(ਸਮਾਜ ਵੀਕਲੀ)
ਬੱਚਿਓ ! ਅੱਜ ਤੁਹਾਨੂੰ ਅਸੀਂ ਕੁਝ ਅਜਿਹੀਆਂ ਗੱਲਾਂ ਤੋਂ ਜਾਣੂੰ ਕਰਵਾਵਾਂਗੇ ਜੋ ਕਿ ਤੁਹਾਨੂੰ ਤੁਹਾਡੇ ਵਿਦਿਆਰਥੀ ਜੀਵਨ ਵਿੱਚ ਬਹੁਤ ਸਹਾਇਕ ਸਿੱਧ ਹੋਣਗੀਆਂ ਅਤੇ ਤੁਹਾਨੂੰ ਤੁਹਾਡੀ ਮੰਜ਼ਿਲ ਤੱਕ ਪਹੁੰਚਾਉਣ ਵਿੱਚ ਵੀ ਤੁਹਾਡੀ ਭਰਪੂਰ ਮਦਦ ਕਰਨਗੀਆਂ ; ਕਿਉਂਕਿ ਵਿਦਿਆਰਥੀ ਜੀਵਨ ਇੱਕ ਤਪੱਸਿਆ ਦੀ ਤਰ੍ਹਾਂ ਹੀ ਹੁੰਦਾ ਹੈ। ਇਸ ਲਈ ਇਸ ਵਿੱਚ ਸਾਨੂੰ ਕਈ ਛੋਟੀਆਂ – ਛੋਟੀਆਂ ਗੱਲਾਂ ਦਾ ਧਿਆਨ ਜ਼ਰੂਰ ਰੱਖਣਾ ਚਾਹੀਦਾ ਹੈ । ਜਿਵੇਂ ਕਿ ਸਾਨੂੰ ਹੱਦ ਤੋਂ ਜ਼ਿਆਦਾ ਖੇਡਣ – ਕੁੱਦਣ , ਜ਼ਿਆਦਾ ਚਟਪਟੀਆਂ ,ਖੱਟੀਆਂ – ਮਿੱਠੀਆਂ ਵਸਤਾਂ ਦਾ ਸੇਵਨ ਕਰਨ ਤੋਂ ਅਤੇ ਜ਼ਿਆਦਾ ਟੈਲੀਵਿਜ਼ਨ ਦੇਖਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਟੈਲੀਵਿਜ਼ਨ ‘ਤੇ ਕੁਝ ਸਮਾਂ ਖ਼ਬਰਾਂ ਜ਼ਰੂਰ ਸੁਣਨੀਆਂ ਚਾਹੀਦੀਆਂ ਹਨ ਇਹ ਸਾਨੂੰ ਦੇਸ਼ -ਵਿਦੇਸ਼ ਦੀ ਜਾਣਕਾਰੀ ਦਿੰਦੀਆਂ ਹਨ । ਇਸ ਦੇ ਨਾਲ ਹੀ ਬਹੁਤ ਜ਼ਰੂਰੀ ਹੈ ਕਿ ਅਸੀਂ ਸਮੇਂ ਸਿਰ ਸਕੂਲ ਪਹੁੰਚ ਜਾਈਏ ।
ਸਕੂਲ ਵਿੱਚ ਪਹੁੰਚ ਕੇ ਸਭ ਤੋਂ ਪਹਿਲਾਂ ਸਾਨੂੰ ਅਧਿਆਪਕ ਦਾ ਸਤਿਕਾਰ ਜ਼ਰੂਰ ਕਰਨਾ ਚਾਹੀਦਾ ਹੈ ਅਤੇ ਜਦੋਂ ਵੀ ਜਮਾਤ ਕਮਰੇ ਵਿੱਚ ਹੋਈਏ ਤਾਂ ਸਾਨੂੰ ਆਪਣਾ ਪੂਰਾ – ਪੂਰਾ ਧਿਆਨ ਅਧਿਆਪਕ ਵੱਲੋਂ ਦਿੱਤੀ ਜਾ ਰਹੀ ਸਿੱਖਿਆ , ਪੜ੍ਹਾਏ ਜਾ ਰਹੇ ਪਾਠ, ਕਿਤਾਬ ਅਤੇ ਬਲੈਕ ਬੋਰਡ ਵੱਲ ਹੀ ਕੇਂਦਰਿਤ ਕਰਨਾ ਚਾਹੀਦਾ ਹੈ, ਨਾ ਕਿ ਇੱਧਰ – ਉੱਧਰ। ਅਧਿਆਪਕ ਵੱਲੋਂ ਪੜ੍ਹਾਏ ਜਾ ਰਹੇ ਪਾਠ ਨੂੰ /ਸਬਕ ਨੂੰ ਜੇਕਰ ਅਸੀਂ ਧਿਆਨ ਦੇ ਨਾਲ ਦੇਖਾਂਗੇ ਅਤੇ ਸਮਝਾਂਗੇ ਤਾਂ ਅਜਿਹੀ ਕੋਈ ਗੱਲ ਨਹੀਂ ਕਿ ਸਬਕ ਸਾਨੂੰ ਯਾਦ ਨਾ ਰਹੇ। ਅਧਿਆਪਕ ਵੱਲੋਂ ਕਹੀ ਗਈ ਹਰ ਇੱਕ ਛੋਟੀ – ਵੱਡੀ ਗੱਲ ਨੂੰ ਧਿਆਨ ਪੂਰਵਕ ਸੁਣਨਾ ਅਤੇ ਉਸ ਨੂੰ ਸਮਝਣਾ ਹੀ ਵਿਦਿਆਰਥੀ ਜੀਵਨ ਵਿੱਚ ਸਫ਼ਲ ਹੋਣ ਦਾ ਮੂਲ ਮੰਤਰ ਹੁੰਦਾ ਹੈ।
ਸਾਨੂੰ ਆਪਣੀਆਂ ਪਾਠ ਪੁਸਤਕਾਂ , ਕਿਤਾਬਾਂ ਅਤੇ ਬਸਤੇ ਨੂੰ ਸਹੀ ਢੰਗ ਨਾਲ ਅਤੇ ਸਾਫ – ਸਫਾਈ ਨਾਲ ਜ਼ਰੂਰ ਰੱਖਣਾ ਚਾਹੀਦਾ ਹੈ । ਜਦੋਂ ਅਸੀਂ ਜਾਣੇ – ਅਣਜਾਣੇ ਵਿੱਚ ਆਪਣੇ ਅਧਿਆਪਕ ਵੱਲੋਂ ਸਮਝਾਏ ਗਏ ਸਬਕ / ਪੜ੍ਹਾਏ ਗਏ ਪਾਠ ਵੱਲ ਪੂਰੀ ਤਰ੍ਹਾਂ ਧਿਆਨ ਨਹੀਂ ਦਿੰਦੇ ਤਾਂ ਹੌਲੀ – ਹੌਲੀ ਅਸੀਂ ਗਿਰਾਵਟ ਵੱਲ ਚਲੇ ਜਾਂਦੇ ਹਾਂ ਅਤੇ ਸਾਨੂੰ ਹਰ ਛੋਟੀ – ਵੱਡੀ ਗੱਲ ਇੱਕ ਸਮੱਸਿਆ ਅਤੇ ਔਖੀ ਜਾਪਣ ਲੱਗ ਜਾਂਦੀ ਹੈ । ਜੇਕਰ ਅਧਿਆਪਕ ਜਾਂ ਮਾਤਾ – ਪਿਤਾ ਵੱਲੋਂ ਸਮਝਾਏ ਗਏ ਕਿਸੇ ਪਾਠ ਜਾਂ ਸਬਕ ਨੂੰ ਚੰਗੀ ਤਰ੍ਹਾਂ ਨਾ ਸਮਝ ਸਕੀਏ ਤਾਂ ਦੁਬਾਰਾ ਉਸ ਨੂੰ ਅਧਿਆਪਕ ਪਾਸੋਂ ਸਮਝਣ ਦੀ ਪੂਰੀ ਕੋਸ਼ਿਸ ਕਰਨੀ ਚਾਹੀਦੀ ਹੈ । ਅਧਿਆਪਕ ਵੱਲੋਂ ਦਿੱਤਾ ਗਿਆ ਘਰ ਦਾ ਕੰਮ ਵੀ ਸਾਨੂੰ ਘਰ ਪਹੁੰਚ ਕੇ ਜਰੂਰ ਕਰਨਾ ਚਾਹੀਦਾ ਹੈ ਅਤੇ ਸਮਝਣਾ ਚਾਹੀਦਾ ਹੈ । ਸਾਨੂੰ ਪ੍ਰੀਖਿਆ ਵਿੱਚ ਵੀ ਨਕਲ ਕਰਨ ਤੋਂ ਬਚਣਾ ਚਾਹੀਦਾ ਹੈ ; ਕਿਉਂਕਿ ਨਕਲ ਨਾਲ ਸਾਡੀ ਸੋਚਣ – ਸਮਝਣ ਅਤੇ ਰਚਨਾਤਮਕ ਸਕਤੀ ਦਾ ਨੁਕਸਾਨ ਹੁੰਦਾ ਹੈ।
ਨਕਦ ਸਾਨੂੰ ਜ਼ਿੰਦਗੀ ਵਿੱਚ ਕਦੇ ਕਾਮਯਾਬ ਨਹੀਂ ਹੋਣ ਦਿੰਦੀ। ਇਹ ਭਾਵੇਂ ਕਿ ਕਿਸੇ ਪ੍ਰੀਖਿਆ ਵਿੱਚੋਂ ਸਾਨੂੰ ਥੋੜ੍ਹੇ ਚਿਰ ਲਈ ਪਾਸ ਕਰਵਾ ਦੇਵੇ ਜਾਂ ਜਿਆਦਾ ਅੰਕ ਦੁਆ ਦੇਵੇ , ਪਰ ਅਸੀਂ ਜਿੰਦਗੀ ਦੀ ਪ੍ਰੀਖਿਆ ਵਿੱਚ ਅਤੇ ਹੋਰ ਵੱਡੀਆਂ ਪ੍ਰੀਖਿਆਵਾਂ ਵਿੱਚ ਸਫ਼ਲ ਨਹੀਂ ਹੁੰਦੇ । ਵਿਦਿਆਰਥੀ ਜੀਵਨ ਵਿੱਚ ਇਹ ਵੀ ਬਹੁਤ ਜ਼ਰੂਰੀ ਹੈ ਕਿ ਅਸੀੰ ਆਪਣੀ ਤੰਦਰੁਸਤੀ ਅਤੇ ਸਰੀਰਕ ਸਫ਼ਾਈ ਦਾ ਪੂਰਾ – ਪੂਰਾ ਧਿਆਨ ਰੱਖੀਏ , ਖਾਸ ਕਰਕੇ ਹੱਥਾਂ ਦੀ ਸਫਾਈ ਦਾ , ਤਾਂ ਜੋ ਅਸੀਂ ਬਿਮਾਰੀਆਂ ਤੋਂ ਬਚ ਸਕੀਏ ; ਕਿਉਂਕਿ ਕਹਿੰਦੇ ਵੀ ਹਨ ਕਿ ‘ਇੱਕ ਤੰਦਰੁਸਤ ਸਰੀਰ ਵਿੱਚ ਹੀ ਤੰਦਰੁਸਤ ਦਿਮਾਗ਼ ਦਾ ਵਾਸ ਹੁੰਦਾ ਹੈ’। ਪ੍ਰੀਖਿਆ ਦੇਣ ਤੋਂ ਪਹਿਲਾਂ ਵੀ ਸਾਨੂੰ ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਅਸੀਂ ਹਲਕਾ – ਫੁਲਕਾ ਭੋਜਨ ਕਰੀਏ ਅਤੇ ਪ੍ਰੀਖਿਆ ਕੇਂਦਰ ‘ਤੇ ਨਿਰਧਾਰਤ ਸਮੇਂ ਤੋਂ ਕੁਝ ਸਮਾਂ ਪਹਿਲਾਂ ਪਹੁੰਚ ਜਾਈਏ ਤਾਂ ਜੋ ਅਸੀਂ ਬੇਵਜ੍ਹਾ ਤਣਾਓ ਤੋਂ ਮੁਕਤ ਰਹਿ ਸਕੀਏ। ਪ੍ਰੀਖਿਆ ਵਿੱਚ ਪ੍ਰਸ਼ਨ – ਪੱਤਰ ਨੂੰ ਹੱਲ ਕਰਨ ਦੇ ਲਈ ਸਾਨੂੰ ਪਹਿਲਾਂ ਤੋਂ ਹੀ ਸਮੇਂ ਦੇ ਅਨੁਸਾਰ ਢੁੱਕਵੀਂ ਯੋਜਨਾਬੰਦੀ ਕਰ ਲੈਣੀ ਚਾਹੀਦੀ ਹੈ। ਪ੍ਰੀਖਿਆ ਵਿੱਚ ਪ੍ਰਸ਼ਨ – ਪੱਤਰ ਨੂੰ ਸਭ ਤੋਂ ਪਹਿਲਾਂ ਧਿਆਨ ਦੇ ਨਾਲ ਪੜ੍ਹਨਾ ਚਾਹੀਦਾ ਹੈ ਅਤੇ ਉਸ ਨੂੰ ਪੂਰੀ ਸਮਝਦਾਰੀ ਦੇ ਨਾਲ ਹੱਲ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ।
ਪ੍ਰੀਖਿਆ ਵਿੱਚ ਸੁੰਦਰ ਲਿਖਾਈ ਦੇ ਮਹੱਤਵ ਨੂੰ ਵੀ ਘੱਟ ਨਹੀਂ ਸਮਝਣਾ ਚਾਹੀਦਾ । ਜੇਕਰ ਪ੍ਰੀਖਿਆ ਵਿੱਚ ਸਾਨੂੰ ਕਿਸੇ ਪ੍ਰਸ਼ਨ ਜਾਂ ਸਵਾਲ ਦਾ ਜਵਾਬ ਨਹੀਂ ਵੀ ਆ ਰਿਹਾ ਹੋਵੇ ਤਾਂ ਵੀ ਸਾਨੂੰ ਅਖੀਰ ਵਿੱਚ ਇਹ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਸੀਂ ਆਪਣੇ ਵੱਲੋਂ ਉਸ ਪੁੱਛੇ ਗਏ ਪ੍ਰਸ਼ਨ ਦਾ ਕੁੱਝ ਨਾ ਕੁੱਝ ਢੁੱਕਵਾਂ ਜਵਾਬ ਲਿਖ ਕੇ ਆਈਏ, ਨਾ ਕਿ ਉਸ ਨੂੰ ਛੱਡ ਦੇਈਏ । ਵਿਦਿਆਰਥੀ ਜੀਵਨ ਵਿੱਚ ਸਾਡਾ ਮਨ ਅਤੇ ਸਾਡੀ ਸੋਚ ਕਾਫੀ ਚੰਚਲ ਹੁੰਦੀ ਹੈ, ਇਸ ਲਈ ਸਾਨੂੰ ਆਪਣੇ ਮਾਤਾ – ਪਿਤਾ , ਵੱਡੇ – ਵਡੇਰਿਆਂ ਅਤੇ ਅਧਿਆਪਕਾਂ ਦਾ ਸਤਿਕਾਰ ਕਰਨ ਦੇ ਨਾਲ – ਨਾਲ ਉਨ੍ਹਾਂ ਦਾ ਕਹਿਣਾ /ਆਗਿਆ ਵੀ ਜ਼ਰੂਰ ਮੰਨਣੀ ਚਾਹੀਦੀ ਹੈ ; ਕਿਉਂਕਿ ਸਾਡੇ ਮਾਤਾ – ਪਿਤਾ , ਵੱਡੇ – ਵਡੇਰੇ ਅਤੇ ਸਾਡੇ ਅਧਿਆਪਕ ਜੋ ਵੀ ਸਿੱਖਿਆ ਸਾਨੂੰ ਦਿੰਦੇ ਹਨ , ਉਹ ਸਾਡੇ ਫਾਇਦੇ ਦੇ ਲਈ ਅਤੇ ਸਾਡੇ ਸਰਬਪੱਖੀ ਵਿਕਾਸ ਦੇ ਲਈ ਬਹੁਤ ਸਹਾਈ ਹੁੰਦੀ ਹੈ ।
ਆਪਣੀ ਪੜ੍ਹਾਈ ਦੀਆਂ ਪਾਠ – ਪੁਸਤਕਾਂ ਤੋਂ ਇਲਾਵਾ ਸਾਨੂੰ ਅਖ਼ਬਾਰਾਂ , ਹੋਰ ਚੰਗੀਆਂ ਕਹਾਣੀਆਂ ਦੀਆਂ ਪੁਸਤਕਾਂ ਅਤੇ ਸਾਹਿਤ ਦੀਆਂ ਕਿਤਾਬਾਂ ਵੀ ਜ਼ਰੂਰ ਪੜ੍ਣੀਆਂ ਚਾਹੀਦੀਆਂ ਹਨ । ਇਸ ਨਾਲ ਸਾਡੀ ਸ਼ਬਦਾਵਲੀ ਵਿੱਚ ਹੀ ਵਾਧਾ ਨਹੀਂ ਹੁੰਦਾ , ਸਗੋਂ ਸਾਨੂੰ ਹੋਰ ਵੀ ਕਾਫ਼ੀ ਮਹੱਤਵਪੂਰਣ ਸਿੱਖਿਆ ਅਤੇ ਗਿਆਨ ਮਿਲਦਾ ਹੈ। ਉਮੀਦ ਹੈ ਕਿ ਵਿਦਿਆਰਥੀ ਜੀਵਨ ਦੀ ਸਫਲਤਾ ਲਈ ਦਿੱਤੇ ਗਏ ਇਹ ਨੁਕਤੇ ਤੁਹਾਡੇ ਜੀਵਨ ਵਿੱਚ ਕਾਮਯਾਬ ਹੋਣ ਲਈ ਬਹੁਤ ਸਹਾਇਕ ਸਿੱਧ ਹੋਣਗੇ ।
ਸਟੇਟ ਅੇੈਵਾਰਡੀ ਮਾਸਟਰ ਸੰਜੀਵ ਧਰਮਾਣੀ
ਸ੍ਰੀ ਅਨੰਦਪੁਰ ਸਾਹਿਬ
9478561356
( ਸਾਹਿਤ ਵਿੱਚ ਕੀਤੇ ਵਿਸ਼ੇਸ਼ ਕਾਰਜਾਂ ਲਈ ਲੇਖਕ ਦਾ ਨਾਂ ” ਇੰਡੀਆ ਬੁੱਕ ਆੱਫ਼ ਰਿਕਾਰਡਜ਼ ” ਵਿੱਚ ਦਰਜ਼ ਹੈ)
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly