(ਸਮਾਜ ਵੀਕਲੀ)
ਗਾਏ ਜਾਵਣਗੇ
ਖੂਨ ਦੇ ਸੋਹਲੇ ਰੱਜ ਕੇ ਗਾਏ ਜਾਵਣਗੇ,
ਲੋਥਾਂ ਨੂੰ ਹੁਣ ਮੁੜ ਸ਼ਿੰਗਾਰਿਆ ਜਾਵੇਗਾ।
ਹੱਸਦੇ,ਵੱਸਦੇ ਲੋਕ ਉਜਾੜੇ ਜਾਵਣਗੇ,
ਅਮਨ ਨੂੰ ਲਾਂਬੂ ਲਾ ਕੇ ਸਾੜਿਆ ਜਾਵੇਗਾ।
ਜ਼ਹਿਰਾਂ ਭਰੇ ਬਾਣ ਚਲਾਏ ਜਾਵਣਗੇ,
ਅਮਨ ਨੂੰ ਅੱਗ ਲਾ ਕੇ ਸਾੜਿਆ ਜਾਵੇਗਾ।
ਧਰਮ ਦੇ ਅੰਨ੍ਹੇ ਘੋੜੇ ਸਰਪਟ ਦੌੜਨਗੇ ,
ਮਾਨਵਤਾ ਨੂੰ ਮੁੜ ਦੁਰਕਾਰਿਆ ਜਾਵੇਗਾ।
ਦੇਸ਼ ਦੀ ਭਗਤੀ ਦੇ ਸੋਹਲੇ ਗਾਏ ਜਾਵਣਗੇ,
ਅਣਖਾਂ ਨੂੰ ਮੁੜ ਸਾਣ ਤੇ ਚਾੜ੍ਹਿਆ ਜਾਵੇਗਾ।
ਮੌਤ ਸੁਦਾਗਰ,ਦੁੱਖ ਦਾ ਦਾਰੂ ਵੰਡਣਗੇ,
ਡਰ , ਦਹਿਸ਼ਤ ਦਾ ਮਹਿਲ ਉਸਾਰਿਆ ਜਾਵੇਗਾ।
ਮੁੱਦਿਆਂ ਉੱਤੋ ਧਿਆਨ ਹਟਾਉਣਾ ਲਾਜ਼ਮੀ ਏ,
ਕਿਰਪਾਨ, ਤ੍ਰਿਸ਼ੂਲ ਮੁੜ ਪੁਕਾਰਿਆਂ ਜਾਵੇਗਾ।
ਦੁੱਧ ਮਲਾਈਆਂ ਸਿਆਣੇ ਬਿੱਲੇ ਖਾਵਣਗੇ,
ਧੌਣ ਭੰਨਾਵਣ ਜੁੰਮਾ ਪੁਕਾਰਿਆ ਜਾਵੇਗਾ।
ਬੇਦੋਸ਼ੇ, ਮਜ਼ਲੂਮ ਸਜ਼ਾਵਾਂ ਪਾਵਣਗੇ,
ਅਸਲੀ ਦੋਸ਼ੀ ਗੋਦ ਬਿਠਾਇਆ ਜਾਵੇਗਾ।
ਸਤਨਾਮ ਕੌਰ ਤੁਗਲਵਾਲਾ



