(ਸਮਾਜ ਵੀਕਲੀ)
ਅੱਜ ਦੇ ਇਸ ਆਧੁਨਿਕ ਯੁੱਗ ਦੌਰਾਨ ਸਾਡੇ ਸਮਾਜ ਨੇ ਸਿੱਖਿਆ ਅਤੇ ਵਿਗਿਆਨ ਦੇ ਖੇਤਰ ਵਿੱਚ ਭਾਵੇ ਵਧੇਰੇ ਤਰੱਕੀ ਕਰ ਲਈ ਹੈ ਅਤੇ ਧਰਤੀ ਤੋਂ ਚੰਨ ਤੱਕ ਦੀ ਦੂਰੀ ਕੁਝ ਪਲਾਂ ਵਿੱਚ ਹੀ ਤੈਅ ਕਰ ਲਈ ਹੋਵੇ ਉੱਥੇ ਅੱਜ ਵੀ ਇੰਨਾ ਵਿਗਿਆਨਕ ਦ੍ਰਿਸ਼ਟੀਕੋਣ ਹੋਣ ਦੇ ਬਾਵਜੂਦ ਸਾਡੇ ਸਮਾਜ ਅੰਦਰ ਕੁਝ ਪੜ੍ਹੇ ਲਿਖੇ ਅਨਪੜ੍ਹ ਲੋਕ ਘਟੀਆ ਮਾਨਸਿਕਤਾ ਵਾਲੇ ਵਿਅਕਤੀ ਅੱਜ ਦੇ ਇਸ ਵਿਗਿਆਨਕ ਯੁੱਗ ਵਿੱਚ ਲਿੰਗ ਅਧਾਰ ਉੱਪਰ ਵਿਤਕਰਾ ਕਰਦੇ ਹੋਏ ਆਮ ਵੇਖੇ ਜਾ ਸਕਦੇ ਹਨ ਉਹ ਅੱਜ ਵੀ ਮੁੰਡੇ ਕੁੜੀਆਂ ਵਿੱਚ ਫ਼ਰਕ ਸਮਝਦੇ ਹਨ ਭਾਵੇਂ ਹਰ ਖੇਤਰ ਅਤੇ ਵਰਗ ਵਿੱਚ ਲੜਕੀਆਂ ਨੇ ਬਾਜੀ ਮਾਰੀ ਪਰੰਤੂ ਫਿਰ ਵੀ ਉਹ ਘਟੀਆ ਸੋਚ ਦੇ ਮਾਲਿਕ ਆਪਣੀ ਸੋਚ ਬਦਲਣ ਲਈ ਤਿਆਰ ਨਹੀਂ ਜਿਸ ਕਾਰਨ ਬਿਨਾਂ ਕਿਸੇ ਵਜ੍ਹਾ ਤੋਂ ਕਿੰਨੀਆਂ ਹੀ ਧੀਆਂ ਜੋ ਕਿ ਇਸ ਲਿੰਗ ਵਿਤਕਰੇ ਦਾ ਸ਼ਿਕਾਰ ਹੁੰਦੀਆਂ ਰਹਿੰਦੀਆਂ ਹਨ ਅਤੇ ਉਹ ਆਪਣੀ ਧੀ ਨੂੰ ਬਚਾਉਣ ਲਈ ਹਰ ਸੰਭਵ ਕੋਸ਼ਿਸ ਕਰਦੀਆਂ ਹਨ ਪਰੰਤੂ ਮੁੰਡੇ ਨੂੰ ਪਾਉਣ ਦੀ ਆੜ ਵਿੱਚ ਕਿੰਨ੍ਹੀਆਂ ਧੀਆਂ ਨੂੰ ਬਲੀ ਚੜ੍ਹਾ ਦਿੱਤਾ ਜਾਂਦਾ ਹੈ ਜੋ ਕਿ ਸਾਡੀ ਸਮਾਜ ਵਿੱਚ ਕੁਝ ਘਟੀਆ ਅਤੇ ਗਿਰੀ ਹੋਈ ਸੋਚ ਦੇ ਲੋਕਾਂ ਦੀ ਗੰਦੀ ਮਾਨਸਿਕਤਾ ਨੂੰ ਉਜਾਗਰ ਕਰਦੀ ਹੈ ਉਹ ਭਾਵੇਂ ਅਨਪੜ੍ਹ ਹੋਣ ਜਾ ਪੜ੍ਹੇ ਲਿਖੇ, ਪਰ ਉਹ ਅਨਪੜ੍ਹ ਦੇ ਬਰਾਬਰ ਉਸ ਸਮੇਂ ਉਹਨਾਂ ਨੂੰ ਹੋਰ ਕੁਝ ਵਿਖਾਈ ਹੀ ਨਹੀ ਦਿੰਦਾ ਅਤੇ ਉਹਨਾ ਦੀਆਂ ਡਿਗਰੀਆਂ ਜੋ ਕਿ ਮਹਿਜ ਇੱਕ ਕਾਗਜ ਦਾ ਟੁੱਕੜਾ ਜਾਪਦੀਆਂ ਹਨ।
ਆਪਣੀਆਂ ਰਚਨਾਵਾਂ ਅਤੇ ਆਪਣੀਆਂ ਹੱਥ ਲਿਖਤਾ ਵਿੱਚ ਧੀਆਂ ਦਾ ਸਤਿਕਾਰ ਕਰਨਾ ਫੋਕਟ ਦਾ ਵਿਖਾਵਾ ਜਾਪਦਾ ਹੈ। ਜਦੋਂ ਉਹਨਾਂ ਉੱਪਰ ਆਣ ਪੈਂਦੀ ਹੈ ਅਤੇ ਉਹ ਉਸ ਸਮੇਂ ਧੀਆਂ ਨੂੰ ਜਨਮ ਦੇਣ ਤੋਂ ਹੀ ਮੁਨੱਕਰ ਹੋ ਜਾਂਦੇ ਹਨ ਅਤੇ ਉਸ ਸਮੇਂ ਕੁੱਝ ਹੋਰ ਹੀ ਮਹੋਲ ਵੇਖਣ ਨੂੰ ਮਿਲਦਾ ਹੈ। ਧੀਆਂ ਦੀ ਸ਼ਾਨ ਵਿੱਚ ਉੱਚੀ-ਉੱਚੀ ਰੋਲਾ ਪਾਉਣ ਵਾਲੇ ਲੋਕ ਜਦੋਂ ਆਪਣੇ ਤੇ ਆਣ ਪੈਂਦੀ ਹੈ ਤਾਂ ਉਸ ਸਮੇਂ ਖੁਦ ਉਸਨੂੰ ਖਤਮ ਕਰਨ ਲਈ ਅੱਡੀ ਚੋਟੀ ਦਾ ਜੋਰ ਲਾਉਂਦੇ ਵਿਖਾਈ ਦਿੰਦੇ ਹਨ ਭਾਵ ਕਹਿਣੀ ਤੇ ਕਰਨੀ ਵਿੱਚ ਫ਼ਰਕ ਹੁੰਦਾ ਹੈ ਜਿਸਦਾ ਸਮਾਜ ਅਤੇ ਸਮਾਜ ਦੇ ਲੋਕਾਂ ਉੱਪਰ ਬਹੁਤ ਭੈੜਾ ਅਸਰ ਪੈਂਦਾ ਹੈ ਕਿਓਕਿ ਧੀ ਇੱਕ ਅਜਿਹੀ ਦਾਤ ਹੈ ਜੋ ਕਿ ਕਿਸਮਤ ਅਤੇ ਤਕਦੀਰ ਵਾਲੇ ਵਿਅਕਤੀ ਨੂੰ ਹੀ ਮਿਲਦੀ ਹੈ ਕਿਉਕਿ ਇਹ ਧੀ ਜੋ ਕਿ ਇੱਕ ਭੈਣ, ਪਤਨੀ, ਮਾਂ ਵਰਗੇ ਕਿੰਨ੍ਹੇ ਹੀ ਖੂਬਸੂਰਤ ਰਿਸ਼ਤੇ ਬਾਖੂਬੀ ਸੋਹਣੇ ਢੰਗ ਨਾਲ ਨਿਭਾਉਂਦੀਆਂ ਹਨ ਜਿਸ, ਕਰਕੇ ਰਿਸ਼ਤਿਆਂ ਦੀ ਸਾਂਝ ਬਣੀ ਰਹਿੰਦੀ ਹੈ ਅਤੇ ਇਹ ਧੀ ਹੀ ਹੁੰਦੀ ਹੈ।
ਜਿਹੜੀ ਘਰ ਵਿੱਚ ਚਾਰ-ਚੰਨ ਲਗਾ ਦਿੰਦੀ ਹੈ ਅਤੇ ਘਰ ਦੇ ਹਰ ਕੋਨੇ ਮਹਿਕਣ ਲੱਗ ਪੈਂਦੇ ਹਨ ਅਤੇ ਸੁਹਾਗ ਘੋੜੀਆਂ ਗਾਏ ਜਾਂਦੇ ਹਨ ਅਤੇ ਘਰ ਨੂੰ ਇੱਕ ਅਸਲ ਮਾਇਨੇ ਵਿੱਚ ਘਰ ਬਨਾਉਣ ਵਿੱਚ ਇੱਕ ਧੀ ਹੀ ਹੁੰਦੀ ਹੈ ਜੋ ਕਿ ਸਾਰੇ ਪਰਿਵਾਰ ਦੇ ਜੀਆਂ ਨੂੰ ਜੋੜ ਕੇ ਰੱਖਦੀ ਹੈ। ਜਿਸ ਘਰ ਵਿੱਚ ਧੀ ਨਹੀਂ ਹੁੰਦੀ ਹੈ ਉਸ ਜਗ੍ਹਾ ਵਿੱਚ ਬਰਕਤ ਅਤੇ ਖੁਸੀਆਂ ਬਹੁਤੇ ਲੰਬੇ ਸਮੇਂ ਨਹੀਂ ਟਿਕਦੀਆਂ ਹਰ ਇੱਕ ਧੀ ਆਪਣੇ ਕਰਮ ਨਾਲ ਲਿਖਾ ਕੇ ਲਿਆਉਂਦੀ ਹੈ ਅਤੇ ਉਹ ਕਦੇ ਵੀ ਕਿਸੇ ਤਰ੍ਹਾਂ ਦਾ ਬੋਝ ਨਹੀਂ ਬਣਦੀ। ਸਾਰੀ ਉਮਰ ਆਪਣੇ ਮਾਂ-ਪਿਓ ਦਾ ਸੁੱਖ ਲੋਚਦੀ ਹੈ ਅਤੇ ਭਰਾਵਾਂ ਦੀ ਲੰਬੀ ਉਮਰ ਲਈ ਅਰਦਾਸ ਕਰਦੀ ਹੈ। ਹਰ ਸਮੇਂ ਆਪਣੇ ਪਤੀ ਅਤੇ ਸਹੁਰੇ ਪਰਿਵਾਰ ਦੀ ਸੇਵਾ ਵਿੱਚ ਦਿਨ-ਰਾਤ ਲੱਗੀ ਰਹਿੰਦੀ ਹੈ ਅਤੇ ਵੰਸ ਨੂੰ ਅੱਗੇ ਵਧਾਉਂਦੀ ਹੈ। ਇੰਨ੍ਹਾ ਕੁੱਝ ਕਰਨ ਦੇ ਬਾਵਜੂਦ ਵੀ ਧੀਆਂ ਨੂੰ ਹਮੇਸਾ ਦੁਰਕਾਰਿਆਂ ਜਾਂਦਾ ਹੈ ਜਦੋਂ ਕਿ ਪੁੱਤ ਮਾਂ-ਪਿਓ ਨੂੰ ਬਾਂਹ ਫ਼ੜਕੇ ਘਰੋ ਬਾਹਰ ਕਰ ਦਿੰਦੇ ਹਨ ਉਸ ਸਮੇਂ ਧੀਆਂ ਹੀ ਉਹਨਾਂ ਦਾ ਆਖਰੀ ਸਮੇਂ ਸਹਾਰਾ ਬਣਦੀਆਂ ਹਨ।
ਧੀਆਂ ਕਦੇ ਵੀ ਮੂੰਹੋ ਕੁਝ ਵੀ ਨਹੀਂ ਮੰਗਦੀਆਂ ਹਮੇਸ਼ਾ ਸਭ ਦੀ ਸੁੱਖ ਮੰਗਦੀਆਂ ਹਨ। ਧੀ ਜੋ ਕਿ ਇੱਕ (ਜਨਣੀ) ਭਾਵ ਜਨਮ ਦੇਣ ਵਾਲੀ ਮਾਂ ਦੇ ਰੂਪ ਵਿੱਚ ਸੰਤਾ, ਮਹਾਂਪੁਰਸਾ ਨੂੰ ਜਨਮ ਦਿੰਦੀਆਂ ਆਈਆਂ ਹਨ ਪਰੰਤੂ ਫਿਰ ਵੀ ਕੁਝ ਨਾ-ਸੁਕਰੇ ਲੋਕ ਉਹਨਾਂ ਨੂੰ ਹਰ ਸਮੇਂ ਭੰਡਦੇ ਰਹਿੰਦੇ ਹਨ। ਉਹ ਭਾਵੇਂ ਉਸਦੇ ਪਤੀ ਦੇ ਰੂਪ ਵਿੱਚ ਹੋਣ ਜਾਂ ਫਿਰ ਕਈ ਹੋਰ ਰਿਸ਼ਤਿਆਂ ਦੇ ਰੂਪ ਵਿੱਚ ਹਮੇਸ਼ਾ ਧੀਆਂ ਨੂੰ ਨਿੰਦਦੇ ਰਹਿੰਦੇ ਹਨ ਅਤੇ ਇੱਕ ਧੀ ਦੀ ਮਾਂ ਹੋਣ ਕਾਰਨ ਹਰ ਸਮੇਂ ਉਸਦਾ ਸੋਸ਼ਣ ਕਰਦੇ ਰਹਿੰਦੇ ਹਨ ਜੋ ਕਿ ਉਹ ਉਸ ਸਮੇਂ ਆਪਣੀ ਜਨਮ ਦੇਣ ਵਾਲੀ ਮਾਂ ਦੀ ਕੁੱਖ ਨੂੰ ਕੁਲੰਕਿਤ ਕਰ ਰਹੇ ਹੁੰਦੇ ਹਨ ਕਿਉਂਕਿ ਉਸ ਸਮੇਂ ਉਹ ਭੁੱਲ ਜਾਂਦੇ ਹਨ ਕਿ ਉਹਨਾਂ ਨੂੰ ਵੀ ਇੱਕ ਔਰਤ ਜਾਂ ਇੱਕ ਧੀ ਨੇ ਹੀ ਜਨਮ ਦਿੱਤਾ ਸੀ। ਇਸ ਪ੍ਰਕਾਰ ਡਾ. ਜਗਤਾਰ ਸਿੰਘ ਧੀਆਂ ਦੇ ਸਬੰਧ ਵਿੱਚ ਬਹੁਤ ਸੋਹਣਾ ਲਿਖਦੇ ਹਨ :-
ਧੀਆਂ ਨੇ ਸਿੰਗਾਰ ਘਰਾਂ ਦਾ
ਸੱਚ ਪੁੱਛੋ ਸਤਿਕਾਰ ਘਰਾ ਦਾ
ਧੀਆਂ ਹੁੰਦੀਆਂ ਧਿਰ ਮਾਪਿਆਂ ਦੀ
ਧੀਆਂ ਨਾਲ ਸਰਦਾਰੀ
ਧੀਆਂ ਵਾਜ ਨਾ ਵਧੇ ਸਕੀਰੀ
ਹਰ ਘਰ ਦੀ ਰੀਝ ਰਹੇ ਅਧੂਰੀ
ਧੀ ਹੁੰਦੀ ਏ ਧਿਰ ਰਸਮਾਂ ਦੀ
ਧੀਆਂ ਬਿਨ ਹਰ ਰਸਮ ਅਧੂਰੀ
ਧੀਆਂ ਹੀ ਤਾਂ ਪਤਨੀਆਂ ਬਣਦੀਆਂ
ਅਤੇ ਧੀਆਂ ਹੀ ਬਣਦੀਆਂ ਮਾਂਵਾਂ
ਮਾਂਵਾਂ ਠੰਡੀਆਂ ਛਾਵਾਂ ਤੋਂ ਮੈਂ
ਲੱਖ ਵਾਰੀ ਬਲਿਹਾਰੇ ਜਾਵਾਂ
ਇੱਕਠੀਆਂ ਵਿੱਚ ਤ੍ਰਿੰਝਣਾ ਬਹਿ ਕੇ
ਚਰਖੇ ਕੀਨ੍ਹੇ ਘੁਮਾਉਣੇ ਸੀ
ਗੀਤ ਘੋੜੀਆਂ ਕਿੱਕਲੀਆਂ ਗਿੱਧੇ
ਵਿੱਚ ਸ਼ਗਨਾ ਦੇ ਕੀਨ੍ਹੇ ਪਾਉਣੇ ਸੀ
ਧੀ ਸਮਝਦੀ ਦੁੱਖ ਮਾਪਿਆਂ ਦਾ
