(ਸਮਾਜ ਵੀਕਲੀ)
ਕਵੀ ਲਿਖਣ ਲਈ ਕੀ ਨਹੀਂ ਕਰਦਾ
ਪਰ ਹੁਣ ਲਿਖਣ ਨੂੰ ਜੀਅ ਨਹੀਂ ਕਰਦਾ
ਕਵੀਆਂ ਦੀ ਗੁੱਟਬਾਜ਼ੀ ਅੰਦਰ
ਕੀ ਕੀ ਹੁੰਦਾ, ਤੱਕ ਗਿਆ ਹਾਂ
ਫੇਸਬੁੱਕ ਤੋਂ ਅੱਕ ਗਿਆ ਹਾਂ…
ਐਸਾ ਵੀ ਇੱਕ ਚੇਲਾ ਮਿਲਿਆ
ਨਿੰਮ ਦੇ ਉੱਤੇ ਕਰੇਲਾ ਮਿਲਿਆ
ਮਤਲਬ ਲਈ ਉਸਤਾਦ ਜੀ ਸੁਣ ਕੇ
ਬਹਿ ਤੁੜਵਾ ਕੇ ਲੱਕ ਗਿਆ ਹਾਂ
ਫੇਸਬੁੱਕ ਤੋਂ ਅੱਕ ਗਿਆ ਹਾਂ…
ਚਾਪਲੂਸੀ ਦੀ ਚਰਮ ਸੀਮਾ ਤੋਂ
ਸਾਹਿਤ ਦਿਆਂ ਨੀਮ ਹਕੀਮਾਂ ਤੋਂ
ਇਹ ਜੋ ਹੈ ਸਾਹਿਤ ਦੀ ਦੁਨੀਆਂ
ਇਸ ਤੋਂ ਹੋ ਪਰਿਪੱਕ ਗਿਆ ਹਾਂ
ਫੇਸਬੁੱਕ ਤੋਂ ਅੱਕ ਗਿਆ ਹਾਂ…
ਅੰਨ੍ਹੇ ਵੰਡਣ ਰੇੜੀਆਂ ਏਥੇ
ਹੋਰਾਂ ਲਈ ਦਰਾਂ ਭੇੜੀਆਂ ਏਥੇ
ਲਿਖਦਾ ਲਿਖਦਾ ਕਲਮ ਦੀ ਜੀਭੀ
ਵਿਚ ਪੰਨਿਆਂ ਦੇ ਧੱਕ ਗਿਆ ਹਾਂ
ਫੇਸਬੁੱਕ ਤੋਂ ਅੱਕ ਗਿਆ ਹਾਂ…
ਖੁਸ਼ੀ ਮੁਹੰਮਦਾ ਜ਼ਿਕਰ ਕਰੀਂ ਨਾ
ਐਵੇਂ ਬਹੁਤਾ ਫਿਕਰ ਕਰੀਂ ਨਾ
ਕਈਆਂ ਦੇ ਤਾਂ ਖੋਲ੍ਹ ਤੇ ਪਰਦੇ
ਪਰ ਕਈਆਂ ਦੇ ਢਕ ਗਿਆ ਹਾਂ
ਫੇਸਬੁੱਕ ਤੋਂ ਅੱਕ ਗਿਆ ਹਾਂ…
ਹੁਣ ਕਿਧਰੇ ਜੇ ਲਿਖਣ ਬਹਾਂਗਾ
ਵੈਸੇ ਹਾਜ਼ਰੀ ਭਰਦਾ ਰਹਾਂਗਾ
ਲਿਖਣਾ ਤਾਂ ਸੀ ਹੋਰ ਬੜਾ ਕੁਝ
ਜਜ਼ਬਾਤਾਂ ਨੂੰ ਡੱਕ ਗਿਆ ਹਾਂ
ਫੇਸਬੁੱਕ ਤੋਂ ਅੱਕ ਗਿਆ ਹਾਂ…
ਖੁਸ਼ੀ ਮੁਹੰਮਦ “ਚੱਠਾ”
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly