(ਸਮਾਜ ਵੀਕਲੀ)
70-75ਨੂੰ ਢੁੱਕੀ ਸੀ ਉਮਰ ਤਾਂ ਵੀ, ਜ਼ਿੰਦਗੀ ਦੀ ਧੱਕੇ ਨਾਲ਼ ਗੱਡੀ ਰੋੜੀ ਜਾਂਦਾ ਸੀ,
ਲੈਂਣੀ ਕੋਈ ਦਵਾਈ ਜਾ ਕੋਈ ਜੜੀਂ ਬੂਟੀ ਹੁੰਦੀ, ਸਾਇਕਲ ਪੁਰਾਣੇ ਉੱਤੇ ਸ਼ਹਿਰ ਨੂੰ ਆ ਜਾਂਦਾ ਸੀ,
ਅੱਜ ਵੀ ਮੁੱਕੀ ਸੀ ਤਾਈ ਨਾਮੋਂ ਦੀ ਦਵਾਈ ਸ਼ੇਰਾ, ਹੋਰ ਕਿਹੜਾ ਬਾਬੇ ਨੇ ਕੋਈ ਗੇੜੀ ਰੂਟ ਲਾਉਣਾ ਸੀ,
ਆਸਾ-ਪਾਸਾ ਵੇਖ ਕੱਚੇ ਪਹੇ ਉੱਤੋਂ ਸ਼ੇਰਾ, ਮਸਾਂ ਬੋਚ ਕੇ ਬਚਾਕੇ ਪੱਕੇ ਰੋਡ ਉੱਤੇ ਪਾਇਆ ਸੀ,
ਮਾਰਦਾ ਪਟਾਕੇ ਕਾਕਾ ਕੋਈ ਅਮੀਰਾਂ ਦਾ ਸੀ,ਬੰਬੂਕਾਟ ਜਿਨ੍ਹਾਂ ਨੇ ਮੇਰੇ ਚੱਕੇ ਤੇ ਚੜ੍ਹਾਇਆ ਸੀ,
ਡਿੱਗਿਆ ਭੁੜਕ ਜਾ ਮੈਂ ਸੜਕ ਕਿਨਾਰੇ, ਅੱਖਾਂ ਅੱਗੇ ਮੇਰੇ ਤਾਂ ਹਨੇਰਾ ਜਿਹਾ ਛਾਇਆ ਸੀ,
ਲੱਗਿਆ ਨਾ ਪਤਾ ਸ਼ੇਰਾ ਕਦੋਂ ਕਿਹੜੇ ਪਾਸੇ ਲੰਘ ਗਿਆ, ਮੈਨੂੰ ਚੁੱਕ ਪਾਸੇ ਕੁੱਝ ਲੋਕਾਂ ਨੇ ਬਿਠਾਇਆ ਸੀ,
ਮੇਰੇ ਤਾਂ ਨਾ ਲੱਗੀ ਸੱਟ ਚੰਦਰੇ ਸਰੀਰ ਉੱਤੇ, ਪਰ ਮੇਰੇ ਜੀਣ ਦਾ ਸਹਾਰਾ ਹੀ ਗਵਾ ਗਿਆ,
ਜੇਠੇ ਪੁੱਤ ਵਰਗਾ ਸਹਾਰਾ ਮੈਨੂੰ ਦਿੰਦਾ ਸੀ, ਜਿਹਨੂੰ ਜਿਉਣ-ਜੋਗਾ ਬੱਸ ਮਿੱਟੀ ਚ ਮਿਲ਼ਾ ਗਿਆ,
ਭਾਂਤ-ਭਾਂਤ ਬੋਲ ਤੇ ਕਬੋਲ ਆਏ ਭੀੜ ਵਿੱਚੋਂ,ਟਿੱਕ ਕੇ ਨਹੀਂ ਬਹਿ ਹੁੰਦਾ ਬੁੱਢੜੇ ਸਿਆਣੇ ਤੋਂ,
ਟੁੱਟ ਜਾਂਦੇ ਹੱਡ ਗੋਡੇ ਆਉਣੇ ਨਹੀਂ ਸੀ ਰਾਸ ਬਾਬਾ,ਹੱਲ ਜਾਂਦੀ ਕਿਤੇ ਤੇਰੀ ਸੁਰਤ ਟਿਕਾਣੇ ਤੋਂ,
ਖਿੰਡੀ ਜਦੋਂ ਭੀੜ ਤੱਕ ਨਿਕਲ ਗਈ ਭੁੱਬ, ਖੇਰੂੰ ਖੇਰੂੰ ਹੋਇਆ ਤੱਕ ਹਾਲ ਜੋ ਨਿਮਾਣੇ ਦਾ,
ਜੇਬ ਚ ਨਾ ਪੈਸਾ ਕੋਈ ਮੋਢਿਆਂ ਚ ਜਾਨ ਹੈ ਨੀ, ਚੁੱਕ ਸਕਾਂ ਭਾਰ ਜਿਹੜਾ ਸਾਇਕਲ ਪੁਰਾਣੇ ਦਾ,
ਸਾਇਕਲ ਦੇ ਨਾਲ਼ੋਂ ਚੰਗਾ ਚੁੱਕ ਲੈਂਦਾ ਮੈਨੂੰ ਰੱਬਾ, ਘੱਟੋ-ਘੱਟ ਭਾਰ ਹੌਲਾ ਹੋ ਜਾਂਦਾ ਲਾਣੇ ਦਾ,
ਮੁੱਕ ਜਾਂਦੀ ਫ਼ਿਕਰ ਪ੍ਰਿੰਸ ਇੱਥੇ ਸਾਰਿਆਂ ਦੀ, ਰਹਿੰਦੀ ਪ੍ਰਵਾਹ ਨਾ ਕੋਈ ਸੱਚੀਂ ਦੇਣੇ ਲੈਣੇ ਦੀ,
ਅੱਗੇ ਜਾ ਨਾ ਹੋਵੇ ਨਾ ਹੀ ਪਿੱਛੇ ਮੁੜ ਹੋਵੇ,ਮਰੇ ਨਾਲ਼ੋਂ ਭੈੜੀ ਜੂਨ ਹੋ ਗਈ ਅਕਲੋਂ ਸਿਆਣੇ ਦੀ,
ਸੱਧਰਾਂ ਤੇ ਯਾਦਾਂ ਵਾਲ਼ੀ ਟੁੱਟ ਗਈ ਤੰਦ ਸ਼ੇਰਾ, ਉਮਰਾਂ ਤੇ ਭਾਰੂ ਪੈ ਗਈ ਗਲਤੀ ਨਿਆਣੇ ਦੀ
ਰਣਬੀਰ ਸਿੰਘ/ ਪ੍ਰਿੰਸ
ਸ਼ਾਹਪੁਰ ਕਲਾਂ
ਆਫ਼ਿਸਰ ਕਾਲੋਨੀ ਸੰਗਰੂਰ
98722 99613
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly