ਜ਼ਿੰਦਗੀ ਵਿੱਚ ਸਮੇਂ ਦੀ ਮਹੱਤਤਾ

(ਸਮਾਜ ਵੀਕਲੀ)

ਸਮਾਂ ਬਹੁਤ ਵਡਮੁੱਲੀ ਸੌਗਾਤ ਹੈ। ਸਾਨੂੰ ਸਮੇਂ ਦੀ ਕਦਰ ਕਰਨੀ ਚਾਹੀਦੀ ਹੈ। ਸਮਾਂ ਬਹੁਤ ਹੀ ਬਲਵਾਨ ਹੁੰਦਾ ਹੈ। ਅਕਸਰ ਕਿਹਾ ਵੀ ਜਾਂਦਾ ਹੈ ਕਿ ਜੇ ਕੋਈ ਚੀਜ਼ ਖੋਹ ਹੋ ਜਾਵੇ, ਤਾਂ ਉਹ ਵਾਪਿਸ ਮਿਲ ਜਾਂਦੀ ਹੈ । ਪਰ ਬੀਤਿਆਂ ਹੋਇਆ ਸਮਾਂ ਵਾਪਿਸ ਹੱਥ ਨਹੀਂ ਆਉਂਦਾ। ਸੋ ਸਾਨੂੰ ਵਰਤਮਾਨ ਸਮੇਂ ਦੀ ਕਦਰ ਕਰਨੀ ਚਾਹੀਦੀ ਹੈ। ਹਰ ਨਵਾਂ ਦਿਨ ਸਾਨੂੰ ਕੁੱਝ ਨਾ ਕੁੱਝ ਸੇਧ ਦੇਣ ਵਾਲਾ ਹੁੰਦਾ ਹੈ ।ਜੇ ਅਸੀਂ ਵਰਤਮਾਨ ਸਮੇਂ ਦੀ ਕਦਰ ਕਰਾਂਗੇ, ਤਾਂ ਭਵਿੱਖ ਸਾਡਾ ਆਪਣੇ ਆਪ ਰੁਸ਼ਨਾ ਜਾਵੇਗਾ। ਕਹਾਵਤ ਵੀ ਹੈ ਕਿ ਜੋ ਬੰਦਾ ਸਮੇਂ ਦੀ ਕਦਰ ਕਰਦਾ ਹੈ, ਤਾਂ ਇਕ ਦਿਨ ਉਹ ਸ਼ਖਸ਼ੀਅਤ ਸਫਲਤਾ ਦੀ ਪੌੜੀ ਜ਼ਰੂਰ ਚੜ੍ਹਦਾ ਹੈ। ਸਮਾਂ ਖ਼ੁਦ ਉਸ ਬੰਦੇ ਦੀ ਕਦਰ ਕਰਦਾ ਹੈ। ਅਕਸਰ ਅਸੀਂ ਸਮਾਜ ਵਿਚ ਵਿਚਰਦੇ ਹਨ, ਤਾਂ ਸਾਡੇ ਸਾਹਮਣੇ ਅਜਿਹੀਆਂ ਮਿਸਾਲਾਂ ਆਮ ਹੁੰਦੀਆਂ ਹਨ, ਜਿਨ੍ਹਾਂ ਨੇ ਸਮੇਂ ਦੀ ਸਹੀ ਸੁਚੱਜੀ ਵਰਤੋਂ ਕਰਕੇ ਸਫ਼ਲਤਾ ਹਾਸਿਲ ਕੀਤੀ ਹੁੰਦੀ ਹੈ। ਜੋ ਸਮਾਂ ਗੁਜ਼ਰ ਗਿਆ ਹੁੰਦਾ ਹੈ, ਉਹ ਅਤੀਤ ਹੁੰਦਾ ਹੈ ਉਸ ਨੂੰ ਦੁਬਾਰਾ ਨਹੀਂ ਲਿਆਇਆ ਜਾ ਸਕਦਾ। ਜੋ ਸਮਾਂ ਬੀਤ ਚੁੱਕਿਆ ਚਾਹੇ ਉਹ ਚੰਗਾ ਸਮਾਂ ਸੀ, ਜਾਂ ਮਾੜਾ ਸਮਾਂ ਸੀ ।ਉਸਤੋਂ ਸਾਨੂੰ ਜ਼ਰੂਰ ਸਬਕ ਲੈਣਾ ਚਾਹੀਦਾ ਹੈ। ਜਦੋਂ ਸਮਾਂ ਖਰਾਬ ਹੁੰਦਾ ਹੈ ਤਾਂ ਸਾਨੂੰ ਉਸ ਤੋਂ ਸਬਕ ਲੈਣਾ ਚਾਹੀਦਾ ਹੈ। ਕਈ ਵਾਰ ਜਿੰਦਗੀ ਵਿੱਚ ਉਤਾਰ-ਚੜਾਅ ਬਹੁਤ ਆਉਂਦੇ ਨੇ। ਜੇ ਕਦੇ ਮਾੜਾ ਸਮਾਂ ਆ ਵੀ ਗਿਆ ਹੁੰਦਾ ਹੈ ਤਾਂ ਉਸ ਨੂੰ ਵਰਤਮਾਨ ਵਿਚ ਕਦੇ ਵੀ ਯਾਦ ਨਹੀਂ ਕਰਨਾ ਚਾਹੀਦਾ। ਵਰਤਮਾਨ ਵਿੱਚ ਯਾਦ ਕਰਕੇ ਅਸੀਂ ਆਪਣਾ ਚਲ ਰਿਹਾ ਸਮਾਂ ਵੀ ਖ਼ਰਾਬ ਕਰ ਲੈਂਦੇ ਹਾਂ। ਜੇ ਅਸੀਂ ਲਗਾਤਾਰ ਉਹ ਸਮਾਂ ਜੋ ਸਾਡਾ ਕੱਲ੍ਹ ਸੀ, ਉਸ ਨੂੰ ਯਾਦ ਕਰਦੇ ਰਹਾਂਗੇ ਤਾਂ ਅਸੀਂ ਕਦੇ ਵੀ ਸੁਖੀ ਨਹੀਂ ਰਹਾਂਗੇ। ਵਰਤਣ ਸਮਾਂ ਦੁਖੀ ਹੋ ਕੇ ਨਿਕਲੇਗਾ। ਜੇ ਅਸੀਂ ਆਪ ਵੀ ਦੁੱਖੀ ਹੋਵਾਂਗੇ, ਤਾਂ ਸਾਡੇ ਪਿੱਛੇ ਪਰਿਵਾਰ ਆਪਣੇ ਆਪ ਦੁੱਖ ਵਿੱਚ ਚਲਾ ਜਾਵੇਗਾ। ਬੀਤੇ ਹੋਏ ਸਮੇਂ ਵਿੱਚ ਜੇ ਕੋਈ ਅਜਿਹੀ ਕਿਹੜੀ ਚੰਗੀ ਨਹੀਂ ਗੁਜ਼ਰੀ ਹੋਣੀ, ਤਾਂ ਉਸ ਸਮੇਂ ਤੋਂ ਸਬਕ ਲੈ ਕੇ ਗਲਤੀਆਂ ਤੋਂ ਸਬਕ ਲੈ ਕੇ ਸਾਨੂੰ ਅੱਗੇ ਨਿਰੰਤਰ ਵਧਦੇ ਰਹਿਣਾ ਚਾਹੀਦਾ ਹੈ।
ਮਹਾਨ ਵਿਅਕਤੀਆਂ, ਮਹਾਪੁਰਸ਼ਾਂ ਦੇ ਮੁਤਾਬਿਕ ਸਾਨੂੰ ਸਿਰਫ ਵਰਤਮਾਨ ਭਾਵ ਜੋ ਸਮਾਂ ਚੱਲ ਰਿਹਾ ਹੈ,ਉਸ ਬਾਰੇ ਹੀ ਵਿਚਾਰ ਕਰਨਾ ਚਾਹੀਦਾ ਹੈ। ਠੀਕ ਇਸੇ ਤਰ੍ਹਾਂ ਸਾਨੂੰ ਭਵਿੱਖ ਬਾਰੇ ਕੋਈ ਵੀ ਰਣਨੀਤੀ ਨਹੀਂ ਉਲੀਕਣੀ ਚਾਹੀਦੀ। ਸਾਡਾ ਪੂਰਾ ਧਿਆਨ ਜੋ ਵਰਤਮਾਨ ਸਮਾਂ ਚੱਲ ਰਿਹਾ ਹੁੰਦਾ ਹੈ ਉਸ ਤੇ ਕੇਂਦਰਿਤ ਹੋਣਾ ਚਾਹੀਦਾ ਹੈ। ਜੇ ਅਸੀਂ ਅੱਜ ਵਰਤਮਾਨ ਬਾਰੇ ਵਧੀਆ ਸੋਚਾਂਗੇ ਤਾਂ ਵਧੀਆ ਸਮੇਂ ਦੀ ਕਦਰ ਕਰਾਂਗੇ ਤਾਂ ਸਾਡਾ ਭਵਿੱਖ ਆਪਣੇ ਆਪ ਰੁਸ਼ਨਾ ਜਾਵੇਗਾ।ਅਤੀਤ ਦੀਆਂ ਗਲਤੀਆਂ ਤੋਂ ਸਬਕ ਸਿੱਖੋ, ਤਾਂ ਜੋ ਭਵਿੱਖ ਵਿੱਚ ਅਜਿਹੀ ਗਲਤੀ ਦੁਬਾਰਾ ਨਾ ਹੋਵੇ। ਆਪਣੀ ਗਲਤੀਆਂ ਤੋਂ ਸਿੱਖ ਕੇ ਹੀ ਬੰਦਾ ਸਫ਼ਲਤਾ ਦੀ ਪੌੜੀ ਚੜ੍ਹਦਾ ਹੈ। ਸਾਨੂੰ ਕਦੇ ਵੀ ਅੱਜ ਦਾ ਕੰਮ ਕੱਲ ਤੇ ਨਹੀਂ ਛੱਡਣਾ ਚਾਹੀਦਾ। ਕੱਲ ਤਾਂ ਪਤਾ ਨਹੀਂ ਕਿਸ ਦੀ ਹੈ‌। ਫਿਰ ਅਤੀਤ ਦਾ ਉਹ ਕੰਮ ਸਾਡਾ ਲਟਕ ਹੀ ਜਾਂਦਾ ਹੈ। ਵੇਲੇ ਸਿਰ ਤੇ ਸਹੀ ਢੰਗ ਨਾਲ ਕੀਤਾ ਹੋਇਆ ਕੰਮ ਆਪਣੇ ਮਨ ਨੂੰ ਤਸੱਲੀ ਦਿੰਦਾ ਹੈ।
ਜੇ ਅਸੀਂ ਸਮੇਂ ਦੇ ਮੁਤਾਬਿਕ ਹਰ ਕੰਮ ਕਰਦੇ ਰਹਾਂਗੇ, ਤਾਂ ਵੱਡੀ ਤੋਂ ਵੱਡੀ ਔਂਕੜ ਦਾ ਵੀ ਡਟ ਕੇ ਸਾਹਮਣਾ ਕਰ ਸਕਦੇ ਹਾਂ। ਭਵਿੱਖ ਵਿੱਚ ਸਾਨੂੰ ਅੱਗੇ ਵੱਧਣ ਦੇ ਨਵੇਂ ਨਵੇਂ ਰਸਤੇ ਮਿਲਦੇ ਹਨ। ਸਮਾਂ ਆਪਣੀ ਚਾਲ ਚੱਲਦਾ ਰਹਿੰਦਾ ਹੈ।ਸਾਨੂੰ ਕਦੇ ਵੀ ਆਲਸ ਨਹੀਂ ਕਰਨਾ ਚਾਹੀਦਾ। ਜ਼ਿੰਦਗੀ ਵਿਚ ਆਲਸ ਕਰਨ ਵਾਲਾ ਵਿਅਕਤੀ ਕਦੇ ਵੀ ਸਫਲਤਾ ਪ੍ਰਾਪਤ ਨਹੀਂ ਕਰ ਸਕਦਾ। ਪੰਜਾਬੀ ਦੀ ਇੱਕ ਪ੍ਰਸਿੱਧ ਕਹਾਵਤ ਵੀ ਹੈ- “ਵੇਲੇ ਦੀ ਨਮਾਜ਼ ਤੇ ਕੁਵੇਲੇ ਦੀਆਂ ਟੱਕਰਾਂ”। ਭਾਵ ਯੋਗ ਸਮਾਂ ਬੀਤਣ ਮਗਰੋਂ ਕੰਮ ਠੀਕ ਨਹੀਂ ਹੁੰਦਾ।ਖਾਣ -ਪੀਣ ,ਸੌਣ -ਜਾਗਣ, ਖੇਡਣ , ਪੜਾਈ -ਲਿਖਾਈ ਤੇ ਹੋਰ ਵੀ ਨਿੱਜੀ ਕੰਮਾਂ ਲਈ ਇੱਕ ਸਮਾਂ ਨਿਰਧਾਰਿਤ ਕਰਨਾ ਚਾਹੀਦਾ ਹੈ। ਕਿਤੇ ਵੀ ਕੋਈ ਸਰਕਾਰੀ ਦਫ਼ਤਰ , ਇੰਟਰਵਿਊ ਜਾਂ ਹੋਰ ਵੀ ਕੰਮ ਲਈ ਜੇ ਅਸੀਂ ਬਾਹਰ ਜਾਂਦੇ ਹਨ, ਤਾਂ ਸਮੇਂ ਸਿਰ ਜਾਈਏ। ਕਿਸੇ ਦੇ ਲੜਾਈ ਝਗੜੇ ਵਿੱਚ ਪੈ ਕੇ ਕਦੇ ਵੀ ਆਪਣਾ ਸਮਾਂ ਨਸ਼ਟ ਨਹੀਂ ਕਰਨਾ ਚਾਹੀਦਾ।ਸਾਨੂੰ ਜਿੰਦਗੀ ਵਿੱਚ ਸਮੇਂ ਦੇ ਮੁਤਾਬਿਕ ਚੱਲਣਾ ਚਾਹੀਦਾ ਹੈ। ਸਾਨੂੰ ਚੰਗੇ ਕੰਮਾਂ ਲਈ ਸਮੇਂ ਦਾ ਪੂਰਾ-ਪੂਰਾ ਲਾਭ ਉਠਾਉਣਾ ਚਾਹੀਦਾ ਹੈ। ਅਕਸਰ ਸਿਆਣੇ ਵੀ ਕਹਿੰਦੇ ਹਨ ਕਿ ਜੇ ਸਮਾਂ ਗੁਜ਼ਰ ਜਾਣ ਤੋਂ ਬਾਅਦ ਕਦਰ ਕੀਤੀ ਜਾਵੇ ,ਤਾਂ ਉਹ ਕਦਰ ਨਹੀਂ ਅਫ਼ਸੋਸ ਕੁਹਾਉਦਾ ਹੈ।ਚਲੋ ਕਦੇ ਜੇ ਅਤੀਤ ਵਿੱਚ ਗਲਤੀ ਹੋ ਚੁੱਕੀ ਹੈ, ਤਾਂ ਉਸ ਤੋਂ ਸਬਕ ਲਵੋ। ਵਰਤਮਾਨ ਸਮੇਂ ਵਿਚ ਉਹ ਗਲਤੀ ਨਾ ਦੋਹਰਾਓ। ਚੰਗੇ ਦੋਸਤਾਂ ਸੰਗ ਦੋਸਤੀ ਕਰੋ। ਚੰਗੇ ਦੋਸਤਾਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਹਮੇਸ਼ਾ ਸਕਾਰਾਤਮਕ ਸੋਚ ਰੱਖੋ। ਸਮੇਂ ਦੀ ਸੁਚੱਜੀ ਵਰਤੋਂ ਕਰਕੇ ਹੀ ਅਸੀਂ ਮੰਜ਼ਿਲ ਸਰ ਕਰ ਸਕਦੇ ਹਾਂ। ਜੋ ਵਿਅਕਤੀ ਸਮੇਂ ਦੀ ਕਦਰ ਨਹੀਂ ਕਰਦਾ ,ਸਮਾਂ ਉਸਨੂੰ ਬਰਬਾਦ ਕਰ ਦਿੰਦਾ ਹੈ। ਸੋ ਸਾਨੂੰ ਹਮੇਸ਼ਾਂ ਵਰਤਮਾਨ ਸਮੇਂ ਦੀ ਕਦਰ ਕਰਨੀ ਚਾਹੀਦੀ ਹੈ।

ਸੰਜੀਵ ਸਿੰਘ ਸੈਣੀ

ਮੋਹਾਲੀ 7888966168

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article‘Our hearts are with India’, Biden on Morbi bridge collapse
Next articleਭਾਕਿਯੂ (ਏਕਤਾ-ਉਗਰਾਹਾਂ) ਵੱਲੋਂ ਪਹਿਲੀ ਨਵੰਬਰ ਨੂੰ ਗ਼ਦਰੀ ਬਾਬਿਆਂ ਦੇ ਮੇਲੇ ‘ਤੇ ਵਹੀਰਾਂ ਘੱਤ ਕੇ ਜਲੰਧਰ ਪੁੱਜਣ ਦਾ ਸੱਦਾ