ਭਾਰਤੀ ਡਾਕ ਪ੍ਰਣਾਲੀ ਵਿੱਚ ‘ਪਿੰਨ ਕੋਡ’ ਦਾ ਮਹੱਤਵ ਅਤੇ ਇਤਿਹਾਸ 

ਸ਼੍ਰੀ ਰਾਮ ਭੀਕਾਜੀ ਵੇਲੰਕਰ

(ਸਮਾਜ ਵੀਕਲੀ)- ਪਿੰਨ ਕੋਡ 6 ਅੰਕਾਂ ਦਾ ਅਜਿਹਾ ਨੰਬਰ ਹੁੰਦਾ ਹੈ, ਜਿਸ ਨੂੰ ਪੋਸਟਲ ਇੰਡੈਕਸ ਨੰਬਰ ਜਾਂ  ਏਰੀਆ ਪੋਸਟਲ ਕੋਡ ਜਾਂ ਜਿਪ ਕੋਡ ਵੀ ਕਿਹਾ ਜਾਂਦਾ ਹੈ ,ਜੋ ਭਾਰਤੀ ਡਾਕ ਸੇਵਾਵਾਂ ਲਈ ਵਰਤਿਆ ਜਾਣ ਵਾਲਾ ਬਹੁਤ ਹੀ ਮਹੱਤਵਪੂਰਨ ਅਤੇ ਲਾਭਦਾਇਕ ਨੰਬਰ ਹੈ। ਇਸ ਦੀ ਵਿਵਸਥਾ ਕੇਂਦਰੀ ਮੰਤਰਾਲੇ ਦੇ ਵਧੀਕ ਸਕੱਤਰ ਸ਼੍ਰੀ ਰਾਮ ਭੀਕਾਜੀ ਵੇਲੰਕਰ ਜੀ ਨੇ ਕੀਤੀ ਜੋ ਕਿ ਇੱਕ ਮਰਾਠੀ ਵਿਅਕਤੀ ਸਨ।  ਇਸ ਲਈ ਉਹਨਾਂ ਨੂੰ ਪਿੰਨ ਕੋਡ ਪ੍ਰਣਾਲੀ ਦਾ ਜਨਮਦਾਤਾ ਵੀ ਕਿਹਾ ਜਾਂਦਾ ਹੈ । ਭਾਰਤੀ ਪਿੰਨ ਕੋਡ ਪ੍ਰਣਾਲੀ ਨੂੰ 15 ਅਗਸਤ 1972 ਨੂੰ ਹੋਂਦ ਵਿੱਚ ਲਿਆਂਦਾ ਗਿਆ।  ਪਿੰਨ ਕੋਡ ਦਾ ਕੰਮ ਸਹੀ ਪਤੇ  ਨੂੰ ਦਰਸਾਉਣਾ ਹੈ ਅਤੇ ਇਸ ਦਾ ਉਦੇਸ਼ ਮੇਲ ਦੀ ਛਾਂਟੀ  ਨੂੰ ਸਰਲ ਬਣਾਉਣਾ, ਡਾਕ ਸੰਚਾਰ ਅਤੇ  ਡਿਲੀਵਰੀ  ਨੂੰ ਤੇਜ਼ ਕਰਨਾ ਹੈ।  ਛੇ ਅੰਕਾਂ ਦੇ ਪਿੰਨ ਕੋਡ ਨੰਬਰ ਦੀ ਜ਼ਰੂਰਤ ਕਿਉਂ ਪਈ ? ਇਸ ਦਾ ਕਾਰਨ ਵੱਖ ਵੱਖ ਸਥਾਨਾਂ ਦੇ ਇੱਕੋ ਹੀ ਨਾਮ ਹੋਣਾ ਅਤੇ ਸਥਾਨਕ ਭਾਸ਼ਾਵਾਂ  ਦੀ ਅਗਿਆਨਤਾ ਹੈ। ਅਸੀਂ ਜਾਣਦੇ ਹਾਂ ਕਿ ਭਾਰਤ ਵਿੱਚ ਬਹੁਤ ਸਾਰੀਆਂ ਭਾਸ਼ਾਵਾ ਬੋਲੀਆ ਅਤੇ ਲਿਖੀਆ ਜਾਂਦੀਆਂ ਹਨ ਵੱਖ ਵੱਖ ਰਾਜਾਂ ਦੀਆਂ   ਆਪਣੀਆਂ ਉਪਬੋਲੀਆ ਹਨ ਇਨ੍ਹਾਂ ਨੂੰ ਹਰ ਸੂਬੇ ਦੇ ਡਾਕ ਵਿਭਾਗ ਦੇ ਅਫਸਰਾਂ ਵੱਲੋਂ ਪੜਨਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ। ਜਿਸ ਕਾਰਨ ਚਿੱਠੀਆਂ ਨੂੰ ਸਹੀ ਪਤੇ ਤੇ ਪਹੁੰਚਾਓਣਾਂ ਬਹੁਤ ਹੀ ਕਠਿਨ ਕਾਰਜ ਹੋ ਜਾਂਦਾ ਸੀ। ਕਈ ਵਾਰ ਚਿੱਠੀਆਂ ਗਲਤ ਪਤੇ ਉੱਤੇ ਹੀ ਪਹੁੰਚ ਜਾਂਦੀਆਂ ਸਨ ਪਰ ਜੇਕਰ ਇਹਨਾ ਚਿੱਠੀਆਂ ਉੱਪਰ 6 ਅੰਕਾਂ ਦਾ ਪਿੰਨ ਕੋਡ ਲਿਖਿਆ ਹੋਵੇਗਾ ਤਾਂ ਇਹਨਾਂ ਨੂੰ ਸਹੀ ਸਥਾਨ ਤੇ ਪਹੁੰਚਾਉਣਾ ਬਹੁਤ ਹੀ ਸੌਖਾ ਹੋ ਜਾਂਦਾ ਹੈ ਕਿਉਂਕਿ ਇਸ ਛੇ ਅੰਕ ਦੇ ਪਿੰਨ ਕੋਡ ਵਿੱਚ ਹਰੇਕ ਅੰਕ ਦੀ ਆਪਣੀ ਵਿਸ਼ੇਸ਼ਤਾ ਹੁੰਦੀ ਹੈ । ਪਿੰਨ ਕੋਡ ਦਾ ਪਹਿਲਾ ਅੰਕ ( 1ਤੋਂ 9) ਡਾਕ ਜੋਨ ਨੂੰ ਦਰਸਾਉਂਦਾ ਹੈ। ਭਾਰਤ ਵਿੱਚ ਕੁੱਲ  ਨੌਂ ਡਾਕ ਜੋਨ ਹਨ ਜਿਨ੍ਹਾਂ ਵਿੱਚੋਂ 8 ਖੇਤਰੀ ਅਤੇ ਇੱਕ ਕਾਰਜਸ਼ੀਲ ਜੋਨ ( ਭਾਰਤੀ ਸੈਨਾ ਲਈ )  ਹਨ । ਅੰਕ  ਇੱਕ (੧)  ਉੱਤਰ ਭਾਰਤ ਦੇ ਦਿੱਲੀ  , ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ, ਲਦਾਖ ਅਤੇ ਚੰਡੀਗੜ੍ਹ ਲਈ ਜਾਰੀ ਕੀਤਾ ਗਿਆ ਹੈ। ਅੰਕ  ਦੋ (੨)  ਉੱਤਰ ਪ੍ਰਦੇਸ਼ ਅਤੇ ਉਤਰਾਖੰਡ ਲਈ ਜਾਰੀ ਕੀਤਾ ਗਿਆ ਹੈ। ਇਸੇ ਤਰ੍ਹਾਂ ਭਾਰਤ ਦੇ ਬਾਕੀ ਜੋਨਾਂ ਨੂੰ ਵੀ ਵੱਖ-ਵੱਖ ਅੰਕ ਨਿਰਧਾਰਿਤ ਕੀਤੇ ਗਏ ਹਨ। ਭਾਰਤੀ ਸੈਨਾ ਜੋਨ ਲਈ   ਅੰਕ ਨੌ ਰੱਖਿਆ ਗਿਆ ਹੈ।

