HOME ਪਰਵਾਸ

ਪਰਵਾਸ

1
ਗੁਰਦੀਪ ਸਿੰਘ ਮੁਕੱਦਮ

   (ਸਮਾਜ ਵੀਕਲੀ)   ਬੇਸ਼ਕ ਪਰਵਾਸ ਦਾ ਮੁੱਖ ਕਾਰਨ ਬੇਰੁਜ਼ਗਾਰੀ ਹੈ, ਪਰ ਅੱਜ ਬੇਹਤਰ ਭਵਿੱਖ ਤੇ ਜਿੰਦਗੀ ਦੇ ਸੁਪਨੇ ਪੂਰੇ ਕਰਨ ਦੀ ਲਾਲਸਾ ਕਾਰਨ ਬੇਤਹਾਸ਼ਾ ਪਰਵਾਸ ਹੋ ਰਿਹਾ ਹੈ।ਜੋ ਬਹੁਤ ਹੀ ਖਤਰਨਾਕ ਰੂਪ ਧਾਰਨ ਕਰ ਚੁੱਕਾ ਹੈ। ਪਰਵਾਸ ਦੀ ਪਰਵਿਰਤੀ ਹਜਾਰਾਂ ਨਹੀਂ ਲੱਖਾਂ ਸਾਲ ਪੁਰਾਣੀ ਹੈ।ਪੁਰਾਣੇ ਸਮਿਆਂ ‘ਚ,ਕਿਸੇ ਇਲਾਕੇ ਵਿੱਚ ਆਈ ਕੁਦਰਤੀ ਕਰੋਪੀ, ਹੜ, ਸੋਕਾ ਜਾਂ ਕਿਸੇ ਭਿਆਨਕ ਬਿਮਾਰੀ ਕਾਰਣ,ਜਾਂ ਕਿਸੇ ਹਾਕਮ ਰਾਜੇ ਮਹਾਰਾਜੇ ਦੇ ਜੁਲਮਾਂ ਤੋਂ ਦੁਖੀ ਲੋਕ ਪਰਵਾਸ ਕਰ ਕੇ ਕਿਸੇ ਹੋਰ ਖਿੱਤੇ ਚ ਜਾ ਵਸਦੇ ਸਨ।ਇਹ ਉਹ ਸਮਾਂ ਸੀ ਜਦੋਂ ਭਾਰਤੀ ਲੋਕ ਕਬੀਲਿਆਂ ‘ਚ ਵੰਡੇ ਹੋਏ ਸਨ। ਹਰ ਕਬੀਲੇ ਦੀ ਆਪਣੀ ਬੋਲੀ, ਆਪਣੇ ਰੀਤੀ ਰਿਵਾਜ਼ ,ਆਪਣਾ ਸੱਭਿਆਚਾਰ, ਇੱਥੋ ਤੱਕ ਕਿ ਆਪਣੇ ਦੇਵੀ ਦੇਵਤੇ ਵੀ ਅਲੱਗ ਅਲੱਗ ਹੋਇਆ ਕਰਦੇ ਸਨ। ਇਸ ਲਈ ਜਦੋਂ ਕੋਈ ਕਬੀਲਾ ਪਰਵਾਸ ਕਰ ਕੇ, ਦੂਸਰੇ ਇਲਾਕੇ ਵਿੱਚ ਜਾ ਵਸਣ ਦੀ ਕੋਸ਼ਿਸ਼ ਕਰਦਾ ਸੀ ਤਾਂ ਅਕਸਰ ਉਹਨਾਂ ਵਿਚਕਾਰ ਲੜਾਈ ਝਗੜੇ ਹੁੰਦੇ ਰਹਿੰਦੇ ਸਨ। ਫਿਰ ਜਦੋਂ ਇਹ ਕਬੀਲੇ,ਅਲੱਗ ਅਲੱਗ ਖਿੱਤਿਆਂ ਚ ਸਥਾਈ ਤੌਰ ਤੇ ਵਸ ਗਏ ਤਾਂ ਉੱਥੇ ਇਹਨਾਂ ਦੀ ਬੋਲੀ, ਰੀਤੀ ਰਿਵਾਜ਼ ਤੇ ਸੱਭਿਆਚਾਰ ਪ੍ਫੁਲਿਤ ਹੋਇਆ। ਇਸ ਤਰ੍ਹਾਂ ਕੁਝ ਸਮੇਂ ਲਈ ਪਰਵਾਸ ਨੂੰ ਠੱਲ ਪੈ ਗਈ ਸੀ।ਪਰ  ਫ਼ਿਰ ਤੁਰਕ , ਮੁਗ਼ਲ ਤੇ ਅੰਗਰੇਜ਼ ਪਰਵਾਸ ਕਰ ਕੇ ਇੱਥੇ ਆ ਵਸੇ। ਜਿਸ ਨਾਲ ਭਾਰਤ ਦੇਸ਼ ਦਾ ਸਮਾਜਿਕ,ਸੱਭਿਆਚਾਰਕ, ਰਾਜਨੀਤਕ ਤੇ ਧਾਰਮਿਕ ਸੰਤੁਲਨ ਪੂਰੀ ਤਰ੍ਹਾਂ ਬਦਲ ਗਿਆ ਸੀ। ਦੇਸ਼  ਦੀ ਅਬਾਦੀ ਵਧਣ ਕਾਰਨ ਜਦੋਂ ਜੀਵਿਕਾ ਦੇ ਸਾਧਨ ਘੱਟਣ ਲੱਗੇ ਤਾਂ ਇੱਕ ਵਾਰ ਫਿਰ ਲੋਕ ਪਰਵਾਸ ਕਰਨ ਲਈ ਮਜ਼ਬੂਰ ਹੋ ਗਏ। ਪਹਿਲਾਂ ਤਾਂ ਲੋਕ ਰੁਜ਼ਗਾਰ ਦੀ ਭਾਲ ਵਿੱਚ,ਆਪਣੇ ਹੀ ਦੇਸ਼ ਦੇ ਹੋਰ ਖਿੱਤਿਆਂ ਜਾਂ ਸ਼ਹਿਰਾਂ ਵਲ ਹੀ ਪਰਵਾਸ ਕਰਦੇ ਸਨ। ਪਰ 1880 ਦੇ ਆਸ ਪਾਸ ਦੇਸ਼ ਦੇ ਵੱਖ ਵੱਖ ਹਿਸਿਆਂ ਵਿੱਚੋਂ, ਯੂਗੰਡਾ, ਸੂਰੀਨਾਮ ਤੇ ਫਿ਼ਜ਼ੀ ਵਲ ਨੂੰ ਲੱਖਾਂ ਲੋਕ ਪਰਵਾਸ ਕਰ ਗਏ ਸਨ। ਸੰਨ 1880 ਤੋਂ 1900 ਤੱਕ ਦੇਸ਼ ਦੇ ਵੱਖ ਹਿਸਿਆਂ ਵਿੱਚੋਂ ਸੱਠ ਹਜ਼ਾਰ ਦੇ ਕਰੀਬ ਲੋਕ ਇੱਕ ਛੋਟੇ ਜਿਹੇ ਟਾਪੂ ਦੇਸ਼ ਫ਼ਿਜ਼ੀ ਨੂੰ ਹੀ ਪਰਵਾਸ ਕਰ ਗਏ ਸਨ। ਇਹਨਾਂ ਵਿੱਚ ਬਹੁ ਗਿਣਤੀ ਉੱਤਰ ਪ੍ਰਦੇਸ਼ ਤੇ ਪੰਜਾਬ ਤੋਂ ਪਰਵਾਸ ਕਰਨ ਵਾਲੇ ਨੋਜਵਾਨਾਂ ਦੀ ਸੀ, ਜੋ ਕਲਕੱਤਾ ਤੋਂ ਸਮੁੰਦਰੀ ਜਹਾਜ਼ ਰਾਹੀਂ ਇਹਨਾਂ ਦੇਸ਼ਾਂ ਚ ਪਹੁੰਚੇ ਸਨ।ਇਹ ਲੋਕ ਅੰਗਰੇਜ਼ ਸਰਕਾਰ ਦੇ ਝੂਠੇ ਵਾਹਦਿਆਂ ਤੇ ਵਿਸ਼ਵਾਸ ਕਰ ਕੇ ਫਿ਼ਜ਼ੀ ਗਏ ਸਨ। ਪਰ ਇੱਥੇ ਪਹੁੰਚਣ ਤੋਂ ਬਾਅਦ ਇਹਨਾਂ ਪਰਵਾਸੀ ਭਾਰਤੀਆਂ ਨਾਲ ਗੁਲਾਮਾਂ ਵਰਗਾ ਸਲੂਕ ਕੀਤਾ ਗਿਆ ਸੀ। (ਉਸ ਸਮੇਂ ਫ਼ਿਜ਼ੀ ਵੀ ਅੰਗਰੇਜ਼ ਹਕੂਮਤ ਦੇ ਅਧੀਨ ਸੀ।) ਲੰਬੀ ਜੱਦੋਜਹਿਦ ਤੇ ਸੰਘਰਸ਼ਾਂ ਤੋਂ ਬਾਅਦ ਹੀ ਇਹਨਾਂ ਭਾਰਤੀ ਪਰਵਾਸੀਆਂ ਨੂੰ ਇੱਜ਼ਤ ਭਰੀ ਜਿੰਦਗੀ ਨਸੀਬ ਹੋਈ ਸੀ। ਬੇਸ਼ਕ ਉੱਨੀ ਸੋ ਸੰਤਾਲੀ ਤੋਂ ਪਹਿਲਾਂ ਵੀ ਇੰਗਲੈਂਡ ਜਾਂ ਹੋਰ ਯੂਰਪੀ ਦੇਸ਼ਾਂ ਵਲ ਨੂੰ ਪਰਵਾਸ ਹੋ ਰਿਹਾ ਸੀ, ਪਰ ਸੰਨ ਸੰਤਾਲੀ ਤੋਂ ਬਾਅਦ ਤਾਂ ਇੰਗਲੈਂਡ ਵਲ ਪਰਵਾਸ ਕਰਨ ਵਾਲਿਆਂ ਦਾ ਹੜੵ ਜਿਹਾ ਆ ਗਿਆ ਸੀ। ਜਾਇਜ਼, ਨਜਾਇਜ਼ ਕਿਸੇ ਵੀ ਢੰਗ ਨਾਲ ਲੋਕ ਇੰਗਲੈਂਡ ਪਰਵਾਸ ਕਰ ਗਏ ਸਨ। ਕਨੇਡਾ,ਅਮਰੀਕਾ,ਅਸਟਰੇਲੀਆ ਤੇ ਹੋਰ ਦੇਸ਼ਾਂ ਚ ਪੁਹੰਚਣ ਲਈ ਲੋਕਾਂ ਨੇ ਕੀ ਕੀ ਨਹੀਂ ਕੀਤਾ ਤੇ ਕਰ ਰਹੇ ਹਨ।ਫਿਰ ਅਰਬ ਦੇਸ਼ਾਂ ਨੇ ਭਾਰਤੀ ਪਰਵਾਸੀਆਂ ਲਈ ਰਾਹ ਖੋਲ੍ਹ ਦਿੱਤੇ। ਅਰਬ ਦੇਸ਼ਾਂ ਚ ਅੱਤ ਦੀ ਗਰਮੀ ਹੋਣ ਦੇ ਵਾਵਜੂਦ ਵੀ ਹਜ਼ਾਰਾਂ ਭਾਰਤੀ ਕਾਮੇ ਅਰਬ ਦੇਸ਼ਾਂ ਵਲ ਪਰਵਾਸ ਕਰ ਗਏ।ਰਾਜਨੀਤਕ ਸ਼ਰਨ ( ਪੋਲੀਟੀਕਲ ਸਟੇ) ਦੀ ਆੜ ਚ ਲੱਖਾਂ ਲੋਕ ਜ਼ਰਮਨੀ ਜਾ ਵਸੇ। ਅੱਜ ਅਸੀਂ ਵਰਕ ਪਰਮਿਟ, ਸਟੱਡੀ ਵੀਜ਼ਾ, ਟੂਰਿਸਟ ਵੀਜ਼ਾ, ਟਰਾਂਜਿਸਟ ਵੀਜ਼ਾ ਆਦਿ ਨਾਲ ਕਿਸੇ ਵੀ ਤਰ੍ਹਾਂ ਵਿਦੇਸ਼ਾਂ ਨੂੰ ਪਰਵਾਸ ਕਰਨ ਲਈ ਪਾਗਲ ਹੋ ਰਹੇ ਹਾਂ। ਜੇ ਕੋਈ ਵੀ ਵੀਜ਼ਾ ਨਹੀਂ ਮਿਲਦਾ ਤਾਂ ਖਤਰਿਆਂ ਦੀ ਪ੍ਰਵਾਹ ਕੀਤੇ ਬਿਨਾਂ ਅਸੀਂ ਡੌਂਕੀ ਰਾਹੀਂ ਪਰਵਾਸ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਮਹੀਨੇ ਦੋ ਮਹੀਨਿਆਂ ਲਈ ਦੇਸ਼ ਪਰਤੇ ਵਿਦੇਸ਼ੀ ਪਰਵਾਸੀਆਂ ਦੀ ਤੜਕ ਭੜਕ ਤੇ ਚਮਕ ਭਰੀ ਦਿਖਾਵੇ ਦੀ ਜਿੰਦਗੀ ਦੇਖ ਕੇ ਇੱਥੇ ਵਸਦੇ ਲੋਕ ਕਿਸੇ ਤਰ੍ਹਾਂ ਵੀ ਵਿਦੇਸ਼ਾਂ ਨੂੰ ਪਰਵਾਸ ਕਰਨ ਲਈ ਕਾਹਲੇ ਪੈ ਰਹੇ ਹਨ। ਪਰ  ਲੋਕ ਇਹ ਨਹੀਂ ਜਾਣਦੇ ਕਿ ਹਫ਼ਤੇ ਦੋ ਹਫ਼ਤੇ ਲਈ ਦੇਸ਼ ਪਰਤੇ ਇਹਨਾਂ ਪਰਵਾਸੀਆਂ ਦੇ ਹੱਸਦੇ ਮੁਸਕਰਾਉਂਦੇ ਦੇ ਚਿਹਰਿਆਂ ਪਿੱਛੇ ਕਿੰਨੀਆਂ ਮਜਬੂਰੀਆਂ ਤੇ ਦਰਦ ਵੀ ਲੁਕੇ ਹੋਏ ਹਨ। ਬੇਸ਼ਕ ਵਿਦੇਸ਼ਾਂ ਵਿੱਚ ਜਾ ਵਸੇ ਪਰਵਾਸੀਆਂ ਨੇ ਉੱਥੋਂ ਦੇ ਰੀਤੀ ਰਿਵਾਜ਼ ਤੇ ਸੱਭਿਆਚਾਰ ਨੂੰ ਅਪਣਾ ਲਿਆ ਹੈ, ਫਿਰ ਵੀ ਉਥੋਂ ਦੇ ਲੋਕਾਂ ਵਲੋਂ ਪਰਵਾਸੀਆਂ ਨੂੰ ਘਿਰਣਾ ਭਰੀਆਂ ਨਜ਼ਰਾਂ ਨਾਲ ਹੀ ਦੇਖਿਆ ਜਾਂਦਾ ਹੈ। ਵਾਰ ਵਾਰ ਉਨ੍ਹਾਂ ਨੂੰ ਸ਼ਰਮਿੰਦਾ ਕੀਤਾ ਜਾਂਦਾ ਹੈ। ਮੈਂ ਵੀ ਪੰਝੀ ਕੁ ਸਾਲ ਦਾ ਪਰਵਾਸ ਭੋਗਿਆ ਹੈ। ਆਪਣੇ ਤਜੁਰਬੇ ਦੇ ਅਧਾਰ ਤੇ ਇੰਨਾ ਜਰੂਰ ਕਹਿਣਾ ਚਾਹੁੰਦਾ ਹਾਂ ਕਿ ਕਿਸੇ ਵੀ ਤਰੀਕੇ ਪਰਵਾਸ ਨੂੰ ਰੋਕਿਆ ਜਾਣਾਂ ਅਸੰਭਵ ਹੀ ਨਹੀਂ ਬਲਕਿ ਨਾਮੁਮਕਿਨ ਹੈ।ਪਰ ਪਰਵਾਸੀਆਂ ਨੂੰ ਆਪਣੇ ਉਸ ਖਿੱਤੇ ਦੇ ਕਾਨੂੰਨ, (ਚਾਹੇ ਉਹ ਦੇਸ਼ ਹੋਏ ਜਾਂ ਵਿਦੇਸ਼) ਰੀਤੀ ਰਿਵਾਜ਼ ਤੇ ਸੱਭਿਆਚਾਰ ਅਨੁਸਾਰ ਚੱਲਣਾ ਚਾਹੀਦਾ ਹੈ। ਉਸ ਦੇਸ਼ ਜਾਂ ਖਿੱਤੇ ਨੂੰ ਹੀ ਆਪਣਾ ਘਰ ਸਮਝਣਾ ਚਾਹੀਦਾ ਹੈ, ਜਿੱਥੇ ਜਾ ਕੇ ਉਹ ਵਸੇ ਹਨ। ਸਰਕਾਰਾਂ ਨੂੰ ਵੀ ਵਧ ਰਹੇ ਪਰਵਾਸ ਨੂੰ ਰੋਕਣ ਲਈ ਸਾਰਥਕ ਯਤਨ ਕਰਨੇ ਚਾਹੀਦੇ ਹਨ। ਬੇਸ਼ਕ ਹਰ ਭਾਰਤੀ ਨੂੰ,ਭਾਰਤ ਦੇ ਕਿਸੇ ਵੀ ਹਿੱਸੇ ਚ ਰਹਿਣ ਤੇ ਕੰਮ ਕਰਨ ਦਾ ਸਵਿਧਾਨਕ ਹੱਕ ਹੈ, ਪਰ ਇਹ ਦੇਖਣਾ ਵੀ ਜਰੂਰੀ ਹੈ ਕਿ ਇਸ ਬੇਤਹਾਸ਼ਾ ਪਰਵਾਸ ਕਾਰਨ ਕਿਸੇ ਖਿੱਤੇ ਦਾ ਸੱਭਿਆਚਾਰ , ਆਪਸੀ ਭਾਈਚਾਰਾ ਤੇ ਸੰਤੁਲਨ ਤਾਂ ਨਹੀਂ ਵਿਗੜ ਰਿਹਾ।
ਗੁਰਦੀਪ ਸਿੰਘ ਮੁਕੱਦਮ
ਪਿੰਡ ਲਧਾਣਾ ਝਿੱਕਾ
9878160133

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleThe World’s Oldest Mummies: A Ground-breaking Discovery
Next article**ਅਸਲੀਅਤ ਦਾ ਸੁੰਦਰ ਸੱਚ**