HOME ਪੜ੍ਹੇ ਲਿਖੇ ਵਰਗ ਨੂੰ ਅਣਦੇਖਾ ਕਰਨਾ ਸਰਕਾਰ ਦੀ ਨਲਾਇਕੀ ਨਹੀਂ ਤਾਂ ਹੋਰ...

ਪੜ੍ਹੇ ਲਿਖੇ ਵਰਗ ਨੂੰ ਅਣਦੇਖਾ ਕਰਨਾ ਸਰਕਾਰ ਦੀ ਨਲਾਇਕੀ ਨਹੀਂ ਤਾਂ ਹੋਰ ਕੀ ਹੈ ? _ ਪ੍ਰਧਾਨ ਜਸਕਰਨ ਸਿੰਘ ਮੋਰਾਂਵਾਲੀ

1
ਜਸਕਰਨ ਸਿੰਘ ਮੋਰਾਂਵਾਲੀ

ਸਿੱਖਿਆ ਵਿਭਾਗ ਨੂੰ ਟੀਚਰਾਂ ਪ੍ਰਤੀ ਸੁਹਿਰਦਤਾ ਦਿਖਾਉਣ ਦੀ ਲੋੜ

ਭਲੂਰ/ਬੇਅੰਤ ਗਿੱਲ  (ਸਮਾਜ ਵੀਕਲੀ)   ਪੰਜਾਬ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਦੇ ਖਿਲਾਫ ਸਮੁੱਚਾ ਪੰਜਾਬ ਇਕਮੁੱਠ ਹੋ ਕੇ ਖੜ੍ਹਾ ਹੈ। ਪੰਜਾਬ ਦਾ ਮੁੱਖ ਮੰਤਰੀ ਕਿਸਾਨਾਂ ਨਾਲ ਜਿਸ ਤਰ੍ਹਾਂ ਮਜ਼ਾਕੀਆ ਲਹਿਜ਼ੇ ਨਾਲ ਪੇਸ਼ ਆਉਂਦਿਆਂ ਬਿਆਨਬਾਜ਼ੀ ਕਰਦਾ ਹੈ, ਉਹ ਇਕ ਅਹੁਦੇ ਦੀ ਮਾਣ ਮਰਿਆਦਾ ਦਾ ਮਲੀਆਮੇਟ ਕਰ ਰਿਹਾ ਹੈ। ਕਿਸਾਨ ਦੇਸ਼ ਦਾ ਅੰਨਦਾਤਾ ਕਹਾਉਣ ਵਾਲਾ ਵੱਡਾ ਸਤਿਕਾਰਤ ਨਾਂਅ ਹੈ। ਕਿਸਾਨਾਂ ਅਤੇ ਮਜ਼ਦੂਰਾਂ ਦੀ ਮਿਹਨਤ ਨੂੰ ਦੇਸ਼ ਕਦੇ ਅੱਖੋਂ ਪਰੋਖੇ ਨਹੀਂ ਕਰ ਸਕਦਾ। ਕਿਸਾਨਾਂ ਦੀਆਂ ਹੱਕੀ ਮੰਗਾਂ ਪ੍ਰਤੀ ਸਰਕਾਰ ਨੂੰ ਸੁਹਿਰਦਤਾ ਨਾਲ ਸੋਚਣਾ ਪਵੇਗਾ। ਇਹ ਸ਼ਬਦ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਧਨੇਰ ਦੇ ਫਰੀਦਕੋਟ ਤੋਂ ਜ਼ਿਲ੍ਹਾ ਪ੍ਰਧਾਨ ਸਰਦਾਰ ਜਸਕਰਨ ਸਿੰਘ ਜੱਸਾ ਮੋਰਾਂਵਾਲੀ ਨੇ ਇਹਨਾਂ ਸਤਰਾਂ ਦੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕਹੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਲਿਆਂਦੀ ਗਈ ਨਵੀਂ ਲੈਂਡ ਪੂਲਿੰਗ ਪਾਲਿਸੀ ਤਹਿਤ ਪੰਜਾਬ ਦੀਆਂ ਸ਼ਰੇਆਮ ਜ਼ਮੀਨਾਂ ਹੜੱਪਣ ਦਾ ਰਾਹ ਤਿਆਰ ਕੀਤਾ ਹੈ। ਕੇਂਦਰ ਦੀ ਸਰਕਾਰ ਨਾਲ ਮਿਲੀਭੁਗਤ ਕਰਕੇ ਕਾਰਪੋਰੇਟ ਘਰਾਣਿਆਂ ਨੂੰ ਪੰਜਾਬ ਦੀਆਂ ਜ਼ਮੀਨਾਂ ਦੇ ਮਾਲਕ ਬਣਾਉਣ ਲਈ ਪੰਜਾਬ ਸਰਕਾਰ ਮਾੜੀਆਂ ਨੀਤੀਆਂ ‘ਤੇ ਉਤਰ ਤੁਰੀ ਹੈ। ਇਸੇ ਕਰਕੇ ਮੁੱਖ ਮੰਤਰੀ ਲੋਕਾਂ ਨੂੰ ਕਿਸਾਨ ਯੂਨੀਅਨਾਂ ਦੇ ਖਿਲਾਫ ਭੜਕਾਉਣ ਲਈ ਬਿਆਨਬਾਜ਼ੀ ਕਰਦਾ ਹੈ, ਪਰ ਇਹ ਸਭ ਕੁਝ ਲੋਕ ਭਲੀਭਾਂਤ ਜਾਣਦੇ ਹਨ ਕਿ ਲੋਕਾਂ ਦਾ ਏਕਾ ਤੋੜਨ ਲਈ ਸਿਆਸੀ ਚਲਾਕੀਆਂ ਦੀ ਖੇਡ ਖੇਡੀ ਜਾ ਰਹੀ ਹੈ। ਮੁੱਖ ਮੰਤਰੀ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਪੰਜਾਬ ਦੀ ਮਿੱਟੀ ਨਾਲ ਧੋਖਾ ਕਰਕੇ ਰਾਜ ਨਹੀਂ ਹੋਣਾ, ਸੱਤਿਆਨਾਸ਼ ਹੋਵੇਗਾ।  ਜ਼ਿਲ੍ਹਾ ਪ੍ਰਧਾਨ ਜਸਕਰਨ ਸਿੰਘ ਮੋਰਾਂਵਾਲੀ ਨੇ ਅੱਗੇ ਕਿਹਾ ਕਿ ਸਰਕਾਰ ਪੜ੍ਹੇ ਲਿਖੇ ਵਰਗ ਨਾਲ ਵੀ ਇੱਟ ਕੁੱਤੇ ਵਾਲਾ ਵੈਰ ਪਾਈ ਬੈਠੀ ਹੈ। ਟੀਚਰਜ਼ ਯੂਨੀਅਨਾਂ ਵੱਡੇ ਪੱਧਰ ‘ਤੇ ਸੰਘਰਸ਼ ਕਰ ਰਹੀਆਂ ਹਨ। ਹੈੱਡਮਾਸਟਰਾਂ ਅਤੇ ਹੋਰ ਟੀਚਰਾਂ ਪ੍ਰਤੀ ਸਰਕਾਰ ਅਤੇ ਸਿੱਖਿਆ ਵਿਭਾਗ ਦੀ ਅਣਦੇਖੀ ਸਾਰੇ ਸਿਸਟਮ ਨੂੰ ਸ਼ਰਮਸ਼ਾਰ ਕਰਦੀ ਹੈ। ਜਿਸ ਧਰਤੀ ‘ਤੇ ਮਿਹਨਤੀ, ਕਿਰਤੀ ਅਤੇ ਪੜ੍ਹੇ- ਲਿਖੇ ਨੌਜਵਾਨਾਂ ਨਾਲ ਅਨਿਆ ਹੁੰਦਾ ਹੋਵੇ, ਉੱਥੇ ਕਿਹੜਾ ਵਿਕਾਸ ਹੋਣ ਦੀਆਂ ਟਾਹਰਾਂ ਮਾਰੀਆਂ ਜਾ ਸਕਦੀਆਂ ? ਉੱਥੇ ਕਿਹੜੀ ਤਰੱਕੀ ਤੇ ਖੁਸ਼ਹਾਲੀ ਦੀ ਗੱਲ ਕੀਤੀ ਜਾ ਸਕਦੀ ਹੈ ? ਪ੍ਰਧਾਨ ਜੱਸਾ ਮੋਰਾਂਵਾਲੀ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਪੰਜਾਬ ਪ੍ਰਤੀ ਸੁਹਿਰਦਤਾ ਨਾਲ ਕੰਮ ਕਰਨ ਦੀ ਲੋੜ ਹੈ। ਪੰਜਾਬ ਨੂੰ ਉਜਾੜਕੇ ਦਿੱਲੀ ਦੇ ਸਿਰ ‘ਤੇ ਰਾਜ ਨਹੀਂ ਹੋਣਾ। ਪੰਜਾਬ ਦੇ ਕਿਸਾਨ, ਜਵਾਨ ਤੇ ਮਜ਼ਦੂਰ ਨੂੰ ਖੁਸ਼ਹਾਲ ਰੱਖ ਕੇ ਹੀ ਪੰਜਾਬ ਦੇ ਅਹੁਦਿਆਂ ਦਾ ਆਨੰਦ ਮਾਣਿਆ ਜਾ ਸਕਦਾ ਹੈ। ਇਸ ਲਈ ਪੰਜਾਬ ਸਰਕਾਰ ਨੂੰ ਪੰਜਾਬ ਵੱਲ ਪਿੱਠ ਨਹੀਂ ਮੂੰਹ ਕਰਕੇ ਚੱਲਣ ਦੀ ਲੋੜ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous article5994 ਦੀਆਂ ਤਨਖਾਹਾਂ ਸਬੰਧੀ ਡੀ ਟੀ ਐੱਫ ਦਾ ਵਫ਼ਦ ਬੀ ਪੀ ਈ ਓ ਨੂੰ ਮਿਲਿਆ
Next articleਪੰਜਾਬ ਸਰਕਾਰ ਵੱਲੋਂ ਖੜੜ ਤੋਂ ਵਿਧਾਇਕਾ ਅਨਮੋਲ ਗਗਨ ਮਾਨ ਦਾ ਅਸਤੀਫ਼ਾ ਨਾ ਮਨਜ਼ੂਰ ਸੇਵਾਵਾਂ ਰੱਖਣਗੇ ਜਾਰੀ