ਪੁੱਤ ਨੇ ਰਾਹੀ ਪਾ ਦਿੰਦੇ
ਧੀ ਨਾ ਮੰਗੇ ਕੁਝ ਵੀ ਬੋਲ ਕੇ
ਪੁੱਤ ਨੇ ਘਰ ਵਿਕਵਾ ਦਿੰਦੇ
ਧੀ ਪੁੱਤ ਦੇ ਵਿੱਚ ਫ਼ਰਕ ਨਾ ਸਮਝੋ
ਇੱਕੋ ਮਾਂ ਦੀਆਂ ਕੁੱਖਾ
ਇਸ ਪ੍ਰਕਾਰ ਇਹਨਾਂ ਸਤਰਾਂ ਵਿੱਚ ਇੱਕ ਧੀ ਦੇ ਵਜੂਦ ਬਾਰੇ ਉਹ ਸਭ ਕੁੱਝ ਪੜ੍ਹਨ ਨੂੰ ਮਿਲਦਾ ਹੈ ਜੋ ਕਿ ਉਸ ਦੀ ਮੋਜੂਦਗੀ ਅਤੇ ਨਾ-ਮੋਜੂਦਗੀ ਬਾਰੇ ਵਿਸ਼ੇਸ ਚਾਨਣਾ ਪਾਉਦੀ ਹੈ ਕਿ ਕਿਸ ਤਰ੍ਹਾਂ ਧੀ ਤੋਂ ਬਿਨ੍ਹਾ ਹਰ ਘਰ ਤੂੜੀ ਵਾਲਾ ਕੋਠਾ ਹੀ ਹੁੰਦਾ ਹੈ ਜਿਸ ਵਿੱਚ ਕੋਈ ਵੀ ਚੀਜ ਤਰਤੀਬ ਅਨੁਸਾਰ ਨਹੀਂ ਰੱਖੀ ਜਾਂਦੀ ਨਾ ਹੀ ਉੱਥੇ ਉੱਠਣ ਬੈਠਣ ਅਤੇ ਪਹਿਨਣ ਦੀ ਜਾਂਚ ਆਉਂਦੀ ਹੈ ਘਰਾਂ ਦੀਆਂ ਰੋਣਕਾ ਧੀਆਂ ਹੀ ਹੁੰਦੀਆਂ ਹਨ ਇਹਨਾਂ ਦੇ ਚਲੇ ਜਾਣ ਨਾਲ ਘਰਾਂ ਦੀਆਂ ਰੋਣਕਾ ਹੀ ਚਲੀਆਂ ਜਾਂਦੀਆਂ ਹਨ ਇਸ ਕਰਕੇ ਸਾਨੂੰ ਕਦੇ ਵੀ ਧੀਆਂ ਨੂੰ ਪੁੱਤਾ ਨਾਲੋ ਘੱਟੋ ਨਹੀਂ ਸਮਝਣਾ ਚਾਹੀਦਾ ਜੇ ਪੁੱਤ ਘਰ ਦੇ ਦੀਵੇ ਤਾਂ ਧੀਆਂ ਮੋਮਬੱਤੀਆਂ ਹਨ ਧੀਆਂ ਨਾਲ ਘਰ ਸੋਹਣਾ ਹੀ ਨਹੀ ਮਰਯਾਦਾ ਚ ਵੀ ਰਹਿਣਾ ਸਿਖਾ ਦਿੰਦਾ ਹੈ ਇਸ ਪ੍ਰਕਾਰ ਜੱਗ ਜਨਣੀ ਇੱਕ ਧੀ, ਮਾਂ ਦੇ ਰੂਪ ਵਿੱਚ ਹਮੇਸ਼ਾ ਹੀ ਇੰਨ੍ਹਾ ਦਾ ਸਤਿਕਾਰ ਕਰਦੇ ਰਹਿਣਾ ਚਾਹੀਦਾ ਹੈ।
ਅੱਜ ਭਾਵੇਂ ਮੁੰਡੇ ਦੇ ਜਨਮ ਉੱਪਰ ਹੀ ਗੁੜ ਵੰਡਿਆ ਜਾਂਦਾ ਹੈ ਉੱਥੇ ਕਿੱਤੇ ਨਾ ਕਿੱਤੇ ਹੋਲੀ-ਹੋਲੀ ਲੜਕੀਆਂ ਨੂੰ ਵੀ ਬਰਾਬਰ ਸਨਮਾਨ ਦਿਵਾਉਣਾ ਵਧੇਰਾ ਜਰੂਰੀ ਹੈ ਤੇ ਲੋੜ ਹੈ ਸਮਝਣ ਦੀ ਇਸ ਵਿਤਕਰੇ ਨੂੰ ਜੜ੍ਹੋ ਪੁੱਟਕੇ ਸੁੱਟਣ ਦੀ ਜਿਸ ਦੋਰਾਨ ਸੋਸ਼ਲ ਮੀਡੀਆ ਅਤੇ ਤਕਨੌਲਜੀ ਦੇ ਜਰੀਏ ਪਹਿਲਾ ਨਾਲੋ ਵਧੇਰੇ ਲੋਕ ਲੜਕੀਆਂ ਦੇ ਜਨਮ ਉੱਪਰ ਕੇਕ ਕੱਟਣ ਅਤੇ ਖੁਸ਼ੀ ਨੂੰ ਸਾਂਝਾ ਕਰਕੇ ਹੋਰਨਾ ਲੋਕਾਂ ਵਿੱਚ ਆਪਣੀ ਇੱਕ ਵੱਖਰੀ ਸੋਚ ਵੱਖਰੀ ਉਦਾਹਰਣ ਕਾਇਮ ਕਰਦੇ ਨਜਰ ਆਉਂਦੇ ਹਨ ਜਿਸ ਵਿੱਚ ਉਹ ਆਪਣੀ ਧੀ ਨੂੰ ਪੁੱਤ ਨਾਲੋਂ ਵਧਕੇ ਪਿਆਰ ਕਰਦੇ ਅਤੇ ਘਰ ਵਿੱਚ ਆਉਣ ਉੱਤੇ ਕੋਠੇ ਚੜ੍ਹਕੇ ਢੋਲ ਵਜਾਇਆ ਜਾਂਦਾ ਹੈ ਕਿ ਸਾਡੇ ਘਰ ਲੱਛਮੀ ਦੇ ਰੂਪ ਵਿੱਚ ਤਕਦੀਰ ਨੇ ਜਨਮ ਲਿਆ ਅਤੇ ਪੂਰੇ ਪਿੰਡ ਵਿੱਚ ਖੁਸ਼ੀ ਦਾ ਮਾਹੋਲ ਵੇਖਣ ਨੂੰ ਮਿਲਦਾ ਹੈ।
ਇਸ ਪ੍ਰਕਾਰ ਲੋੜ ਹੈ ਸਮਝਣ ਦੀ ਕਿ ਧੀਆਂ-ਪੁੱਤਾ ਵਿੱਚ ਕੋਈ ਅੰਤਰ ਨਹੀਂ ਅਤੇ ਨਾ ਹੀ ਸਮਝਿਆ ਜਾਵੇ ਕਿਉਕਿ ਜੇਕਰ ਕਰਮਾਂ ਵਿੱਚ ਸੁੱਖ ਨਹੀਂ ਤਾਂ ਭਾਵੇਂ ਕਿੰਨ੍ਹੇ ਵੀ ਪੁੱਤ ਪੋਤਰੇ ਹੋਣ ਸਭ ਵਿਅਰਥ ਹੈ ਅਤੇ ਜੇਕਰ ਪ੍ਰਮਾਤਮਾ ਦੀ ਮੇਹਰ ਹੋਵੇ ਤਾਂ ਇੱਕ ਧੀ ਹੀ ਸੌ ਪੁੱਤਾ ਦੇ ਫ਼ਰਜ ਇੱਕਲੀ ਹੀ ਨਿਭਾ ਸਕਦੀ ਹੈ ਅਤੇ ਹਰ ਦੁੱਖ-ਸੁੱਖ ਵਿੱਚ ਸਹਾਈ ਹੁੰਦੀ ਹੈ ਅਤੇ ਕਦੇ ਵੀ ਮਾਂ-ਪਿਉ ਨੂੰ ਬੁਢਾਪੇ ਵਿੱਚ ਬੇ-ਸਹਾਰਾ ਨਹੀਂ ਹੋਣ ਦਿੰਦੀਆਂ ਹਮੇਸਾ ਮਾਂ-ਪਿਉ ਅਤੇ ਭਰਾਵਾਂ ਦੀ ਸੁੱਖ ਲੋਚਦੀਆਂ ਹਨ।
ਜਗਮੀਤ ਸਿੰਘ ਬਰੜਵਾਲ
96536-39891