ਇਸਲਾਮਾਬਾਦ (ਸਮਾਜ ਵੀਕਲੀ): ਪਾਕਿਸਤਾਨ ਦੀ ਕੌਮੀ ਅਸੈਂਬਲੀ ਵਿੱਚ ਵਿਰੋਧੀ ਧਿਰ ਦੇ ਆਗੂ ਸ਼ਾਹਬਾਜ਼ ਸ਼ਰੀਫ਼ ਨੇ ਕਿਹਾ ਕਿ ਅੱਜ ਦਾ ਘਟਨਾਕ੍ਰਮ ‘ਕਿਸੇ ਰਾਜ-ਧਰੋਹ ਤੋਂ ਘੱਟ ਨਹੀਂ’ ਹੈ। ਸ਼ਰੀਫ਼ ਨੇ ਕਿਹਾ, ‘‘ਮੁਲਕ ਦੇ ਵਜ਼ੀਰੇ ਆਜ਼ਮ ਇਮਰਾਨ ਖ਼ਾਨ ਨੇ ਦੇਸ਼ ਨੂੰ ਬਦਨਿਜ਼ਾਮੀ ਵੱਲ ਧੱਕ ਦਿੱਤਾ ਹੈ। ਨਿਆਜ਼ੀ ਤੇ ਉਸ ਦੇ ਸਾਥੀਆਂ ਨੂੰ ਇੰਜ ਨਹੀਂ ਜਾਣ ਦਿੱਤਾ ਜਾਵੇਗਾ। ਸੰਵਿਧਾਨ ਦੀ ਬੜੀ ਬੇਸ਼ਰਮੀ/ਢੀਠਪੁਣੇ ਨਾਲ ਕੀਤੀ ਘੋਰ ਉਲੰਘਣਾ ਲਈ ਸਿੱਟੇ ਤਾਂ ਭੁਗਤਣੇ ਹੀ ਹੋਣਗੇ। ਆਸ ਕਰਦੇ ਹਾਂ ਕਿ ਸੁਪਰੀਮ ਕੋਰਟ ਸੰਵਿਧਾਨ ਦੀ ਬਹਾਲੀ ਲਈ ਆਪਣੀ ਬਣਦੀ ਭੂਮਿਕਾ ਨਿਭਾਏਗੀ।’’ ਪਾਕਿਸਤਾਨ ਮੁਸਲਿਮ ਲੀਗ ਨਵਾਜ਼ ਦੀ ਉਪ ਪ੍ਰਧਾਨ ਮਰੀਅਮ ਨਵਾਜ਼ ਨੇ ਕਿਹਾ, ‘‘ਸੁਪਰੀਮ ਕੋਰਟ ਮਹਿਜ਼ ਮੂਕ ਦਰਸ਼ਕ ਬਣ ਕੇ ਨਹੀਂ ਬੈਠ ਸਕਦੀ। ਚੀਫ਼ ਜਸਟਿਸ ਨੂੰ ਫੌਰੀ ਬੈਂਚ ਲਾ ਕੇ ਦੇਸ਼ ਨੂੰ ਸੰਵਿਧਾਨਕ ਸੰਕਟ ਤੋਂ ਬਚਾਉਣਾ ਚਾਹੀਦਾ ਹੈ।’’
ਵਿਰੋਧੀ ਧਿਰ ਨੇ ਪ੍ਰਧਾਨ ਮੰਤਰੀ ਖਿਲਾਫ਼ ਬੇਭਰੋੋਸਗੀ ਮਤਾ ਰੱਦ ਕਰਨ ਤੇ ਅਸੈਂਬਲੀ ਭੰਗ ਕਰਨ ਦੇ ਪੂਰੇ ਅਮਲ ਨੂੰ ਗੈਰਕਾਨੂੰਨੀ ਕਰਾਰ ਦਿੱਤਾ ਹੈ। ਵਿਰੋਧੀ ਧਿਰ ਦੇ ਮੈਂਬਰਾਂ ਨੇ ਰੋਸ ਵਜੋਂ ਕੌਮੀ ਅਸੈਂਬਲੀ ਦੇ ਅਹਾਤੇ ਨੂੰ ਛੱਡਣ ਤੋਂ ਨਾਂਹ ਕਰ ਦਿੱਤੀ। ਉਧਰ ਸੰਵਿਧਾਨਕ ਮਾਮਲਿਆਂ ਦੇ ਮਾਹਿਰ ਵਕੀਲ ਸਲਮਾਨ ਅਕਰਮ ਰਾਜਾ ਨੇ ਵੀ ਉਪਰੋਕਤ ਪੂਰੇ ਅਮਲ ਨੂੰ ਗੈਰਸੰਵਿਧਾਨਕ ਦੱਸਿਆ ਹੈ। ਰਾਜਾ ਨੇ ਕਿਹਾ ਕਿ ਸੁਪਰੀਮ ਕੋਰਟ ਇਸ ਪੂਰੇ ਵਿਵਾਦ ਬਾਰੇ ਫੈਸਲਾ ਕਰੇਗੀ। ਰਾਜਾ ਨੇ ਕਿਹਾ, ‘‘ਬੁਨਿਆਦੀ ਮੁੱਦਾ ਡਿਪਟੀ ਸਪੀਕਰ ਦੇ ਫੈਸਲੇ ਦੀ ਕਾਨੂੰਨੀ ਵੈਧਤਾ ਮੁਕੱਰਰ ਕਰਨਾ ਹੈ। ਜੇਕਰ ਸਿਖਰਲੀ ਅਦਾਲਤ ਕਹਿੰਦੀ ਹੈ ਕਿ ਫੈਸਲਾ ਕਾਨੂੰਨ ਮੁਤਾਬਕ ਹੈ, ਤਾਂ ਫਿਰ ਪ੍ਰਧਾਨ ਮੰਤਰੀ ਵੱਲੋਂ ਦਿੱਤਾ ਮਸ਼ਵਰਾ ਵੀ ਕਾਨੂੰਨ ਮੁਤਾਬਕ ਹੀ ਹੋਵੇ।’’ ਸੁਪਰੀਮ ਕੋਰਟ ਦੀ ਬਾਰ ਦੇ ਪ੍ਰਧਾਨ ਅਹਿਸਨ ਭੂਨ ਨੇ ਵੀ ਪ੍ਰਧਾਨ ਮੰਤਰੀ ਤੇ ਡਿਪਟੀ ਸਪੀਕਰ ਦੀ ਕਾਰਵਾਈ ਨੂੰ ਸੰਵਿਧਾਨ ਦੀ ਖ਼ਿਲਾਫ਼ਵਰਜ਼ੀ ਦੱਸਦਿਆਂ ਕਿਹਾ ਕਿ ‘ਉਨ੍ਹਾਂ ਖਿਲਾਫ਼ ਸੰਵਿਧਾਨ ਦੀ ਧਾਰਾ 6 ਤਹਿਤ ਰਾਜ-ਧਰੋਹ ਲਈ ਮੁਕੱਦਮਾ ਚਲਾਇਆ ਜਾਵੇ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly