ਸ਼ੁਭ ਸਵੇਰ ਦੋਸਤੋ,

         (ਸਮਾਜ ਵੀਕਲੀ)
ਸਾਡਾ ਜੀਵਨ ਸਫ਼ਰ ਏਕ ਅੰਧਾ ਸਫ਼ਰ ਹੈ,
ਬਹਕਨਾ ਹੈ ਮੁਮਕਿਨ ਭਟਕਨੇ ਕਾ ਡਰ ਹੈ!
ਸੁਣਦੇ ਜ਼ਰੂਰ ਹਾਂ ਅਸੀਂ ਸਮਝਦੇ ਨਹੀ ਕਿ…
*ਮੈਂ ਤਿੜਕੇ ਘੜੇ ਦਾ ਪਾਣੀ, ਕੱਲ੍ਹ ਤੱਕ ਨਹੀਂ ਰਹਿਣਾ!*
ਜਦੋਂ ਤੱਕ ਸਾਨੂੰ ਅਰਥ ਸਮਝ ਆਉਂਦਾ ਜ਼ਿੰਦਗੀ ਸਾਨੂੰ ਜਿਉਂ ਕਿ ਚਲੀ ਜਾਂਦੀ ਹੈ। ਸੋ
ਜੀਵਨ ਦਾ ਹਰ ਇੱਕ ਸਕਿੰਟ ਮਹੱਤਵ ਪੂਰਨ ਐ, ਸਕਿੰਟ ਇੱਕਠੇ ਹੋ ਕੇ ਮਿੰਟਾਂ, ਘੰਟਿਆਂ, ਦਿਨ ਤੇ ਸਾਲਾਂ ‘ਚ ਬਦਲ ਜਾਂਦੇ ਨੇ, ਕਿਉਂ ਨਾ ਫਿਰ ਕੀਮਤੀ ਵਕਤ ਦਾ ਸਦਾ ਸਦ-ਉਪਯੋਗ ਹੀ ਕਰੀਏ! ਮੈਨੂੰ ਬੇਹੱਦ ਅਫਸੋਸ ਹੁੰਦਾ ਹੈ ਜਦੋਂ ਕੋਈ ਮਨੁੱਖੀ ਜ਼ਿੰਦਗੀ ਅਤੇ ਸਾਡੇ ਸਮਾਜਿਕ ਤਾਣੇ ਬਾਣੇ ਦੇ ਅਣਸੁਲੇ ਸਵਾਲਾਂ ਨੂੰ ਪਿੱਛੇ ਛੱਡ ਕੇ ਕੋਈ ਭੈਣ ਭਰਾ ਖੁਦ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਜਾਂਦਾ ਹੈ। ਜ਼ਿੰਦਗੀ ਜੈਸੀ ਵੀ ਐ ਇਸ ਨੂੰ ਸਵੀਕਾਰ ਕਰੀਏ!
ਮਨੁੱਖ ਤੋੜ ਕੇ, ਮਰੋੜ ਕੇ, ਦਿਲਾਂ ਨੂੰ, ਤੂੰ ਪੁਟਦਾ ਫਰਲਾਂਗ ਹੈ,
ਤਾਂਹੀ ਇਨਸਾਨ ਹੀ ਦੁੱਖੀ ਏ, ਬਾਕੀ ਤਾਂ ਸਭ ਸੁੱਖ ਸਾਂਦ ਹੈ!
ਅਸੀਂ ਐਵੇਂ ਫੋਕੇ ਦਾਅਵੇ ਥੋਫਦੇ ਰਹਿੰਦੇ ਹਾਂ ਕਿ ਅਸੀਂ ਇੱਕ-ਦੂਜੇ ਦੇ ਦਿਲਾਂ ਦੀਆਂ ਜਾਣਦੇ ਹਾਂ! ਰਿਸ਼ਤੇ ਘਰਦੇ ਹੋਣ ਜਾਂ ਬਾਹਰ ਦੇ, ਕਿਸੇ ਦੇ ਦਿਲ ਦੀਆਂ ਜਾਣ ਲੈਣਾ ਬਹੁਤ ਹੀ ਔਖਾ ਤੇ ਗੁੰਝਲਦਾਰ ਕੰਮ ਹੈ! ਜੀਵਨ ਫ਼ਲਸਫ਼ੇ ਜਲਦੀ ਸਮਝ ਨਹੀਂ ਆਉਂਦੇ ਕਿਉਂਕਿ ਏਥੇ…
*ਭੌਰ ਭੂੰਡ ਕੀ ਦੋਸਤੀ, ਇੱਕੋ ਜਿਹੇ ਘਰੂੰਡ,*
*ਵਾਹ ਪਏ ਤਾਂ ਜਾਣੀਏ, ਭੌਰ ਕਿਹੜਾ ਤੇ ਕਿਹੜਾ ਭੂੰਡ!*
ਭੌਰ ਇਸ ਦੁਨੀਆਂ ਵਿੱਚ ਹਮੇਸ਼ਾ ਅਸਫਲ ਰਹਿੰਦੇ ਹਨ, ਸ਼ਾਇਦ ਸੋਚ ਸਮਝ ‘ਚ ਕੋਈ ਫਰਕ ਹੋਵੇ, ਓਹੀ ਜਾਣੇ..! ਅੰਤ ਨੂੰ ਗੱਲ ਨਸੀਬਾਂ ਤੇ ਆਕੇ ਰੁੱਕ ਜਾਂਦੀ ਐ, ਜੋ ਕੁਦਰਤ ਕਰੇਗੀ ਚੰਗਾ ਹੋਵੇਗਾ, ਉਮੀਦ ਨਹੀਂ ਯਕੀਨ ਹੈ! ਜਿੱਥੋ ਤੱਕ ਹੋ ਸਕੇ ਜੀਵਨ ਪ੍ਰਤੀ ਆਸ਼ਾਵਾਦੀ ਹੀ ਹਰੀਏ ਕਿਉਂਕਿ…
*ਨਿਰਾਸ਼ਾਵਾਦੀ ਨੂੰ ਦੀਵੇ ਥੱਲੇ ਹਨੇਰਾ,*
*ਉਸਦੀ ਰੌਸ਼ਨੀ ਨਾਲੋਂ ਵੱਡਾ ਦਿਸਦਾ!*
ਮਨੁੱਖੀ ਜੀਵਨ ਵਿੱਚ ਸਾਡਾ ਨਿੱਜੀ ਸਵਾਰਥ ਸਭ ਕਲੇਸ਼ਾਂ ਦੀ ਬੁਨਿਆਦੀ ਜੜ੍ਹ ਹੈ। ਹੁਣ ਸਾਨੂੰ ਰੱਬ ਦਾ ਬਿਲਕੁਲ ਹੀ ਡਰ ਨਹੀਂ ਰਿਹਾ, ਸ਼ਾਇਦ ਇਸੇ ਕਰਕੇ ਸਾਨੂੰ ਕਿਸੇ ਨਾਲ ਵਧੀਕੀ ਕਰਕੇ ਵੀ ਕੋਈ ਪਛਤਾਵਾ ਨਹੀਂ ਹੁੰਦਾ, ਸਗੋਂ ਉਲਟਾ ਸਵਾਦ ਜ਼ਿਆਦਾ ਲਿਆ ਜਾਂਦਾ ਹੈ। ਬੇਅਕਲੀ ਦੀ ਜਿਸ ਪੱਧਰ ਤੇ ਹੇਠਾਂ ਉੱਤਰ ਕੇ ਕਿਸੇ ਨਵੇਂ ਝਗੜੇ ਦੀ ਨੀਂਹ ਰੱਖੀਂ ਜਾਂਦੀ ਹੈ, ਉਸ ਨੂੰ ਸੁਲਝਾਉਣ ਲਈ, ਇੱਕ ਨਹੀਂ ਅਨੇਕਾਂ ਹੀ ਤੰਦਰੁਸਤ ਦਿਮਾਗ਼ਾਂ ਦੇ ਉੱਚ ਪੱਧਰੀ ਗਿਆਨ ਦੀ ਲੋੜ ਪੈਂਦੀ ਹੈ! ਭਲੇ ਵੇਲਿਆਂ ਚ ਸੌਂਹ ਖਾਣ ਨਾਲ ਝਗੜੇ ਨਿਬੜ ਜਾਂਦੇ ਸਨ, ਹੁਣ ਸ਼ੁਰੂ ਹੁੰਦੇ ਹਨ! ਲੋਕਾਂ ਦੇ ਆਪਸੀ ਹੰਕਾਰ ਵਿੱਚੋਂ ਪੈਦਾ ਹੋਏ ਝਗੜਿਆਂ ਵਿੱਚ ਆਖ਼ਰੀ ਨਿਰਣੇ ਲੈਣ ਲਈ ਅਦਾਲਤਾਂ ਦੇ ਵੀ ਹੱਥ ਖੜ੍ਹੇ ਹਨ! ਕੈਸੇ ਭਿਆਨਕ ਦੌਰ ਦੀ ਸ਼ੁਰੂਆਤ ਕਰ ਬੈਠੇ ਅਸੀਂ..?
ਹਰਫੂਲ ਸਿੰਘ ਭੁੱਲਰ
ਮੰਡੀ ਕਲਾਂ 9876870157 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਨਿਵੇਕਲੀ ਪਹਿਲ ਕਰਦਿਆਂ ਸ੍ਰੀ ਅਖੰਡ ਪਾਠ ਦੇ ਭੋਗਾਂ ‘ਤੇ ਧੀਆਂ ਦਾ ਵਿਸ਼ੇਸ਼ ਸਨਮਾਨ ਕੀਤਾ 
Next articleਮੇਜਰ ਸਿੰਘ ਤੱਖੀ    ਦੀਆਂ ਤਿੱਖੀਆਂ