ਇਸੇ ਤਰ੍ਹਾਂ ਪਿੰਨ ਕੋਡ ਦਾ ਦੂਜਾ ਅੰਕ ਉਪ ਡਾਕ ਜੋਨ ਨੂੰ ਦਰਸਾਉਂਦਾ ਹੈ।   ਤੀਜਾ ਅੰਕ ਕਿਸੇ ਖਾਸ ਭੂਗੋਲਿਕ ਖੇਤਰ ਨੂੰ ਦਰਸਾਉਂਦਾ ਹੈ ਇਸ ਭੂਗੋਲਿਕ ਖੇਤਰ ਨੂੰ ਛਾਂਟਨ ਵਾਲੇ ਜ਼ਿਲ੍ਹੇ ਵਜੋਂ ਜਾਣਿਆ ਜਾਂਦਾ ਹੈ ਜਿਸ ਦਾ ਮੁੱਖ ਦਫ਼ਤਰ ਇਸ ਖੇਤਰ ਦੇ ਸਭ ਤੋਂ ਵੱਡੇ ਸ਼ਹਿਰ ਦੇ ਮੁੱਖ ਡਾਕਘਰ ਵਿੱਚ ਹੁੰਦਾ ਹੈ ।ਇਸ ਨੂੰ ਛਾਂਟੀ ਦਫ਼ਤਰ ਵੀ ਕਿਹਾ ਜਾਂਦਾ ਹੈ। ਚੌਥਾ ਅੰਕ ਉਸ ਰੂਟ ਨੂੰ ਦਰਸਾਉਂਦਾ ਹੈ, ਜਿਸ ਤੇ ਛਾਂਟੀ ਕਰਨ ਵਾਲੇ ਜ਼ਿਲ੍ਹੇ ਦੇ ਅੰਦਰ  ਡਿਲੀਵਰੀ ਡਾਕ ਦਫ਼ਤਰ ਸਥਿਤ ਹੁੰਦਾ ਹੈ ।ਆਖ਼ਰੀ ਦੇ ਦੋ ਅੰਕ ਡਿਲੀਵਰੀ ਦਫ਼ਤਰ ਨੂੰ ਦਰਸਾਉਂਦੇ ਹਨ। ਇਸ ਤਰ੍ਹਾਂ ਕਿਸੇ ਹੋਰ ਭਾਸ਼ਾ ਨਾਲ ਲਿਖੇ ਪਤੇ ਨੂੰ ਨਾ ਪੜ੍ਹ ਸਕਣ ਦੀ ਸੂਰਤ ਵਿੱਚ ਵੀ ਪਿੰਨ ਕੋਡ ਦੀ ਸਹਾਇਤਾ ਨਾਲ ਕਿਸੇ ਚਿੱਠੀ ,ਪਾਰਸਲ ਆਦਿ ਨੂੰ ਸਹੀ ਜਗ੍ਹਾ ਤੇ ਪਹੁੰਚਾਇਆ ਜਾ ਸਕਦਾ ਹੈ। ਇਸ ਲਈ ਡਾਕ ਸੇਵਾਵਾ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਪਿੰਨ ਕੋਡ ਬਹੁਤ ਹੀ ਮਹੱਤਵਪੂਰਨ ਅਤੇ ਲਾਭਦਾਇਕ ਹੈ। ਪਿੰਨ ਕੋਡ ਇੱਕ ਖ਼ਾਸ ਖੇਤਰ ਦਾ ਪਹਿਚਾਨ ਨੰਬਰ ਹੁੰਦਾ ਹੈ ਜੋ ਕਿ ਉਸ ਖੇਤਰ ਨੂੰ ਦਰਸਾਉਂਦਾ ਹੈ ਜੋ ਕਿ ਭਾਰਤੀ ਡਾਕ ਸੇਵਾਵਾਂ  ਲਈ ਬਹੁਤ ਅਹਿਮੀਅਤ ਰੱਖਦਾ ਹੈ । ਇਸ ਤੋਂ ਬਿਨਾਂ ਡਾਕ ਸੇਵਾਵਾ ਨੂੰ ਸੁਚਾਰੂ ਢੰਗ ਨਾਲ ਚਲਾਉਣਾ ਬਹੁਤ ਹੀ ਮੁਸ਼ਕਿਲ ਹੋ ਜਾਵੇਗਾ। ਇਸ ਦੀ ਅਹਿਮੀਅਤ ਨੂੰ ਸਮਝਾਉਣ ਲਈ ਅਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਭਾਰਤ ਸਰਕਾਰ ਵੱਲੋਂ ਪਿੰਨ ਕੋਡ ਹਫਤਾ (15 ਜਨਵਰੀ ਤੋਂ 21 ਜਨਵਰੀ ਤੱਕ) ਹਰ ਸਾਲ ਮਨਾਇਆ ਜਾਂਦਾ ਹੈ ਤਾਂ ਜੋ ਲੋਕਾਂ ਨੂੰ ਇਸ ਸਬੰਧੀ ਮਹੱਤਵਪੂਰਨ ਜਾਣਕਾਰੀ ਦਿੱਤੀ ਜਾ ਸਕੇ ਅਤੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕੇ।

ਅਸ਼ੀਸ਼ ਬਜਾਜ 

ਗਣਿਤ ਮਾਸਟਰ 

ਸਰਕਾਰੀ ਹਾਈ ਸਕੂਲ, ਖੇੜੀ ਬਰਨਾ (ਪਟਿਆਲਾ)

9872656002

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article*ਵਿਜਿਟਿੰਗ ਫੈਕਲਟੀ ਰੱਖਣ ਦੀ ਨੀਤੀ ਸਿਰਫ ਡੰਗ ਟਪਾਊ ਫਾਰਮੂਲਾ:- ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ*
Next articleਲਾਇਨਜ਼ ਕਲੱਬ ਨੇ ਲਗਾਇਆ ਸ਼ੂਗਰ, ਬਲੱਡ ਪ੍ਰੈਸ਼ਰ,  ਭਾਰ ਅਤੇ ਸੀ.ਬੀ.ਸੀ ਮੁਫ਼ਤ ਚੈਕਅੱਪ ਕੈਂਪ_ ਹਰਜੀਤ ਸਿੰਘ