ਲੈਸਟਰ (ਇੰਗਲੈਂਡ), (ਸਮਾਜ ਵੀਕਲੀ) (ਸੁਖਜਿੰਦਰ ਸਿੰਘ ਢੱਡੇ)– ਬ੍ਰਿਟੇਨ ਦੇ ਪ੍ਰਧਾਨ ਮੰਤਰੀ ਕੀਅਰ ਸਟਾਰਮਰ ਨੇ ਰਿਹਾਇਸ਼ੀ ਡਾਕਟਰਾਂ (ਪਹਿਲਾਂ ਜੂਨੀਅਰ ਡਾਕਟਰਾਂ) ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਹ ਅਗਲੇ ਹਫ਼ਤੇ ਯੋਜਿਤ ਹੜਤਾਲ ‘ਤੇ ਡਟੇ ਰਹਿੰਦੇ ਹਨ ਤਾਂ ਸਰਕਾਰ ਵੱਲੋਂ ਐਨਐਚਐਸ ਲਈ ਤਿਆਰ ਕੀਤਾ ਗਿਆ ਹਜ਼ਾਰਾਂ ਨਵੀਆਂ ਨੌਕਰੀਆਂ ਅਤੇ ਟ੍ਰੇਨਿੰਗ ਅਸਾਮੀਆਂ ਦਾ ਪੈਕੇਜ ਵਾਪਸ ਲਿਆ ਜਾ ਸਕਦਾ ਹੈ। ਉਨ੍ਹਾਂ ਡਾਕਟਰਾਂ ਨੂੰ 48 ਘੰਟਿਆਂ ਵਿੱਚ ਆਪਣਾ ਫ਼ੈਸਲਾ ਮੁੜ ਵਿਚਾਰਣ ਲਈ ਕਿਹਾ ਹੈ। ਦਰਅਸਲ ਰਿਹਾਇਸ਼ੀ ਡਾਕਟਰ 7 ਅਪ੍ਰੈਲ ਤੋਂ ਛੇ ਦਿਨਾਂ ਦੀ ਹੜਤਾਲ ਕਰਨ ਦੀ ਯੋਜਨਾ ਬਣਾ ਰਹੇ ਹਨ, ਜੋ ਇਸਟਰ ਬੈਂਕ ਹਾਲੀਡੇ ਦੇ ਤੁਰੰਤ ਬਾਅਦ ਸ਼ੁਰੂ ਹੋਵੇਗੀ। ਇਹ ਮਾਰਚ 2023 ਤੋਂ ਚੱਲ ਰਹੇ ਤਨਖ਼ਾਹ ਅਤੇ ਨੌਕਰੀਆਂ ਦੇ ਲੰਮੇ ਵਿਵਾਦ ਦੌਰਾਨ ਡਾਕਟਰਾਂ ਦੀ 15ਵੀਂ ਹੜਤਾਲ ਹੋਵੇਗੀ। ਡਾਕਟਰਾਂ ਦਾ ਕਹਿਣਾ ਹੈ ਕਿ ਮਹਿੰਗਾਈ ਅਤੇ ਜੀਵਨ-ਯਾਪਨ ਦੇ ਵਧ ਰਹੇ ਖਰਚਿਆਂ ਦੇ ਮੱਦੇਨਜ਼ਰ ਉਨ੍ਹਾਂ ਦੀ ਤਨਖ਼ਾਹ 2008 ਤੋਂ ਬਾਅਦ ਅਸਲ ਮਾਇਨੇ ਵਿੱਚ ਘੱਟ ਹੋ ਗਈ ਹੈ ਅਤੇ ਉਹ ਇਸਦੀ ਭਰਪਾਈ ਦੀ ਮੰਗ ਕਰ ਰਹੇ ਹਨ। ਪ੍ਰਧਾਨ ਮੰਤਰੀ ਸਟਾਰਮਰ ਨੇ ਆਪਣੇ ਇੱਕ ਬਿਆਨ ਵਿਚ ਕਿਹਾ ਕਿ ਸਰਕਾਰ ਵੱਲੋਂ ਪੇਸ਼ ਕੀਤਾ ਗਿਆ ਸਮਝੌਤਾ “ਇਤਿਹਾਸਕ ਪੇਸ਼ਕਸ਼” ਹੈ ਅਤੇ ਇਸਨੂੰ ਰੱਦ ਕਰਨਾ ਗਲਤ ਅਤੇ ਲਾਪਰਵਾਹੀ ਭਰਿਆ ਫ਼ੈਸਲਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਇਸ ਸਾਲ ਡਾਕਟਰਾਂ ਲਈ 3.5 ਫੀਸਦੀ ਤਨਖ਼ਾਹ ਵਾਧੇ ਦੀ ਪੇਸ਼ਕਸ਼ ਕਰ ਰਹੀ ਹੈ, ਜਿਸ ਨਾਲ ਪਿਛਲੇ ਤਿੰਨ ਸਾਲਾਂ ਵਿੱਚ ਕੁੱਲ ਤਨਖ਼ਾਹ ਵਾਧਾ ਲਗਭਗ 35 ਫੀਸਦੀ ਤੱਕ ਪਹੁੰਚ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਸਰਕਾਰ ਦੇ ਪੈਕੇਜ ਵਿੱਚ ਤਨਖ਼ਾਹ ਦੀ ਪ੍ਰਗਤੀ ਪ੍ਰਣਾਲੀ ਵਿੱਚ ਸੁਧਾਰ ਵੀ ਸ਼ਾਮਲ ਹੈ, ਤਾਂ ਜੋ ਡਾਕਟਰਾਂ ਨੂੰ ਜਿਵੇਂ-ਜਿਵੇਂ ਤਜਰਬਾ ਅਤੇ ਜ਼ਿੰਮੇਵਾਰੀਆਂ ਵਧਣ, ਉਸ ਦੇ ਅਨੁਸਾਰ ਵਧੀਆ ਤਨਖ਼ਾਹ ਮਿਲੇ। ਇਸ ਦੇ ਨਾਲ ਹੀ ਰਾਇਲ ਕਾਲਜ ਦੀਆਂ ਪ੍ਰੀਖਿਆਵਾਂ ਦੇ ਖਰਚਿਆਂ ਦੀ ਭੁਗਤਾਨੀ ਵੀ ਸਰਕਾਰ ਵੱਲੋਂ ਕੀਤੀ ਜਾਵੇਗੀ। ਸਰਕਾਰ ਨੇ ਇਹ ਵੀ ਐਲਾਨ ਕੀਤਾ ਹੈ ਕਿ ਅਗਲੇ ਤਿੰਨ ਸਾਲਾਂ ਵਿੱਚ ਲਗਭਗ 4,500 ਵਾਧੂ ਵਿਸ਼ੇਸ਼ਤਾ ਟ੍ਰੇਨਿੰਗ ਅਸਾਮੀਆਂ ਬਣਾਈਆਂ ਜਾਣਗੀਆਂ, ਜਿਸ ਨਾਲ ਡਾਕਟਰਾਂ ਨੂੰ ਵੱਖ-ਵੱਖ ਖੇਤਰਾਂ ਵਿੱਚ ਤਜਰਬਾ ਹਾਸਲ ਕਰਨ ਅਤੇ ਤਰੱਕੀ ਦੇ ਵਧੇਰੇ ਮੌਕੇ ਮਿਲਣਗੇ। ਹਾਲਾਂਕਿ ਸਟਾਰਮਰ ਨੇ ਕਿਹਾ ਕਿ ਜੇ ਹੜਤਾਲ ਜਾਰੀ ਰਹੀ ਤਾਂ ਇਹ ਪੈਕੇਜ ਰੱਦ ਕੀਤਾ ਜਾ ਸਕਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਹਰ ਵਾਰੀ ਹੋਣ ਵਾਲੀ ਹੜਤਾਲ ਐਨਐਚਐਸ ‘ਤੇ ਲਗਭਗ 25 ਕਰੋੜ ਪੌਂਡ ਦਾ ਵਾਧੂ ਭਾਰ ਪਾਂਦੀ ਹੈ ਕਿਉਂਕਿ ਹਸਪਤਾਲਾਂ ਨੂੰ ਐਮਰਜੈਂਸੀ ਕਵਰੇਜ ਅਤੇ ਹੋਰ ਪ੍ਰਬੰਧ ਕਰਨੇ ਪੈਂਦੇ ਹਨ। ਉਨ੍ਹਾਂ ਕਿਹਾ ਕਿ ਇਸ ਨਾਲ ਮਰੀਜ਼ਾਂ ਦੀ ਉਡੀਕ ਸੂਚੀ ਘਟਾਉਣ ਲਈ ਕੀਤੀ ਜਾ ਰਹੀ ਸਰਕਾਰ ਦੀ ਕੋਸ਼ਿਸ਼ਾਂ ‘ਤੇ ਵੀ ਅਸਰ ਪੈਂਦਾ ਹੈ। ਦੂਜੇ ਪਾਸੇ ਬ੍ਰਿਟਿਸ਼ ਮੈਡੀਕਲ ਐਸੋਸੀਏਸ਼ਨ (ਬੀਐਮਏ) ਦੇ ਰਿਹਾਇਸ਼ੀ ਡਾਕਟਰ ਕਮੇਟੀ ਦੇ ਚੇਅਰ ਡਾ. ਜੈਕ ਫਲੈਚਰ ਨੇ ਕਿਹਾ ਕਿ ਮੌਜੂਦਾ ਪੇਸ਼ਕਸ਼ ਡਾਕਟਰਾਂ ਲਈ ਕਾਫ਼ੀ ਨਹੀਂ ਹੈ। ਉਨ੍ਹਾਂ ਕਿਹਾ ਕਿ ਵਿਸ਼ਵ ਪੱਧਰ ‘ਤੇ ਚੱਲ ਰਹੀਆਂ ਘਟਨਾਵਾਂ ਅਤੇ ਵਧ ਰਹੀ ਮਹਿੰਗਾਈ ਦੇ ਸੰਕੇਤਾਂ ਦੇ ਮੱਦੇਨਜ਼ਰ ਆਉਣ ਵਾਲੇ ਸਾਲਾਂ ਵਿੱਚ ਜੀਵਨ-ਯਾਪਨ ਦਾ ਖਰਚ ਹੋਰ ਵਧ ਸਕਦਾ ਹੈ। ਉਨ੍ਹਾਂ ਕਿਹਾ ਕਿ ਕਈ ਡਾਕਟਰ ਬਿਹਤਰ ਤਨਖ਼ਾਹ ਅਤੇ ਕੰਮਕਾਜੀ ਹਾਲਾਤਾਂ ਦੀ ਖ਼ਾਤਰ ਵਿਦੇਸ਼ ਜਾਣ ਬਾਰੇ ਵੀ ਸੋਚ ਰਹੇ ਹਨ, ਜਿਸ ਕਾਰਨ ਐਨਐਚਐਸ ਵਿੱਚ ਡਾਕਟਰਾਂ ਦੀ ਘਾਟ ਦਾ ਖਤਰਾ ਹੋ ਸਕਦਾ ਹੈ। ਬੀਐਮਏ ਨੇ ਇਹ ਵੀ ਕਿਹਾ ਕਿ ਉਹ ਸਰਕਾਰ ਨਾਲ ਗੱਲਬਾਤ ਲਈ ਤਿਆਰ ਹਨ ਅਤੇ ਜੇਕਰ ਵਾਜਬ ਅਤੇ ਭਰੋਸੇਯੋਗ ਪੇਸ਼ਕਸ਼ ਮਿਲਦੀ ਹੈ ਤਾਂ ਹੜਤਾਲ ਨੂੰ ਟਾਲਿਆ ਵੀ ਜਾ ਸਕਦਾ ਹੈ। ਉਧਰ ਵਿਰੋਧੀ ਕਨਜ਼ਰਵੇਟਿਵ ਪਾਰਟੀ ਨੇ ਵੀ ਕਿਹਾ ਹੈ ਕਿ ਜਦੋਂ ਡਾਕਟਰਾਂ ਨੂੰ ਪਿਛਲੇ ਕੁਝ ਸਾਲਾਂ ਵਿੱਚ ਵੱਡੇ ਤਨਖ਼ਾਹ ਵਾਧੇ ਮਿਲ ਚੁੱਕੇ ਹਨ, ਫਿਰ ਵੀ ਹੜਤਾਲ ਦੀ ਧਮਕੀ ਦਿੱਤੀ ਜਾ ਰਹੀ ਹੈ, ਜਿਸ ਨਾਲ ਸਪਸ਼ਟ ਹੁੰਦਾ ਹੈ ਕਿ ਸਰਕਾਰ ਨੂੰ ਹੋਰ ਕੜੇ ਕਦਮ ਚੁੱਕਣ ਦੀ ਲੋੜ ਹੈ। ਕੁਝ ਆਗੂਆਂ ਨੇ ਤਾਂ ਡਾਕਟਰਾਂ ਦੀ ਹੜਤਾਲ ‘ਤੇ ਪਾਬੰਦੀ ਲਗਾਉਣ ਦੀ ਵੀ ਮੰਗ ਕੀਤੀ ਹੈ। ਇਸ ਪੂਰੇ ਮਾਮਲੇ ਦੇ ਮੱਦੇਨਜ਼ਰ ਸਰਕਾਰ ਅਤੇ ਬੀਐਮਏ ਵਿਚਾਲੇ ਗੱਲਬਾਤ ਜਾਰੀ ਹੈ ਅਤੇ ਸਿਹਤ ਖੇਤਰ ਨਾਲ ਜੁੜੇ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਵਿਵਾਦ ਦਾ ਹੱਲ ਗੱਲਬਾਤ ਰਾਹੀਂ ਹੀ ਸੰਭਵ ਹੈ, ਤਾਂ ਜੋ ਮਰੀਜ਼ਾਂ ਦੀ ਸੇਵਾ ‘ਤੇ ਕੋਈ ਨਕਾਰਾਤਮਕ ਪ੍ਰਭਾਵ ਨਾ ਪਵੇ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



