(ਸਮਾਜ ਵੀਕਲੀ)
ਜ਼ਿੰਦਗੀ ਵਿੱਚ ਵਿਚਰਦਿਆਂ ਕਈ ਤਰ੍ਹਾਂ ਦੇ ਲੋਕਾਂ ਨਾਲ ਵਾਹ ਪੈਂਦਾ ਹੈ। ਕਈ ਦੋਸਤ-ਮਿੱਤਰ ਬਣਦੇ ਹਨ। ਕਈ ਸਕੇ- ਸੰਬੰਧੀ, ਰਿਸ਼ਤੇਦਾਰ ਆਦਿ ਨਾਲ ਰੋਜ਼ਾਨਾ ਵਾਹ ਪੈਂਦਾ ਹੈ। ਇਹਨਾਂ ਵਿੱਚੋਂ ਕਈ ਲੋਕਾਂ ਨਾਲ਼ ਨੇੜਤਾ ਕਾਫ਼ੀ ਵੱਧ ਜਾਂਦੀ ਹੈ। ਕਈਆਂ ਨਾਲ਼ ਤਾਂ ਰੂਹਾਂ ਦੇ ਰਿਸ਼ਤੇ ਬਣ ਜਾਂਦੇ ਹਨ ਅਤੇ ਇਹ ਰਿਸ਼ਤੇ ਅਖ਼ੀਰ ਤੱਕ ਨਿੱਭਦੇ ਹਨ। ਬਾਕੀ ਰਿਸ਼ਤਿਆਂ ਦੇ ਨਾਲ਼-ਨਾਲ਼ ਜੀਵਨ ਸਾਥੀ ਦੀ ਅਹਿਮੀਅਤ ਵੀ ਜ਼ਿੰਦਗੀ ਵਿੱਚ ਬੜੇ ਮਾਇਨੇ ਰੱਖਦੀ ਹੈ। ਚੰਗਾ ਜੀਵਨ ਸਾਥੀ ਤੁਹਾਡੀ ਤਕਦੀਰ ਵੀ ਬਦਲ ਸਕਦਾ ਹੈ।
ਇਹਨਾਂ ਰਿਸ਼ਤਿਆ ਦੀ ਤਹਿ ਵਿੱਚੋਂ ਹੀ ਇੱਕ ਖ਼ੂਬਸੂਰਤ ਅਹਿਸਾਸ ਵਾਲਾ ਰਿਸ਼ਤਾ ਹੈ ‘ਜੀਵਨ ਸਾਥੀ’ ਦਾ ਰਿਸ਼ਤਾ। ਜੇਕਰ ਜੀਵਨ ਸਾਥੀ ਵਧੀਆ ਮਿਲ ਜਾਵੇ ਤਾਂ ਰੱਬ ਦਾ ਸ਼ੁਕਰ ਕਰਨਾ ਚਾਹੀਦਾ ਹੈ।ਚੰਗਾ ਜੀਵਨ ਸਾਥੀ ਤੁਹਾਡੀ ਜ਼ਿੰਦਗੀ ਬਦਲ ਦੇਂਦਾ ਹੈ। ਜੇਕਰ ਸਾਨੂੰ ਜੀਵਨ ਸਾਥੀ ਦੇ ਰੂਪ ਵਿੱਚ ਵਿੱਚ ਵਧੀਆ ਦੋਸਤ, ਹਮਦਰਦ, ਸਾਥੀ, ਸਹਿਯੋਗੀ, ਧਿਆਨ ਰੱਖਣ ਵਾਲਾ ਪਿਆਰਾ ਮਿਲਿਆ ਹੈ, ਤਾਂ ਉਸ ਦੀ ਰੱਜ ਕੇ ਕਦਰ ਕਰਨੀ ਚਾਹੀਦੀ ਹੈ। ਜੇਕਰ ਉਹ ਤੁਹਾਡੀਆਂ ਭਾਵਨਾਵਾਂ ਨੂੰ ਸਮਝਦਾ ਹੈ, ਤੁਹਾਡੀ ਹਰ ਖੁਸ਼ੀ ਦਾ ਖ਼ਿਆਲ ਰੱਖਦਾ ਹੈ ,ਤਾਂ ਤੁਸੀਂ ਸੱਚਮੁੱਚ ਕਿਸਮਤ ਵਾਲੇ ਹੋ।
ਅਜਿਹੇ ਜੀਵਨ ਸਾਥੀ ਦੀ ਕਦਰ ਕਰਨੀ ਚਾਹੀਦੀ ਹੈ।ਉਸ ਦੀ ਦਿਲੋਂ ਇੱਜ਼ਤ ਕਰਨੀ ਚਾਹੀਦੀ ਹੈ, ਜਿਸ ਨੇ ਤੁਹਾਡਾ ਹਰ ਹਾਲ ਵਿੱਚ ਸਾਥ ਦਿੱਤਾ। ਤੁਹਾਡੀਆਂ ਕਮੀਆਂ ਨੂੰ ਸਵੀਕਾਰ ਕੀਤਾ। ਤੁਹਾਨੂੰ ਹੱਲਾਸ਼ੇਰੀ ਦਿੱਤੀ। ਤੁਹਾਡੀਆਂ ਨਿੱਕੀਆਂ-ਨਿੱਕੀਆਂ ਖੁਸ਼ੀਆਂ ਦਾ ਖ਼ਿਆਲ ਰੱਖਿਆ। ਜਦ ਕਦੀ ਤੁਸੀਂ ਨਿਰਾਸ਼ ਹੋਏ ਤਾਂ ਉਸ ਨੇ ਆਪਣੀ ਖੁਸ਼ੀ ਤੁਹਾਡੇ ਤੋਂ ਕੁਰਬਾਨ ਕੀਤੀ। ਜ਼ਰੂਰੀ ਨਹੀਂ ਕਿ ਵੱਡੇ-ਵੱਡੇ ਤੋਹਫ਼ੇ ਹੀ ਲਿਆ ਕੇ ਦਿੱਤੇ ਹੋਣ।ਕਈ ਵਾਰ ਨਿੱਕੀਆਂ-ਨਿੱਕੀਆਂ ਚੀਜ਼ਾ ਜ਼ਿਆਦਾ ਖੁਸ਼ੀ ਦੇ ਦੇਂਦੀਆ ਹਨ।
ਮੈਂ ਅਕਸਰ ਦੇਖਦੀ ਹਾਂ ਕਿ ਜੋ ਸਾਡੇ ਕੋਲ਼ ਹੈ ,ਅਸੀਂ ਉਸ ਨੂੰ ਮਾਨਣ ਦੀ ਥਾਂ ਤੇ ਹੋਰਾਂ ਵੱਲ ਦੇਖ ਕੇ ਆਪਣੇ ਕੋਲ਼ ਵਾਲੇ ਦਾ ਆਨੰਦ ਹੀ ਨਹੀਂ ਮਾਣਦੇ। ਹਰ ਵਿਅਕਤੀ ਨੂੰ ਸਭ ਕੁਝ ਨਹੀਂ ਮਿਲਦਾ,ਪਰ ਚੰਗਾ ਜੀਵਨ ਸਾਥੀ ਮਿਲਣਾ ਬੜੀ ਵੱਡੀ ਗੱਲ ਹੈ। ਚੰਗੇ ਸੁਭਾਅ ਦਾ ਮਾਲਕ ਅਤੇ ਮਿਹਨਤੀ ਵਿਅਕਤੀ ਤੁਹਾਨੂੰ ਹਮੇਸ਼ਾ ਖੁਸ਼ ਰੱਖਦਾ ਹੈ।ਕਦੀ ਵੀ ਕਿਸੇ ਦੀ ਮਜਬੂਰੀ ਨੂੰ ਬਾਰ-ਬਾਰ ਨਾ ਗਿਣਾਉ। ਉਸ ਨੂੰ ਹਮੇਸ਼ਾ ਹੀ ਨੀਵਾਂ ਦਿਖਾਉਣ ਦੀ ਕੋਸ਼ਸ਼ ਨਹੀਂ ਕਰਨੀ ਚਾਹੀਦੀ। ਹਰ ਵਿਅਕਤੀ ਵਿੱਚ ਕੁਝ ਕੁ ਗੁਣ ਤਾਂ ਹੁੰਦੇ ਹੀ ਹਨ। ਆਪਸ ਵਿੱਚ ਮਿਲ ਕੇ ਰਹਿਣ ਦੀ ਕੋਸ਼ਸ਼ ਕਰਨੀ ਚਾਹੀਦੀ ਹੈ। ਕੀ ਪਤਾ ਕਦ ਕੋਈ ਸਾਥੋਂ ਦੂਰ ਚਲਾ ਜਾਵੇ। ਹਰ ਪਲ਼ ਨੂੰ ਭਰਪੂਰ ਜੀਣ ਦੀ ਸੋਚੋ।
ਹਾਲਾਤ ਚਾਹੇ ਕੈਸੇ ਵੀ ਹੋਣ ਆਪਸ ਵਿੱਚ ਇੱਕ ਦੂਸਰੇ ਦਾ ਸਾਥ ਦੇਣਾ ਚਾਹੀਦਾ ਹੈ। ਅਜਿਹੇ ਸਾਥੀ ਬਣਨ ਦੀ ਕੋਸ਼ਸ਼ ਕਰੋ ਕਿ ਅਗਲਾ ਤੁਹਾਨੂੰ ਭੁਲਾ ਹੀ ਨਾ ਸਕੇ। ਆਪਣੇ ਜੀਵਨ ਸਾਥੀ ਨੂੰ ਨਿੱਕੀਆ -ਨਿੱਕੀਆ ਖੁਸ਼ੀਆ ਦਾ ਅਹਿਸਾਸ ਦਿਵਾਉ। ਉਸ ਦੀ ਪਰਵਾਹ ਕਰੋ। ਉਸ ਨੂੰ ਇੰਝ ਮਹਿਸੂਸ ਹੋਵੇ ਕਿ ਤੁਸੀਂ ਹੀ ਉਸ ਦੇ ਸੱਚੇ ਹਮਰਾਹੀ ਹੋ। ਦੋਵਾਂ ਨੂੰ ਹੀ ਇੱਕ ਦੂਸਰੇ ਦੀ ਪਰਵਾਹ ਕਰਨੀ ਚਾਹੀਦੀ ਹੈ। ਇਕ ਦੂਸਰੇ ਦੇ ਰਿਸ਼ਤੇਦਾਰ ਅਤੇ ਭੈਣ ਭਰਾਵਾਂ ਦੀ ਵੀ ਪਰਵਾਹ ਕਰੋ। ਹਰ ਮੁਸ਼ਕਲ,ਹਰ ਔਖਾ ਸਮਾਂ ਮਿਲ ਕੇ,ਸਾਥ ਨਾਲ ਲੰਘ ਜਾਦਾਂ ਹੈ। ਕਦੀ ਵੀ ਇਸ ਰਿਸ਼ਤੇ ਵਿੱਚ ਸ਼ੱਕ ਦੇ ਬੀਜ ਨੂੰ ਪਨਪਣ ਨਾ ਦਿਉ। ਜੋ ਵੀ ਗੱਲ ਹੋਵੇ ਸਾਫ਼-ਸਾਫ਼ ਇੱਕ ਦੂਸਰੇ ਨਾਲ ਕਰ ਲੈਣੀ ਚਾਹੀਦੀ ਹੈ।
ਮੈਨੂੰ ਇਹ ਵੀ ਪਤਾ ਹੈ ਕਿ ਸਭ ਦੇ ਸੁਭਾਅ ਅਤੇ ਨਜ਼ਰੀਆਂ ਵੱਖਰਾ- ਵੱਖਰਾ ਹੁੰਦਾ ਹੈ। ਕਈ ਵਿਅਕਤੀ ਗੱਲ ਵੀ ਨਹੀਂ ਸੁਣਦੇ। ਪਰ ਜਿਹਨਾਂ ਨੂੰ ਕਿਸਮਤ ਨਾਲ ਇੱਕ ਦੂਸਰੇ ਦਾ ਚੰਗਾ ਸਾਥ ਮਿਲਿਆ ਹੈ, ਉਹ ਜ਼ਰੂਰ ਨਿੱਕੀਆਂ-ਨਿੱਕੀਆਂ ਖੁਸ਼ੀਆਂ ਨੂੰ ਮਾਨਣ। ਦੁਨੀਆਂ ਵਿੱਚ ਵਿਚਰਦਿਆ ਹਰ ਤਰ੍ਹਾਂ ਦੇ ਲੋਕ ਮਿਲਦੇ ਹਨ।
ਜੇਕਰ ਤੁਹਾਡਾ ਜੀਵਨ ਸਾਥੀ ਹਮੇਸ਼ਾ, ਹਰ ਹਾਲ ਵਿੱਚ ,ਦੁੱਖ-ਸੁੱਖ ਸਮੇਂ ਤੁਹਾਡੇ ਨਾਲ ਡੱਟ ਕੇ ਖੜ੍ਹਾ ਹੈ, ਤੁਹਾਡਾ ਪੂਰਾ ਸਾਥ ਦੇ ਰਿਹਾ ਹੈ , ਤਾਂ ਤੁਹਾਡੇ ਤੋਂ ਵੱਧ ਕਿਸਮਤ ਵਾਲਾ ਕੋਈ ਹੋ ਹੀ ਨਹੀਂ ਸਕਦਾ। ਬਾਕੀ ਉੱਨੀ-ਇੱਕੀ ,ਮਾੜੀ-ਮੋਟੀ ਤਾਂ ਕਿਤੇ ਵੀ ਹੋ ਸਕਦੀ ਹੈ। ਸਿਆਣਿਆ ਨੇ ਵੀ ਤਾਂ ਕਿਹਾ ਹੈ ਕਿ ਪੰਜੇ ਉਂਗਲਾ ਬਰਾਬਰ ਨਹੀਂ ਹੋ ਸਕਦੀਆ। ਸੋ ਜਿੰਨੀ ਕੁ ਜ਼ਿੰਦਗੀ ਹੈ, ਭਰਪੂਰ ਜੀਉ, ਖੁਸ਼ੀ ਨਾਲ ਰਹੋ, ਮਿਲ ਕੇ ਰਹੋ, ਪਿਆਰ ਨਾਲ ਰਹੋ। ਆਬਾਦ ਰਹੋ, ਹੱਸਦੇ-ਵੱਸਦੇ ਰਹੋ ਦੋਸਤੋ!!!
ਪਰਵੀਨ ਕੌਰ ਸਿੱਧੂ
8146536200
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly