(ਸਮਾਜ ਵੀਕਲੀ)
ਪਾਲ੍ਹਿਆ ਤੂੰ ਦੁੱਖੜੇ ਸਹਿ ਕੇ,
ਵੇਖਿਆ ਨਾ ਸੁੱਕੇ ਪੈ ਕੇ,
ਸਾਨੂੰ ਤੂੰ ਰੱਜ ਖਵਾਇਆ,
ਸੌਦੀਂ ਰਹੀ ਭੁੱਖੀ ਰਹਿਕੇ,
ਸ਼ਿਕਵਾ ਨਾ ਮੁੱਖ ਦੇ ਉੱਤੇ,
ਦੁੱਖੜੇ ਸਹਾਰ ਨੀ ਮਾਏ,
ਜੇ ਕਿਧਰੇ ਤੂੰ ਅੱਜ਼ ਹੁੰਦੀ,
ਵੱਸਣਾਂ ਸੰਸਾਰ ਸੀ ਮਾਏ…
ਕਿਨੇ ਤੂੰ ਲਾਡ ਲਡਾਉਂਦੀ,
ਰੀਝਾਂ ਤੂੰ ਸੱਭ ਪਗਾਉਦੀਂ,
ਬੱਚਿਆਂ ਲਈ ਮੰਗ ਦੁਆਵਾਂ,
ਰਹਿੰਦੀ ਨਿੱਤ ਰੱਬ ਧਿਆਉਦੀਂ,
ਗਿਣੇ ਨਾ ਜਾਂਦੇ ਮੈਥੋਂ,
ਤੇਰੇ ਉਪਕਾਰ ਨੀ ਮਾਏ,
ਜੇ ਕਿਧਰੇ ਤੂੰ ਅੱਜ ਹੁੰਦੀ,
ਵੱਸਣਾਂ ਸੰਸਾਰ ਸੀ ਮਾਏ…
ਬਾਪੂ ਜਦ ਝਿੜਕਾਂ ਮਾਰੇ
ਛਾਤੀ ਨਾਲ ਲਾ ਪੁਚਕਾਰੇ
ਅੱਖਾਂ ਕੱਢ ਰਹਿਣ ਡਰਾਉਂਦੇ
ਬਾਪੂ ਵੀ ਲੱਗਣ ਪਿਆਰੇ
ਸਾਡਾ ਘਰ ਲੁੱਟ ਕੇ ਲੈ ਗਈ,
ਵਕਤਾਂ ਦੀ ਮਾਰ ਨੀ ਮਾਏ,
ਜੇ ਕਿਧਰੇ ਤੂੰ ਅੱਜ ਹੁੰਦੀ,
ਵੱਸਣਾਂ ਸੰਸਾਰ ਸੀ ਮਾਏ…
ਮਾਵਾਂ ਦੇ ਵੱਡੇ ਹਿਰਦੇ
ਛਾਵਾਂ ਇਹ ਰਹਿਣ ਚੌਗਿਰਦੇ
ਤੇਰੇ ਬਿਨ ਕੋਈ ਨਾ ਪੁੱਛੇ
ਲੱਖਾਂ ਭਾਵੇ ਲੋਕੀਂ ਫਿਰਦੇ
ਰੋਂਦੇ ਨਾ ਕੋਈ ਵਰਾਉਦਾਂ,
ਲੈਦਾਂ ਕੋਈ ਸਾਰ ਨੀ ਮਾਏ,
ਜੇ ਕਿਧਰੇ ਤੂੰ ਅੱਜ ਹੁੰਦੀ,
ਵੱਸਣਾਂ ਸੰਸਾਰ ਸੀ ਮਾਏ…
ਤੇਰੀ ਧੀ ਹੋਈ ਬੇਗਾਨੀ
ਆ ਗਈ ਤੇਰੀ ਨੂੰਹ ਰਾਣੀ
ਛੋਟਾ ਵੀ ਵੀਰਾ ਤੁਰ ਗਿਆ
ਛੱਡ ਕੇ ਸੰਸਾਰ ਜੋ਼ ਫਾਨੀ,
ਠੇਡੇ ਖਾ ਰੁਲ ਗਿਆ ਸਾਰਾ,
ਤੇਰਾ ਪਰਵਾਰ ਨੀ ਮਾਏ,
ਜੇ ਕਿਧਰੇ ਤੂੰ ਅੱਜ ਹੁੰਦੀ,
ਵੱਸਣਾਂ ਸੰਸਾਰ ਸੀ ਮਾਏ…
ਚਰਖੇ ਨੇ ਮੂੰਹ ਹੈ ਸੀਂਤਾ
ਚੌਕਾਂ ਵੀ ਕਰੇ ਉਡੀਕਾਂ
ਚਿੜੀਆਂ ਤੇ ਮੋਰ ਬਣਾਏ,
ਕੰਧਾ ਤੇ ਮਾਰਨ ਚੀਂਕਾ
ਰੋਦਾਂ ਉਹ ਨਿੰਮ ਦਾ ਬੂਟਾ,
ਵੇਹੜੇ ਵਿਚਕਾਰ ਨੀ ਮਾਏ,
ਜੇ ਕਿਧਰੇ ਤੂੰ ਅੱਜ ਹੁੰਦੀ,
ਵੱਸਣਾਂ ਸੰਸਾਰ ਸੀ ਮਾਏ…
ਕੱਟਿਆ ਕਿੰਝ ਵਕਤ ਮੈਂ ਦੱਸਾਂ
ਆਪਣਿਆਂ ਨੇ ਮਾਰੀਆਂ ਸੱਟਾਂ
ਕਿਸਨੂੰ ਮੈਂ ਆਪਣਾਂ ਆਖਾਂ
ਕਿਸ ਤੋਂ ਮੈਂ ਪਾਸਾ ਵੱਟਾਂ
ਓਨਾ ਨਾ ਮਿਲਿਆ ਮੈਨੂੰ,
ਜਿੰਨਾਂ ਹੱਕਦਾਰ ਸੀ ਮਾਏ,
ਜੇ ਕਿਧਰੇ ਤੂੰ ਅੱਜ ਹੁੰਦੀ,
ਵੱਸਣਾਂ ਸੰਸਾਰ ਸੀ ਮਾਏ…
ਆਪਣਿਆਂ ਨੇ ਛੱਡਤਾ ਜੋਹ ਕੇ
ਬਹਿ ਗਿਆ ਹੁਣ ਖਾਲੀ ਹੋ ਕੇ
ਮੈਂ ਤਾਂ ਹੁਣ ਕਰਾਂ ਗੁਜਾਰਾ
ਮਿੱਟੀ ਨਾਲ ਮਿੱਟੀ ਹੋਕੇ
ਆਪਣੇ ਹੀ ਰਾਹ ਵਿੱਚ ਬਹਿ ਗਏ,
ਤਾਹੀਂ ਗਿਆ ਹਾਰ ਨੀ ਮਾਏ,
ਜੇ ਕਿਧਰੇ ਤੂੰ ਅੱਜ ਹੁੰਦੀ,
ਵੱਸਣਾਂ ਸੰਸਾਰ ਸੀ ਮਾਏ…
ਆਖ “ਸੁਖਦੇਵ” ਸੁਣਾਇਆ
ਚੁੰਨੀ ਪਿੰਡ ਦਾ ਮੈਂ ਜਾਇਆ
ਪਿੰਡ ਨਾਲੋਂ ਨਾਤਾ ਟੁੱਟਿਆ
ਤੇਰਾ ਨਾ ਦਿਸਦਾ ਸਾਇਆ
ਦੁਨੀਆ ਦੇ ਮੇਹਣੇਂ ਗਏ ਨੇ,
ਹੱਡਾਂ ਨੂੰ ਖਾਰ ਨੀ ਮਾਏ,
ਜੇ ਕਿਧਰੇ ਤੂੰ ਅੱਜ ਹੁੰਦੀ,
ਵੱਸਣਾਂ ਸੰਸਾਰ ਸੀ ਮਾਏ…
ਸੁਖਦੇਵ ਸਿੰਘ ਚੁੰਨੀ
8728892522