀਪੁਰ ਦੀ ਲੂਕੰਡੇ ਖੜੇ ਕਰਨ ਵਾਲੀ ਘਟਨਾ ਦਾ ਸੰਖੇਪ ਇਤਿਹਾਸ ਵੀ ਇਹੀ ਹੈ। ਬਿਰੇਨ ਸਿੰਘ ਦੀ ਸੂਬਾ ਸਰਕਾਰ 2022 ਵਿੱਚ ਜਦ ਮੁੜ ਸੱਤ੍ਹਾ ਵਿੱਚ ਆਈ ਤਾਂ ਮੇਤੈਈ ਹਾਕਮਾਂ ਨੇ ਘੱਟਗਿਣਤੀ ਕੁਕੀ, ਨਾਗੇ, ਆਦਿਵਾਸੀ ਕਬੀਲਿਆਂ ਦੀਆਂ ਜ਼ਮੀਨਾਂ ਹੜੱਪਣੀਆਂ ਸ਼ੁਰੂ ਕਰ ਦਿੱਤੀਆਂ। ਸੰਵਿਧਾਨਕ ਤੌਰ ’ਤੇ ਆਦਿਵਾਸੀਆਂ ਦੀ ਜ਼ਮੀਨ ਖਰੀਦਣ ਦੀ ਮਨਾਹੀ ਹੈ। ਪਰ ਸਰਕਾਰ ਨੇ ਰਾਖਵੇਂ ਜੰਗਲ ਵਧਾਉਣ ਦੇ ਨਾਂਅ ਉਤੇ, ਸਾਜਿਸ਼ ਤਹਿਤ ਸਰਮਾਏਦਾਰਾਂ ਲਈ, ਆਦਿਵਾਸੀ ਕੁਕੀਆਂ ਦੀ ਜ਼ਮੀਨ ਹੜੱਪਣੀ ਸ਼ੁਰੂ ਕਰ ਦਿੱਤੀ ਤਾਂ ਆਦਿਵਾਸੀ ਕੁਕੀ, ਨਾਗੇ ਲੋਕਾਂ ਅੰਦਰ ਰੋਸ ਇੰਨਾਂ ਵਧ ਗਿਆ ਕਿ ਨੌਬਤ ਇੱਥੇ ਤੱਕ ਆ ਪਹੁੰਚੀ।
ਆਦਿਵਾਸੀਆਂ ਨੂੰ ਉਹਨਾਂ ਦੀ ਜ਼ਮੀਨ ਜੰਗਲ ਤੋਂ ਇਸ ਲਈ ਉਜਾੜਿਆ ਜਾ ਰਿਹਾ ਕਿਉਕਿ ਜਿਹਨਾਂ ਜ਼ਮੀਨਾਂ, ਜੰਗਲਾਂ, ਪਹਾੜਾਂ ’ਚ ਆਦਿਵਾਸੀ ਰਹਿ ਰਹੇ ਹਨ, ਉਹ ਬੇਸ਼ੁਮਾਰ ਖਣਿਜਾਂ, ਧਾਤਾਂ, ਲੋਹਾ, ਕੋਲਾ, ਸੋਨਾ, ਹੀਰੇ ਜਵਾਹਰ ਆਦਿ ਕੁਦਰਤੀ ਵਸੀਲਿਆਂ ਨਾਲ ਭਰੇ ਪਏ ਹਨ। ਅਜ਼ਾਦੀ ਤੋਂ ਪਹਿਲਾਂ ਪਹਿਲਾਂ ਜ਼ਿਮੀਦਾਰ, ਸਮੰਤਾਂ ਨੇ ਮੁਗਲ-ਅੰਗਰੇਜ਼ ਸ਼ਾਸ਼ਕਾਂ ਨਾਲ ਮਿਲਕੇ ਆਦਿਵਾਸੀਆਂ ’ਤੇ ਅਣਗਿਣਤ ਅੱਤਿਆਚਾਰ ਢਾਏ ਅਤੇ ਹੁਣ ਲੋਟੂ ਲੀਡਰ/ਅਫ਼ਸਰ ਤੇ ਸਰਕਾਰਾਂ ਆਪਣੇ ਤੇ ਕਾਰਪੋਰੇਟ ਸਰਮਾਏਦਾਰਾਂ ਦੇ ਢਿੱਡ ਭਰਨ ਵਿਚ ਲੱਗੇ ਹੋਏ ਹਨ।
ਦੇਸ਼ ਦੇ ਅਜ਼ਾਦ ਹੋਣ ਤੋਂ 77 ਸਾਲ ਬਾਅਦ ਵੀ ਸਰਕਾਰਾਂ ਨੇ ਆਦਿਵਾਸੀਆਂ ਦੀਆਂ ਘੁੱਪ ਹਨੇਰੀਆਂ ਝੁੱਗੀਆਂ ਵਿੱਚ ਚਾਨਣ ਕਿਉ ਨਹੀਂ ਕੀਤਾ। ਉਹਨਾਂ ਦੀ ਸੁੱਖ-ਸੁਵਿਧਾ ਲਈ ਪੀਣ ਵਾਲਾ ਪਾਣੀ, ਸਕੂਲ, ਹਸਪਤਾਲ, ਬੁਨਿਆਦੀ ਸਹੂਲਤਾਂ ਕਿਉ ਨਹੀਂ ਦਿੱਤੀਆਂ? ਸਮਾਜ ’ਚੋਂ ਬਾਹਰ ਕੱਢੇ ਹੋਣ ਕਾਰਨ ਆਦਿਵਾਸੀ ਗਰੀਬ ਮਜ਼ਦੂਰ ਕਿਸਾਨ ਅਨਪੜ੍ਹਤਾ ਤੇ ਗਰੀਬੀ ’ਚ ਜਨਮਦੇ ਹਨ, ਅਨਪੜ੍ਹਤਾ ਤੇ ਗਰੀਬੀ ’ਚ ਹੀ ਪਲਦੇ ਹਨ ਅਤੇ ਅਨਪੜ੍ਹਤਾ ਤੇ ਗਰੀਬੀ ’ਚ ਹੀ ਮਰ ਜਾਂਦੇ ਹਨ। ਇਹ ਭੋਲੇ ਭਾਲੇ ਆਦਿਵਾਸੀਆਂ ਨੂੰ ਅਜ਼ਾਦੀ ਦਾ ਨਿੱਘ ਪ੍ਰਾਪਤ ਨਹੀ ਹੋਇਆ।
ਮੋ. 98145 17499
ਜੀ ਟੀ ਰੋਡ, ਸਿਵਲ ਕੋਰਟਸ, ਫਗਵਾੜਾ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਲੋਕ ਗਾਇਕ ਹੈਰੀ ਬੱਲ ਪੁੱਜੇ ਕਨੇਡਾ, ਪੰਜਾਬੀ ਮੇਲਾ ਵੈਨਕੂਵਰ ‘ਚ ਕੀਤੀ ਪਰਫਾਰਮੈਂਸ
Next article‘ਗਰੀਬ ਜਸ਼ਨ ਮਨਾਉਂਦੇ ਰਹਿ ‌ਗ‌ਏ’