ਚੰਡੀਗੜ੍ਹ (ਸਮਾਜ ਵੀਕਲੀ): ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅੱਜ ਪੰਜਾਬ ਦੀ ‘ਆਪ’ ਸਰਕਾਰ ’ਤੇ ਨਿਸ਼ਾਨਾ ਸੇਧਦਿਆਂ ਦੋਸ਼ ਲਾਇਆ ਹੈ ਕਿ ਸੂਬੇ ਵਿੱਚ ਹਾਲੇ ਵੀ ਗ਼ੈਰਕਾਨੂੰਨੀ ਖਣਨ ਬਿਨਾਂ ਰੋਕ-ਟੋਕ ਜਾਰੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪਿਛਲੇ ਇੱਕ ਮਹੀਨੇ ਦੌਰਾਨ ਰੇਤ ਦਾ ਭਾਅ ਦੁੱਗਣਾ ਹੋ ਗਿਆ ਹੈ, ਜਿਸ ਕਾਰਨ ਹੁਣ ਕਿਸੇ ਵੀ ਕਿਸਮ ਦੀ ਉਸਾਰੀ ਕਰਵਾ ਸਕਣਾ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਗਿਆ ਹੈ।
ਸਿੱਧੂ ਨੇ ਟਵੀਟ ਕੀਤਾ, ‘ਇੱਕ ਮਹੀਨਾ ਪਹਿਲਾਂ ਜਿਸ ਰੇਤ ਦੀ ਟਰਾਲੀ ਦੀ ਕੀਮਤ ਚਾਰ ਹਜ਼ਾਰ ਰੁਪਏ ਸੀ, ਉਹ ਹੁਣ ਵੱਧ ਕੇ ਨੌਂ ਹਜ਼ਾਰ ਰੁਪਏ ਹੋ ਗਈ ਹੈ। ਇਹ ਰੇਤ ਹੁਣ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਗਈ ਹੈ ਤੇ ਵੱਡੀ ਪੱਧਰ ’ਤੇ ਉਸਾਰੀ ਕਾਰਜ ਰੁਕ ਗਏ ਹਨ।’ ਕਾਂਗਰਸੀ ਆਗੂ ਨੇ ਟਵਿੱਟਰ ’ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਟੈਗ ਕਰ ਕੇ ਲਿਖਿਆ ਹੈ, ‘‘ਗ਼ੈਰਕਾਨੂੰਨੀ ਖਣਨ ਬਿਨਾਂ ਰੋਕ-ਟੋਕ ਜਾਰੀ ਹੈ, ਸਰਕਾਰ ਕੀ ਕਰ ਰਹੀ ਹੈ? ਅਰਵਿੰਦ ਕੇਜਰੀਵਾਲ ਜੀ ਰੇਤ ਵਾਲੇ ਵੀਹ ਹਜ਼ਾਰ ਕਰੋੜ ਰੁੁਪਏ ਕਿੱਥੇ ਹਨ?’’ ਇਸ ਦੇ ਨਾਲ ਹੀ ਸ੍ਰੀ ਸਿੱਧੂ ਨੇ ਖਣਨ ਕੀਤੇ ਜਾਣ ਦੀ ਇੱਕ ਵੀਡੀਓ ਵੀ ਸਾਂਝੀ ਕੀਤੀ ਹੈ।
ਜ਼ਿਕਰਯੋਗ ਹੈ ਕਿ ਨਵਜੋਤ ਸਿੱਧੂ ਨੇ ਆਪਣੇ ਟਵੀਟ ਵਿੱਚ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਪਿਛਲੇ ਸਾਲ ਗ਼ੈਰਕਾਨੂੰਨੀ ਖਣਨ ਸਬੰਧੀ ਲਾਏ ਗੲੇ ਦੋਸ਼ਾਂ ਦਾ ਹਵਾਲਾ ਦਿੱਤਾ ਹੈ, ਜਿਸ ਵਿੱਚ ਉਨ੍ਹਾਂ ਦਾਅਵਾ ਕੀਤਾ ਸੀ ਕਿ ਪੰਜਾਬ ਵਿੱਚ ਕਾਂਗਰਸ ਸਰਕਾਰ ਵੇਲੇ 20 ਹਜ਼ਾਰ ਕਰੋੜ ਰੁਪਏ ਦਾ ਨਾਜਾਇਜ਼ ਖਣਨ ਹੋ ਰਿਹਾ ਹੈ। ਕੇਜਰੀਵਾਲ ਨੇ ਇਹ ਵੀ ਕਿਹਾ ਸੀ ਕਿ ਪੰਜਾਬ ’ਚ ਸਰਕਾਰ ਬਣਾਉਣ ਮਗਰੋਂ ਉਨ੍ਹਾਂ ਦੀ ਪਾਰਟੀ ਗ਼ੈਰਕਾਨੂੰਨੀ ਖਣਨ ਨੂੰ ਰੋਕੇਗੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly