(ਸਮਾਜ ਵੀਕਲੀ)
ਵਿਦੇਸ਼ੀਆਂ ਨੂੰ ਭਾਰਤ ਵਿਖਾਉਣ ਵਾਲਿਓ,
ਮੰਦਰ ਅਤੇ ਮਸੀਤ ਵਿਖਾਉਣ।
ਖੋਪੜੀਆਂ ਵਿੱਚ ,ਜਾਤੀਵਾਦ ਜੋ,
ਉਸਦੀ ਵੀ ਤਸਵੀਰ ਵਿਖਾਉਣਾ।
ਮਹਿਲ ਮੁਨਾਰੇ ਛੱਡ ਕੇ ਸਾਰੇ,
ਝੋਪੜੀਆਂ,ਅੰਦਰ ਤੀਕ ਵਿਖਾਉਣਾ।
ਮਣੀਪੁਰ ਵਾਲੀ ਘਟਨਾ ਦੱਸਣਾ,
ਪੁਲਵਾਮਾ ਦੀ, ਚੀਸ਼ ਵਿਖਾਉਣਾ।
ਚੌਂਕ ਚੁਰਾਹੇ ਬੇਪਤਿ ਹੋਈ,
ਹਰ ਨਾਰੀ ਦੀ, ਚੀਕ ਵਿਖਾਉਣਾ।
ਠੱਗ ਜੋ ਵੱਡੇ, ਮੁਲਕੋ ਭੱਜੇ
ਮੰਗਤਿਆਂ ਦੀ, ਭੀਖ ਵਿਖਾਉਣਾ।
ਚੌਂਕ-ਚੁਰਾਹੇ ਬੋੜ ਇਹ ਝੂਠੇ,
ਗੱਲ ਕਰਕੇ, ਹਰ ਠੀਕ ਵਿਖਾਉਣਾ।
ਕਿਸਾਨਾਂ ਨਾਲ ਜੋ ਹੋਇਆ ਧੱਕਾ,
ਘਰ-ਘਰ,ਪਿੰਡ-ਪਿੰਡ ਤੀਕ ਵਿਖਾਉਣਾ।
ਮੈਡਲ ਜਿੱਤਕੇ, ਵੀ ਪਏ ਹਾਰੇ,
ਜੇਤੂਆਂ ਦੀ ਦਰਸੀਸ਼ ਵਿਖਾਉਣਾ।
ਬੇਰੁਜ਼ਗਾਰੀ ਦੇ ਜੋ ਮਾਰੇ,
ਸਾਡੇ ਭੈਣਾਂ-ਵੀਰ ਵਿਖਾਉਣਾ।
ਸਭ ਕੁਝ ਦੇਸ਼ ਦਾ, ਵੇਚ ਲਿਆ ਏ,
ਬਚਿਆ ਜੋ, ਅਖ਼ੀਰ ਵਿਖਾਉਣਾ।
ਨਕਲੀ ਜਿਹੀ, ਜੋ ਦਿਸਦੀ ਪਈ ਹੈ,
ਐਸੀ ਨਾ, ਤਸਵੀਰ ਵਿਖਾਉਣਾ।
ਮੁਲਕ ਨੂੰ ਅੰਦਰੋਂ ,ਪਾਟਿਆ ਕਿੱਦਾਂ,
ਇਸ ਦੀ,ਵੀ ਤਸਵੀਰ ਵਿਖਾਉਣਾ।
ਚਿੱਟਾ,ਭਗਵਾਂ ,ਦਾਗੀ ਇਹ ਜੋ,
ਅੰਦਰੋਂ ਚੋਲਾ, ਚੀਰ ਵਿਖਾਉਣਾ।
ਬਿਨਾਂ ਇਲਾਜੋਂ,ਤੜਫ਼ਦੇ ਪਏ ਜੋ,
ਬੇਵੱਸ ਜਿਹੇ, ਮਰੀਜ਼ ਵਿਖਾਉਣਾ।
ਫੁੱਟਪਾਥਾਂ ਤੇ ਰੁਲ਼ਦੇ ਪਏ ਜੋ,
ਬੰਦੇ, ਮਸਤ, ਫ਼ਕੀਰ ਵਿਖਾਉਣਾ।
ਸੰਦੀਪ ਭਿਰਸ਼ਟਾਂ ਦੇ ਹੱਥ ਆਈ
ਲੋਕਾਂ ਦੀ ਤਕਦੀਰ ਵਿਖਾਉਣਾ।
ਸੰਦੀਪ ਸਿੰਘ “ਬਖੋਪੀਰ”
ਸੰਪਰਕ:-98153 21017
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly